ਇਸਲਾਮਾਬਾਦ-ਅੰਤਰਰਾਸ਼ਟਰੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਵਿਰੋਧੀ ਪਾਰਟੀ ਨੇ ਵਿਦੇਸ਼ੀ ਮਹਿਮਾਨਾਂ ਸਾਹਮਣੇ ਆਪਣੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਦੇਸ਼ ਤੇ ਉਸ ਦੇ ਰਾਜਨੀਤਕ ਦਲਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਡਾਅਨ ਅਖ਼ਬਾਰ ਦੀ ਬੀਤੇ ਸੋਮਵਾਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਸੂਚਨਾ ਸਕੱਤਰ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰ ਚੁੱਕੀ ਹੈ ਪਰ ਇੰਝ ਲੱਗਦਾ ਹੈ ਕਿ ਉਹ ‘ਸ਼ਰੀਫ ਪਰਿਵਾਰ ਦੇ ਡਰ’ ਦਾ ਸ਼ਿਕਾਰ ਰਹੀ ਹੈ ਕਿਉਂਕਿ ਉਹ ਆਪਣੀਆਂ ਉਪਲੱਬਧੀਆਂ ਦੀ ਤਾਰੀਫ਼ ਕਰਨ ਦੀ ਬਜਾਏ ਹਰ ਸਮੇਂ ਉਨ੍ਹਾਂ ਦੇ ਨਾਂ ਲੈਂਦੀ ਰਹਿੰਦੀ ਹੈ।
ਉਹ ਪ੍ਰਧਾਨ ਮੰਤਰੀ ਵਲੋਂ ਅਲ ਜਜੀਰਾ ਨੂੰ ਦਿੱਤੇ ਇੰਟਰਵਿਊ ਦਾ ਜ਼ਿਕਰ ਕਰ ਰਹੀ ਸੀ, ਜਿਥੇ ਖ਼ਾਨ ਨੇ ਇਕ ਵਾਰ ਮੁੜ ਪ੍ਰਭਾਵਸ਼ਾਲੀ ਭੁੱਟੋ ਤੇ ਸ਼ਰੀਫ ਪਰਿਵਾਰਾਂ ਦੇ ਆਪਣੇ ਰਾਜਨੀਤਕ ਆਗੂਆਂ ’ਤੇ ਨਿਸ਼ਾਨਾ ਵਿੰਨਿ੍ਹਆ ਸੀ ਤੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਨੂੰ ਵਧਾਉਣ ਤੇ ਦੇਸ਼ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਸੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਅਗੁਵਾ ਖ਼ਾਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀ. ਐੱਮ. ਐੱਲ.-ਐੱਨ. ਤੇ ਸਵਰਗੀ ਨੇਤਾ ਬੇਨਜ਼ੀਰ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਨਿੰਦਿਆ ਕੀਤੀ ਸੀ ਤੇ ਕਿਹਾ ਸੀ ਕਿ ਇਹ ਪਾਰਟੀਆਂ ਨਹੀਂ, ਸਗੋਂ ‘ਭ੍ਰਿਸ਼ਟਾਚਾਰ ਤੇ ਦੇਸ਼ ਦੀਆਂ ਮੌਜੂਦਾ ਸਮੱਸਿਆਵਾਂ ਲਈ ਜ਼ਿੰਮੇਵਾਰ ਵੰਸ਼’ ਹੈ।
Comment here