ਅਪਰਾਧਸਿਆਸਤਖਬਰਾਂ

ਵਿਧਾਇਕ ਅਮਿਤ ਰਤਨ ਨੂੰ 27 ਫਰਵਰੀ ਤੱਕ ਰਿਮਾਂਡ ਉਤੇ ਭੇਜਿਆ

ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਅਦਾਲਤ ਨੇ 27 ਫਰਵਰੀ ਤੱਕ ਰਿਮਾਂਡ ਉਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਵਿਜੀਲੈਂਸ ਨੇ ਜਾਂਚ ਤੋਂ ਬਾਅਦ ਬੀਤੀ ਦੇਰ ਰਾਤ ਵਿਧਾਇਕ ਨੂੰ ਗਿ੍ਫ਼ਤਾਰ ‌ਕਰ ਲਿਆ ਗਿਆ ਸੀ। ਵਿਧਾਇਕ ਦੇ ਪੀਏ ਨੂੰ ਪੰਜਾਬ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿਚ ਚਾਰ ਲੱਖ ਸਮੇਤ ਗਿ੍ਫ਼ਤਾਰ ਕਰ ਲਿਆ ਸੀ। ਗ੍ਰਿਫਤਾਰੀ ਤੋਂ ਬਾਅਦ ਅੱਜ ਵਿਧਾਇਕ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਮਿਤ ਰਤਨ ਨੂੰ 27 ਫਰਵਰੀ ਤੱਕ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ।
ਉਧਰ, ਇਸ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰਕੇ ਆਖਿਆ ਹੈ ਕਿ ਰਿਸ਼ਵਤਖ਼ੋਰੀ ਭਾਵੇਂ ਕਿਸੇ ਨੇ ਵੀ ਤੇ ਕਿਸੇ ਵੀ ਤਰੀਕੇ ਨਾਲ ਕੀਤੀ ਹੋਵੇ,ਕਾਨੁੂੰਨ ਸਭ ਲਈ ਬਰਾਬਰ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤ ਕਾਂਡ ਦੇ ਮਾਮਲੇ ਨੂੰ ਲੈ ਕੇ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਖਿਲਾਫ਼ ਕਾਰਵਾਈ ਲਈ ਹਰੀ ਝੰਡੀ ਦੇਣ ਪਿੱਛੋਂ ਗ੍ਰਿਫਤਾਰੀ ਹੋਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਰਿਸ਼ਵਤ ਕਾਂਡ ਨਾਲ ਸਬੰਧਤ ‘ਕਾਲ ਰਿਕਾਰਡ’ ਫੋਰੈਂਸਿਕ ਜਾਂਚ ਲਈ ਮੁਹਾਲੀ ਭੇਜਿਆ ਗਿਆ ਸੀ, ਜਿੱਥੋਂ ਕਾਲ ਵਿਚਲੀ ਆਵਾਜ਼ ਵਿਧਾਇਕ ਅਮਿਤ ਰਤਨ ਦੀ ਹੋਣ ਬਾਰੇ ਪੁਸ਼ਟੀ ਹੋ ਗਈ ਹੈ।
ਮੁੱਖ ਮੰਤਰੀ ਨੇ ਲੈਬ ਰਿਪੋਰਟ ਮਗਰੋਂ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਲੰਘੇ ਕੱਲ੍ਹ ਹੀ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਸਭ ਸਬੂਤ ਇਕੱਠੇ ਕਰਨ ਲਈ ਆਖ ਦਿੱਤਾ ਸੀ। ਵਿਜੀਲੈਂਸ ਵੱਲੋਂ ਵਿਧਾਇਕ ਦੇ ਜਮਾਤੀ ਦੋਸਤਾਂ ਦੀ ਤਿੱਕੜੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਵਿਜੀਲੈਂਸ ਅਧਿਕਾਰੀ ਅੰਦਰੋਂ ਅੰਦਰੀਂ ਵਿਧਾਇਕ ਦਾ ਰਿਕਾਰਡ ਵੀ ਛਾਣ ਰਹੇ ਹਨ ਤਾਂ ਜੋ ਵਿਧਾਇਕ ਦੇ ਦੋਸਤਾਂ ਦੀ ਤਿੱਕੜੀ ਦੀ ਆਪਸੀ ਤੰਦ ਨੂੰ ਜੋੜਿਆ ਜਾ ਸਕੇ। ਅਮਿਤ ਰਤਨ ਨੇ 2022 ਦੀਆਂ ਚੋਣਾਂ ਵਿਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਹੈ।

Comment here