ਅਪਰਾਧਸਿਆਸਤਖਬਰਾਂਦੁਨੀਆ

ਵਿਰੋਧੀ ਧਿਰ ਦੇ ਨੇਤਾ ਨੂੰ ਝੂਠੇ ਕੇਸ ’ਚ ਫਸਾਉਣ ਦੀ ਹੋ ਰਹੀ ਸਾਜ਼ਿਸ਼—ਮਰੀਅਮ

ਇਸਲਾਮਾਬਾਦ-ਇਮਰਾਨ ਸਰਕਾਰ ਵਿਰੁਧ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ-ਐੱਨ.) ਨੇ ਦੋਸ਼ ਲਗਾਇਆ ਕਿ ਸਰਕਾਰ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੂੰ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਰਾਹੀਂ ਜੇਲ੍ਹ ਭੇਜਣ ਦੀ ਫਿਰਾਕ ’ਚ ਹਨ। ਪੀ.ਐੱਮ.ਐੱਲ.-ਐੱਨ. ਦੀ ਸੂਚਨਾ ਸਕੱਤਰ ਮਰੀਅਮ ਔਰੰਗਜ਼ੇਬ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਐੱਫ.ਆਈ.ਏ. ਰਾਹੀਂ ਸ਼ਰੀਫ਼ ਨੂੰ ਝੂਠੇ ਦੋਸ਼ਾਂ ’ਚ ਫਸਾ ਕੇ ਜੇਲ੍ਹ ਭੇਜਣ ਦੀ ਇਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਅਯੋਗਤਾ ਦਾ ਪਰਦਾਫਾਸ਼ ਨਾ ਕਰ ਸਕਣ। ਮਰੀਅਮ ਨੇ ਕਿਹਾ, ‘‘ਸਾਲ 2018 ’ਚ ਇਮਰਾਨ ਖਾਨ ਨੂੰ ਦੇਸ਼ ’ਤੇ ਥੋਪੇ ਜਾਣ ਤੋਂ ਬਾਅਦ ਭ੍ਰਿਸ਼ਟ, ਜ਼ਾਲਮ ਅਤੇ ਅਯੋਗ ਸਰਕਾਰ ਨੇ ਪੀ.ਐੱਮ.ਐੱਲ.-ਐੱਨ. ਲੀਡਰਸ਼ਿਪ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ।
ਉਨ੍ਹਾਂ ਨੇ ਕਿਹਾ, ‘‘ਇਮਰਾਨ ਸਾਹਬ ਇਹ ਡਰਾਮਾ ਹੁਣ ਖ਼ਤਮ ਹੋ ਜਾਣਾ ਚਾਹੀਦਾ ਹੈ। ਜਦੋਂ ਐੱਨ.ਏ. ਬੀ.-ਨਿਆਜ਼ੀ ਗੱਠਜੋੜ ਫੇਲ੍ਹ ਹੋ ਗਿਆ ਹੈ, ਉਹੀ ਕੇਸ ਐੱਫ.ਆਈ.ਏ. ਵੱਲੋਂ ਦੁਬਾਰਾ ਖੋਲ੍ਹੇ ਜਾ ਰਹੇ ਹਨ। ਉਹੀ ਸਵਾਲ ਫਿਰ ਸਾਹਮਣੇ ਆਏ ਹਨ, ਜਿਨ੍ਹਾਂ ਦਾ ਜਵਾਬ ਸ਼ਰੀਫ਼ ਨੇ ਤਿੰਨ ਸਾਲ ਪਹਿਲਾਂ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਦੇ ਨਾਲ-ਨਾਲ ਐੱਨ.ਏ.ਬੀ. ਅਤੇ ਸਰਕਾਰ ਨੂੰ ਪਟੀਸ਼ਨ ਵਾਪਸ ਲੈਣ ਲਈ ਮਜਬੂਰ ਕੀਤਾ ਹੈ। ਇਕ ਪ੍ਰੈੱਸ ਕਾਨਫਰੰਸ ’ਚ ਪੀ.ਐੱਮ.ਐੱਲ.-ਐੱਨ. ਨੇ ਐਲਾਨ ਕੀਤਾ ਕਿ 2023 ਦੀਆਂ ਆਮ ਚੋਣਾਂ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

Comment here