ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਲੋਕਾਂ ਨੇ ਨਸ਼ੇ ਦੇ ਮੁੱਦੇ ’ਤੇ ਘੇਰਿਆ

ਤਲਵੰਡੀ ਸਾਬੋ-ਪੰਜਾਬ ਵਿਚ ‘ਆਪ’ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਮਨਾਂ ਵਿਚ ਸਰਕਾਰ ਪ੍ਰਤੀ ਰਵੱਈਆ ਬਦਲ ਰਿਹਾ ਹੈ। ਮ੍ਰਿਤਕ ਕੌਮੀ ਖਿਡਾਰੀ ਕੁਲਦੀਪ ਸਿੰਘ ਨੂੰ ਇਨਸਾਫ ਦਿਵਾਉਣ ਲਈ ਬੀਤੇ ਕੱਲ੍ਹ ਤੋਂ ਚੱਲ ਰਹੇ ਧਰਨੇ ਵਿੱਚ  ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੁੱਜੀ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੂੰ ਧਰਨੇ ‘ਚ ਮੌਜੂਦ ਲੋਕਾਂ ਨੇ ਖਰੀਆਂ-ਖਰੀਆਂ ਸੁਣਾਈਆਂ। ਲੋਕਾਂ ਨੇ ਕਿਹਾ ਕਿ ਬਦਲਾਅ ਦੇ ਨਾਂ ਤੇ ਉਨ੍ਹਾਂ ਨੇ ਵੋਟਾਂ ਪਾਈਆਂ ਪਰ ਹਾਲਾਤ ਇਹ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਵਿਧਾਇਕਾ ਵੱਲੋਂ ‘ਚਿੱਟੇ’ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ‘ਤੇ ਜਵਾਬ ਦਿੰਦਿਆਂ ਹਾਜ਼ਰ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਤਲਵੰਡੀ ਸਾਬੋ ਦੀ ਗਲ਼ੀ-ਗਲ਼ੀ ਚ ‘ਚਿੱਟਾ’ ਵਿਕ ਰਿਹੈ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਤੁਹਾਡੀ ਸਰਕਾਰ ਤਾਂ ਸਭ ਤੋਂ ਨਖਿੱਧ ਸਾਬਿਤ ਹੋ ਰਹੀ ਹੈ।
ਇਸ ਮੌਕੇ ਮ੍ਰਿਤਕ ਖਿਡਾਰੀ ਦੇ ਭਰਾ ਗੇਲਾ ਸਿੰਘ ਨੇ ਵਿਧਾਇਕਾ ਬਲਜਿੰਦਰ ਕੌਰ ਨੂੰ ਸਵਾਲ ਕੀਤਾ ਕਿ ਜਦੋਂ ਉਹ ਸ਼ਹਿਰ ਵਿੱਚ ਬੀਤੇ ਦਿਨ ਤੀਆਂ ਦੇ ਰੱਖੇ ਪ੍ਰੋਗਰਾਮ ਵਿੱਚ ਲੰਬਾਂ ਸਮਾਂ ਗੁਜ਼ਾਰ ਕੇ ਆਏ ਤਾਂ ਫਿਰ ਇੱਕ ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਮੌਤ ਦਾ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਉਹ ਚੰਦ ਮਿੰਟ ਕਿਉਂ ਨਹੀਂ ਕੱਢ ਸਕੇ ਜਦੋਂਕਿ ਮੌਤ ਹੋਈ ਨੂੰ ਤਕਰੀਬਨ ਹਫਤਾ ਹੋ ਗਿਐ ਤਾਂ ਵਿਧਾਇਕਾ ਕੋਲ ਸ਼ਾਇਦ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ। ਇਸ ਮੁੰਡੇ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ, ਤੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਨਸ਼ਾ ਦੇ ਕੇ ਕਤਲ ਕੀਤਾ ਗਿਆ ਹੈ, ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ।

Comment here