ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਵਿਧਾਇਕ ਰੰਧਾਵਾ ਦੇ ਪੀਏ ’ਤੇ ਰਿਸ਼ਵਤ ਮੰਗਣ ਦਾ ਲੱਗਾ ਦੋਸ਼

ਜ਼ੀਰਕਪੁਰ-ਪੰਜਾਬ ਵਿਚ ‘ਆਪ’ ਸਰਕਾਰ ਦੀ ਭ੍ਰਿਸ਼ਟਾਚਾਰ ਖਾਤਮੇ ਦੀ ਮੁਹਿੰਮ ਭਾਵੇਂ ਤੇਜ਼ ਹੈ, ਪਰ ਭ੍ਰਿਸ਼ਟਾਚਾਰੀ ਕਿੱਥੇ ਟਲਦੇ ਨੇ।ਹੁਣ ਡੇਰਾਬੱਸੀ ਦੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਉਨ੍ਹਾਂ ਦੀ ਹੀ ਪਾਰਟੀ ਦੇ ਵਰਕਰ ਵਿਕਰਮ ਧਵਨ ਨੇ ਲਾਇਆ ਹੈ। ਇਲਜ਼ਾਮ ਹੈ ਕਿ ਵਿਧਾਇਕ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਜ਼ੀਰਕਪੁਰ ਦੇ ਬਲਟਾਣਾ ਚੌਕੀ ਦੇ ਇੰਚਾਰਜ ਬਰਮਾ ਸਿੰਘ ਤੋਂ ਵਿਧਾਇਕ ਦੇ ਨਾਂ ‘ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ। ਹਾਲਾਂਕਿ ਹੁਣ ਬਲਟਾਣਾ ਚੌਕੀ ਦੇ ਇੰਚਾਰਜ ਬਰਮਾ ਸਿੰਘ ਨੂੰ ਜ਼ੀਰਕਪੁਰ ਥਾਣੇ ਦੇ ਇੰਚਾਰਜ ਤੋਂ ਬਦਲ ਕੇ ਉਨ੍ਹਾਂ ਦੀ ਥਾਂ ’ਤੇ ਬਲਟਾਣਾ ਚੌਕੀ ਦਾ ਇੰਚਾਰਜ ਮਨਦੀਪ ਸਿੰਘ ਨੂੰ ਦਿੱਤਾ ਗਿਆ ਹੈ।
ਵਿਕਰਮ ਧਵਨ ਨੇ ਇਸ ਸਬੰਧੀ ਵਿਧਾਇਕ ਰੰਧਾਵਾ ਅਤੇ ਉਨ੍ਹਾਂ ਦੇ ਪੀਏ ਨਿਤਿਨ ਲੂਥਰਾ iਖ਼ਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ (9501200200) ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਵਿਕਰਮ ਧਵਨ ਦੀ ਇਹ ਸ਼ਿਕਾਇਤ ਨੰਬਰ (2 ਐਮ.ਜੇ.ਐਮ. 29) ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ‘ਤੇ ਵੀ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਿੰਗਲਾ ਇਨ੍ਹੀਂ ਦਿਨੀਂ ਜ਼ਮਾਨਤ ‘ਤੇ ਬਾਹਰ ਹਨ।
ਸ਼ਿਕਾਇਤਕਰਤਾ ਵਿਕਰਮ ਧਵਨ ਬਲਟਾਣਾ ਦੇ ਵਾਰਡ ਨੰ-4 ਤੋਂ ਆਮ ਆਦਮੀ ਪਾਰਟੀ ਦਾ ਇੰਚਾਰਜ ਹੈ। ਵਿਕਰਮ ਨੇ ਦੱਸਿਆ ਕਿ ਜਦੋਂ ਬਰਮਾ ਸਿੰਘ ਬਲਟਾਣਾ ਚੌਕੀ ਦਾ ਇੰਚਾਰਜ ਸੀ ਤਾਂ ਉਸ ਦਾ ਇੱਕ ਕੇਸ ਥਾਣੇ ਵਿੱਚ ਵਿਚਾਰ ਅਧੀਨ ਸੀ। ਇਸ ਦੌਰਾਨ ਬਰਮਾ ਸਿੰਘ ਨੂੰ ਅਚਾਨਕ ਚੌਕੀ ਇੰਚਾਰਜ ਤੋਂ ਹਟਾ ਕੇ ਜ਼ੀਰਕਪੁਰ ਥਾਣੇ ਵਿੱਚ ਤਾਇਨਾਤ ਕਰ ਦਿੱਤਾ ਗਿਆ। ਇਸ ਸਬੰਧੀ ਵਿਕਰਮ ਧਵਨ ਨੇ ਬਰਮਾ ਸਿੰਘ ਨਾਲ ਫ਼ੋਨ ‘ਤੇ ਸੰਪਰਕ ਕਰਕੇ ਉਨ੍ਹਾਂ ਦੇ ਮਾਮਲੇ ਦੀ ਸਥਿਤੀ ਜਾਨਣ ਲਈ ਕਿਹਾ। ਵਿਕਰਮ ਅਨੁਸਾਰ ਜਦੋਂ ਇਸ ਸਬੰਧੀ ਚੌਕੀ ਇੰਚਾਰਜ ਬਰਮਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ, ਜਦੋਂ ਉਨ੍ਹਾਂ ਨੇ ਨਹੀਂ ਦਿੱਤਾ ਤਾਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਗੱਲਬਾਤ ਨੂੰ ਵਿਕਰਮ ਧਵਨ ਨੇ ਰਿਕਾਰਡ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ਐਂਟੀ ਕੁਰੱਪਸ਼ਨ ਨੰਬਰ ‘ਤੇ ਸ਼ਿਕਾਇਤ ਭੇਜੀ ਅਤੇ ਸਬੂਤ ਵਜੋਂ ਇਹ ਰਿਕਾਰਡਿੰਗ ਕੀਤੀ। ਵਿਕਰਮ ਧਵਨ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਇਲਜ਼ਾਮ ਨਾਲ ਸਬੰਧਤ ਹੋਰ ਦਸਤਾਵੇਜ਼ ਵੀ ਹਨ ਜੋ ਉਹ ਸਮਾਂ ਆਉਣ ‘ਤੇ ਦਿਖਾ ਦੇਣਗੇ।
ਇਸ ਸਬੰਧੀ ਜਦੋਂ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਕਰਮ ਧਵਨ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਉਹ ਪਹਿਲਾਂ ਵੀ ਅਜਿਹੀਆਂ ਬੇਬੁਨਿਆਦ ਸ਼ਿਕਾਇਤਾਂ ਮੁੱਖ ਮੰਤਰੀ ਵਿੰਡੋ ‘ਤੇ ਪਾਉਂਦਾ ਰਹਿੰਦਾ ਹੈ। ਉਹ ਸਾਡੀ ਪਾਰਟੀ ਦਾ ਵਰਕਰ ਹੈ, ਪਰ ਉਹ ਅਜਿਹੀਆਂ ਗੱਲਾਂ ਕਰਦਾ ਰਹਿੰਦਾ ਹੈ। ਜਿੱਥੋਂ ਤੱਕ ਦੋਸ਼ਾਂ ਦਾ ਸਬੰਧ ਹੈ, ਇਹ ਸਰਾਸਰ ਝੂਠ ਹੈ। ਬਰਮਾ ਸਿੰਘ ਤੋਂ ਕਿਸੇ ਨੇ ਪੈਸੇ ਨਹੀਂ ਮੰਗੇ।
ਦੂਜੇ ਪਾਸੇ ਵਿਧਾਇਕ ਦੇ ਪੀਏ ਨਿਤਿਨ ਲੂਥਰਾ ਨੇ ਕਿਹਾ ਕਿ ਵਿਕਰਮ ਧਵਨ ਵੱਲੋਂ ਦਿੱਤੀ ਗਈ ਸ਼ਿਕਾਇਤ ਝੂਠੀ ਹੈ। ਜੇਕਰ ਉਸ ਨੇ ਇਹ ਸ਼ਿਕਾਇਤ ਦਿੱਤੀ ਹੈ ਅਤੇ ਉਸ ਕੋਲ ਕੋਈ ਸਬੂਤ ਹੈ ਤਾਂ ਉਹ ਦਿਖਾਉਣ। ਜੇਕਰ ਉਸ ਨੇ ਸ਼ਿਕਾਇਤ ਕੀਤੀ ਹੈ ਤਾਂ ਮੈਂ ਉਸ ਵਿਰੁੱਧ ਉੱਚ ਅਧਿਕਾਰੀ ਕੋਲ ਸ਼ਿਕਾਇਤ ਵੀ ਕਰਾਂਗਾ। ਕੋਈ ਵੀ ਕਿਸੇ ‘ਤੇ ਦੋਸ਼ ਲਗਾ ਸਕਦਾ ਹੈ। ਜੇਕਰ ਉਹ ਸ਼ਿਕਾਇਤ ਕਰਦਾ ਹੈ ਤਾਂ ਉਹ ਆਪਣਾ ਮਾਨਸਿਕ ਸੰਤੁਲਨ ਠੀਕ ਨਾ ਹੋਣ ਦਾ ਬਹਾਨਾ ਬਣਾਉਂਦਾ ਹੈ।

Comment here