ਚੀਨ ’ਚ 20ਵੀਂ ਰਾਸ਼ਟਰੀ ਕਾਂਗਰਸ ਦੀ ਸਮਾਪਤੀ ਦੇ ਬਾਅਦ ਸ਼ੀ ਜਿਨਪਿੰਗ ਆਪਣੀ ਟੀਮ ਦੇ ਨਾਲ ਪਹਿਲਾਂ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਨੇਤਾ ਦੇ ਰੂਪ ’ਚ ਉਭਰੇ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਚੀਨੀ ਵਿਸ਼ੇਸ਼ਤਾ ਵਾਲੇ ਕਮਿਊਨਿਸਟ ਸ਼ਾਸਨ ਦੇ ਨਾਲ ਅੱਗੇ ਵਧੇਗਾ ਅਤੇ ਹਰ ਖੇਤਰ ’ਚ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ। ਚੀਨ ਦੇ ਆਉਣ ਵਾਲੇ ਸਾਲਾਂ ’ਚ ਹਰ ਖੇਤਰ ’ਚ ਆਧੁਨਿਕਤਾ ਦਾ ਸਮਾਵੇਸ਼ ਹੋਵੇਗਾ ਅਤੇ ਸਾਮਵਾਦ ਚੀਨ ’ਚ ਪੈਦਾ ਹੋਵੇਗਾ। ਹਾਲਾਂਕਿ ਸ਼ੀ ਜਿਨਪਿੰਗ ਨੇ ਚੀਨ ਨੂੰ ਸੁਨਹਿਰੇ ਸੁਪਨੇ ਦਿਖਾਉਣ ’ਚ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਰਾਸ਼ਟਰੀ ਕਾਂਗਰਸ ਦੀ ਸਮਾਪਤੀ ਦੇ ਅਗਲੇ ਹੀ ਦਿਨ ਚੀਨ ਦੇ ਸ਼ੇਅਰ ਬਾਜ਼ਾਰਾਂ ਨੇ ਮੂਧੇ ਮੂੰਹ ਧਰਤੀ ਦਾ ਰੁਖ ਕੀਤਾ।
ਸ਼ੀ ਜਿਨਪਿੰਗ ਦੇ ਮੰਤਰੀ ਮੰਡਲ ’ਚ ਫੇਰਬਦਲ ਕਰਨ ਨਾਲ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਚੀਨ ਤੋਂ ਉੱਠਣ ਲੱਗਾ ਹੈ ਅਤੇ ਉਹ ਆਪਣੇ ਪੈਸੇ ਕਢਵਾਉਣ ਲੱਗੇ। ਅਜਿਹੇ ’ਚ ਹਾਂਗਕਾਂਗ ਦਾ ਸ਼ੇਅਰ ਬਾਜ਼ਾਰ ਹੇਂਗਸ਼ੇਂਗ ਸਭ ਤੋਂ ਪਹਿਲਾਂ ਢਹਿ-ਢੇਰੀ ਹੋਇਆ, ਹੇਂਗਸ਼ੇਗ ਸ਼ੇਅਰ ਬਾਜ਼ਾਰ ’ਚ ਲਗਭਗ ਸਾਰੇ ਸ਼ੇਅਰ ਹੇਠਾਂ ਡਿੱਗਣ ਲੱਗੇ। ਇਨ੍ਹਾਂ ’ਚ ਸਭ ਤੋਂ ਵੱਧ ਨੁਕਸਾਨ ਚਾਈਨੀਜ਼ ਇੰਟਰਨੈੱਟ ਐਂਡ ਸਟਾਕ ਨੂੰ ਪੁੱਜਾ। ਓਧਰ ਚੀਨੀ ਤਕਨਾਲੋਜੀ ਬਾਹੂਬਲੀ ਕੰਪਨੀਆਂ ਜਿਨ੍ਹਾਂ ’ਚ ਅਲੀਬਾਬਾ ਅਤੇ ਟੇਨਸੈਂਟ ਸ਼ਾਮਲ ਹਨ, ’ਚ 11 ਫੀਸਦੀ ਦੀ ਗਿਰਾਵਟ ਦੇਖੀ, ਆਨਲਾਈਨ ਸਰਚ ਕੰਪਨੀ ਬਾਈਦੂ ਨੇ 12 ਫੀਸਦੀ, ਫੂਡ ਡਲਿਵਰੀ ਕੰਪਨੀ ਮੇਈਥਵਾਨ ਨੇ 14 ਫੀਸਦੀ,i ਮਊਜ਼ਿਕ ਸਟ੍ਰੀਮਰ ਟੇਨਸੈਂਟ ਮਿਊਜ਼ਿਕ ਕੰਪਨੀ, ਈ-ਕਾਮਰਸ ਸਰਚ ਇੰਜਣ ਪਿਨ ਦੁਓਦੁਓ, ਮੋਬਾਇਲ ਗੇਮ ਪਬਲਿਸ਼ਰ ਬਿਲੀਬਿਲੀ ਨੇ 13-17 ਫੀਸਦੀ ਦੀ ਗਿਰਾਵਟ ਦੇਖੀ ਤਾਂ ਓਧਰ ਹੀ ਆਨਲਾਈਨ ਐਜੂਕੇਸ਼ਨ ਕੰਪਨੀ ਨਿਊ ਓਰੀਐਂਟਲ ਨੇ 11 ਫੀਸਦੀ ਅਤੇ ਕਾਓਥੂ ਗਰੁੱਪ ਨੇ 11 ਫੀਸਦੀ ਗਿਰਾਵਟ ਦੇਖੀ।
ਸ਼ੇਅਰ ਬਾਜ਼ਾਰ ’ਚ ਬੈਟਰੀ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰ ਵੀ ਮੂਧੇ ਮੂੰਹ ਡਿੱਗੇ ਜਿਨ੍ਹਾਂ ’ਚ ਨਿਓ ਕਾਰ ਕੰਪਨੀ ਦੇ ਸ਼ੇਅਰ 11 ਫੀਸਦੀ, ਐਕਸਫੰਗ ਦੇ ਸ਼ੇਅਰ 10 ਤੋਂ 11 ਫੀਸਦੀ ਡਿੱਗੇ ਤਾਂ ਉੱਥੇ ਹੀ ਆਟੋ ਕੰਪਨੀ ਦੇ ਸ਼ੇਅਰ 10-11 ਫੀਸਦੀ ਤੱਕ ਡਿੱਗੇ। ਇਸ ਦੇ ਨਾਲ ਹੀ ਡਿੱਗੀ ਯੁਆਨ ਦੀ ਸਾਖ, ਕਰੰਸੀ ਐਕਸਚੇਂਜ ਦੇ ਬਾਜ਼ਾਰ ’ਚ ਅਮਰੀਕੀ ਡਾਲਰ ਦੀ ਤੁਲਨਾ ’ਚ ਚੀਨੀ ਯੁਆਨ 7.73 ਤੋਂ 7.89 ਤੱਕ ਜਾ ਡਿਗਿਆ। ਸ਼ੇਅਰ ਬਾਜ਼ਾਰ ਅਤੇ ਚੀਨੀ ਮੁਦਰਾ ਯੁਆਨ ਦੀ ਡਿੱਗਦੀ ਸਾਖ ਇਹ ਦੱਸਣ ਦੇ ਲਈ ਕਾਫੀ ਹੈ ਕਿ ਚੀਨ ਦੀ ਅਰਥਵਿਵਸਥਾ ਅਜੇ ਹੋਰ ਢਲਾਨ ’ਤੇ ਜਾਣ ਵਾਲੀ ਹੈ। ਸਾਲ 1994 ’ਚ ਗਿਰਾਵਟ ਦੇ ਬਾਅਦ ਇਹ ਯੁਆਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ। ਸਾਲ 2022 ’ਚ ਡਾਲਰ ਦੇ ਮੁਕਾਬਲੇ ਯੁਆਨ ਨੇ 15 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਸਾਲ 1994 ’ਚ ਚੀਨੀ ਸਰਕਾਰ ਨੇ ਯੁਆਨ ਨੂੰ ਬਚਾਈ ਰੱਖਣ ਲਈ ਉਸ ਦੀ ਕੀਮਤ ’ਚ 33 ਫੀਸਦੀ ਕਮੀ ਕਰ ਦਿੱਤੀ ਸੀ, ਜਿਸ ਨਾਲ ਯੁਆਨ ਨੂੰ ਹੋਰ ਡਿੱਗਣ ਤੋਂ ਬਚਾਇਆ ਜਾ ਸਕੇ। ਚੀਨ ਦੀ ਸਭ ਤੋਂ ਵੱਡੀ ਵਿੱਤੀ ਡਾਟਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਵੇਨ ਡਾਟਾ ਦੀ ਰਿਪੋਰਟ ਦੇ ਅਨੁਸਾਰ ਵਿਦੇਸ਼ੀ ਨਿਵੇਸ਼ਕ ਇਸ ਸਮੇਂ ਸ਼ੇਅਰ ਬਾਜ਼ਾਰ ’ਚੋਂ ਆਪਣਾ ਪੈਸਾ ਕਢਵਾਉਣ ਦੀ ਕਾਹਲੀ ’ਚ ਦਿਸ ਰਹੇ ਹਨ। 24 ਅਕਤੂਬਰ ਨੂੰ ਵਿਦੇਸ਼ੀ ਨਿਵੇਸ਼ਕਾਂ ਨੇ 17.9 ਅਰਬ ਯੁਆਨ ਭਾਵ ਲਗਭਗ ਢਾਈ ਅਰਬ ਅਮਰੀਕੀ ਡਾਲਰ ਚੀਨੀ ਸ਼ੇਅਰ ਬਾਜ਼ਾਰਾਂ ’ਚੋਂ ਕੱਢ ਲਏ। ਸਾਲ 2014 ਦੇ ਬਾਅਦ ਤੋਂ ਇਹ ਹੁਣ ਤੱਕ ਦੀ ਇਕ ਦਿਨ ’ਚ ਸਭ ਤੋਂ ਵੱਡੀ ਨਿਕਾਸੀ ਸੀ। ਅਜੇ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ ਚੀਨੀ ਸ਼ੇਅਰ ਬਾਜ਼ਾਰ ’ਚ 2.8 ਅਰਬ ਯੁਆਨ ਨਿਵੇਸ਼ ਕੀਤਾ ਸੀ।
ਇਸ ਤੋਂ ਪਹਿਲਾਂ ਇਨਵੈਸਟਮੈਂਟ ਕੰਸਲਟਿੰਗ ਗਰੁੱਪ ਹੇਨਲੇ ਐਂਡ ਪਾਰਟਨਰਜ਼ ਨੇ ਦੱਸਿਆ ਕਿ ਸਾਲ 2022 ’ਚ ਲਗਭਗ 10 ਹਜ਼ਾਰ ਅਮੀਰ ਚੀਨੀ ਜਿਨ੍ਹਾਂ ਦੇ ਕੋਲ 10 ਲੱਖ ਡਾਲਰ ਤੋਂ ਵੱਧ ਪੈਸੇ ਹਨ, ਉਹ ਚੀਨ ਛੱਡ ਕੇ ਪੱਛਮੀ ਦੇਸ਼ਾਂ ’ਚ ਵਸਣ ਜਾ ਰਹੇ ਹਨ, ਇਹ ਲੋਕ ਪ੍ਰਤੀ ਵਿਅਕਤੀ 48 ਲੱਖ ਡਾਲਰ ਚੀਨ ਤੋਂ ਬਾਹਰ ਲੈ ਜਾਣਗੇ। ਅਜਿਹੇ ’ਚ 48 ਅਰਬ ਡਾਲਰ ਸਾਲ 2022 ’ਚ ਚੀਨ ਤੋਂ ਬਾਹਰ ਚਲੇ ਜਾਣਗੇ। ਇਸ ਸਾਲ ਦੀ ਦੂਜੀ ਤਿਮਾਹੀ ’ਚ ਚੀਨੀ ਤਕਨੀਕੀ ਬਾਹੂਬਲੀ ਕੰਪਨੀ ਟੇਨਸੈਂਟ ਦੇ ਸ਼ੇਅਰਾਂ ’ਚੋਂ 7 ਅਰਬ ਡਾਲਰ ਦਾ ਨਿਵੇਸ਼ ਬਾਹਰ ਕੱਢਿਆ ਗਿਆ। ਜਾਪਾਨ ਦੇ ਸਾਫਟ ਬੈਂਕ ਨੇ ਅਲੀਬਾਬਾ ਦੇ ਸ਼ੇਅਰਾਂ ’ਚੋਂ ਆਪਣਾ ਪੈਸਾ ਕੱਢ ਲਿਆ ਹੈ। ਵਾਰੇਨ ਬਫੇ ਨੇ ਚੀਨੀ ਵਾਹਨ ਨਿਰਮਾਤਾ ਕੰਪਨੀ ਡੀ. ਵਾਈ. ਡੀ. ’ਚ ਆਪਣੇ ਨਿਵੇਸ਼ ’ਚ ਭਾਰੀ ਕਟੌਤੀ ਕੀਤੀ ਹੈ, ਉੱਥੇ ਹੀ 24 ਅਕਤੂਬਰ ਨੂੰ ਚੀਨ ਸਰਕਾਰ ਸੂਚਨਾ ਪ੍ਰੀਸ਼ਦ ਨੇ ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ’ਚ ਚੀਨ ਦੇ ਕੁਲ ਘਰੇਲੂ ਉਤਪਾਦ ਦੇ 3.9 ਫੀਸਦੀ ਦੀ ਦਰ ਨਾਲ ਅੱਗੇ ਵਧਣ ਦੇ ਅੰਕੜੇ ਪੇਸ਼ ਕੀਤੇ ਪਰ ਇਹ ਗੱਲ ਕੋਈ ਨਹੀਂ ਜਾਣਦਾ ਕਿ ਇਹ ਅੰਕੜੇ ਕਿੰਨੇ ਸਹੀ ਹਨ, ਓਧਰ ਦੂਜੇ ਪਾਸੇ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਇਹ ਅੰਕੜੇ ਓਨੇ ਆਕਰਸ਼ਕ ਨਹੀਂ ਹਨ ਕਿ ਉਹ ਚੀਨੀ ਬਾਜ਼ਾਰ ’ਚ ਪੈਸੇ ਨਿਵੇਸ਼ ਕਰਨ।
ਵਿਦੇਸ਼ਾਂ ’ਚ ਬੈਠੇ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ੀ ਜਿਨਪਿੰਗ ਦੀ ਤੀਜੀ ਵਾਰੀ ’ਚ ਚੀਨ ਦੀ ਅਰਥਵਿਵਸਥਾ ਦੇ ਹੋਰ ਮੱਠੇ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਦੇ ਪਿੱਛੇ ਚੀਨ ਦੀ ਕਮਿਊਨਿਸਟ ਸਰਕਾਰ ਦੀਆਂ ਆਰਥਿਕ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਓਧਰ ਦੂਜੇ ਪਾਸੇ ਚੀਨ ’ਚ ਕੋਵਿਡ ਮਹਾਮਾਰੀ ਦਾ ਡਰ ਅਜੇ ਵੀ ਫੈਲਿਆ ਹੋਇਆ ਹੈ। 24 ਅਕਤੂਬਰ ਨੂੰ ਦੱਖਣੀ ਚੀਨ ਦੇ ਸੂਚਾਓ ਸ਼ਹਿਰ ’ਚ ਨਵੇਂ ਕੋਵਿਡ ਮਾਮਲੇ ਆਉਣ ਦੇ ਬਾਅਦ ਪੂਰੇ ਸ਼ਹਿਰ ਨੂੰ ਕੋਵਿਡ ਜਾਂਚ ਕਰਵਾਉਣ ਦੇ ਲਈ ਸਰਕਾਰ ਨੇ ਹੁਕਮ ਜਾਰੀ ਕੀਤਾ, ਉੱਤਰ-ਪੱਛਮ ਸੂਬੇ ਸ਼ਿਨਜਿਆਂਗ ’ਚ ਵੀ ਕੋਵਿਡ ਮਹਾਮਾਰੀ ਦੇ ਕਾਰਨ ਲਾਕਡਾਊਨ ਦੀ ਸਥਿਤੀ ਬਣੀ ਹੋਈ ਹੈ। ਚੀਨ ਦਾ ਵਿਦੇਸ਼ੀ ਵਪਾਰ ਮੰਦਾ ਹੈ ਅਤੇ ਅਮਰੀਕਾ ਨਾਲ ਚੀਨ ਦੇ ਸਬੰਧ ਪਿਛਲੇ 4 ਦਹਾਕਿਆਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਹਨ। ਵਪਾਰ ਸੰਘਰਸ਼ ਦੇ ਇਲਾਵਾ ਤਾਈਵਾਨ ’ਤੇ ਵੀ ਚੀਨ ਅਤੇ ਅਮਰੀਕਾ ’ਚ ਤਲਵਾਰਾਂ ਖਿੱਚੀਆਂ ਹੋਈਆਂ ਹਨ। ਅਜਿਹੇ ’ਚ ਜੇਕਰ ਚੀਨ ਦੀ ਕਮਿਊਨਿਸਟ ਪਾਰਟੀ ਇਹ ਕਹਿੰਦੀ ਹੈ ਕਿ ਦੇਸ਼ ’ਚ ਆਰਥਿਕ ਮੋਰਚੇ ’ਤੇ ਸਭ ਕੁਝ ਸਹੀ ਰਸਤੇ ’ਤੇ ਜਾ ਰਿਹਾ ਹੈ ਤਾਂ ਇਹ ਖੁਦ ਨੂੰ ਭੁਲੇਖੇ ’ਚ ਰੱਖਣ ਵਾਲੀ ਸਥਿਤੀ ਹੋਵੇਗੀ। ਆਰਥਿਕ ਮਾਮਲਿਆਂ ਦੇ ਜਾਣਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਲੰਬੇ ਸਮੇਂ ਤੱਕ ਹਾਲਾਤ ਅਜਿਹੇ ਬਣੇ ਰਹੇ ਰਹੇ ਤਾਂ ਅਰਥਵਿਵਸਥਾ ਡੁੱਬਣ ਦੇ ਕੰਢੇ ’ਤੇ ਪਹੁੰਚ ਸਕਦੀ ਹੈ।
Comment here