ਪ੍ਰਵਾਸੀ ਮਸਲੇ

ਵਿਦੇਸ਼ਾਂ ਚ ਸੈਟਲ ਹੋਣ ਲਈ ਕੀਤੇ ਜਾ ਰਹੇ ਵਿਆਹਾਂ ਨੇ ਕੱਖੋਂ ਹੌਲੇ ਕੀਤੇ ਪੰਜਾਬੀ

ਸੋਨੇ ਦੀ ਚਿੜੀ ਤੇ ਰੰਗਲੇ ਪੰਜਾਬ ਦੇ ਨਾਂਅ ‘ਤੇ ਜਾਣਿਆ ਜਾਣ ਵਾਲਾ ਪੰਜਾਬ ਸੂਬਾ ਅੱਜ ਕੀ ਬਣ ਗਿਆ ਦੇਖ ਕੇ ਹਾਲਾਤ ਬੜੇ ਚਿੰਤਾਜਨਕ ਵਿਖਾਈ ਦਿੰਦੇ ਹਨ। ਸਮੇਂ-ਸਮੇਂ ‘ਤੇ ਚੁਣੀਆਂ ਜਾਣ ਵਾਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਚਾਉਣ ਦੇ ਨਾਂਅ ਉੱਤੇ ਜਿਹੜਾ ਲੋਕਾਂ ਨੂੰ ਮੁਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਤਰਸਾਇਆ ਪਿਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ, ਜਿਸ ਕਰਕੇ ਅੱਜ ਇੱਥੇ ਕੋਈ ਵੀ ਬਾਸ਼ਿੰਦਾ ਆਪਣੇ ਰੰਗਲੇ ਪੰਜਾਬ ਵਿਚ ਰਹਿ ਕੇ ਰਾਜ਼ੀ ਨਹੀਂ ਹੈ। ਜਿਸ ਕਿਸੇ ਵੀ ਵਿਅਕਤੀ ਨੂੰ ਇੱਥੋਂ ਨਿਕਲ ਕੇ ਕਿਤੇ ਹੋਰ ਜਾ ਕੇ ਵਸ ਜਾਣ ਦਾ ਮੌਕਾ ਮਿਲਦਾ ਹੈ, ਉਹ ਉਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦਾ। ਖ਼ਾਸਕਰ ਇੱਥੋਂ ਲੋਕ ਹਰ ਹੀਲਾ-ਵਸੀਲਾ ਕਰਕੇ ਵਿਦੇਸ਼ਾਂ ਨੂੰ ਜਾਣ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਇਸੇ ਕਰਕੇ ਅੱਜ ਵੱਡੀ ਪੱਧਰ ‘ਤੇ ਲੋਕ ਵਿਦੇਸ਼ ਜਾਣ ਦੇ ਚੱਕਰ ਵਿਚ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਵਿਅਕਤੀਆਂ ਕੋਲ ਕੁਝ ਥੋੜ੍ਹੀਆਂ ਬਹੁਤੀਆਂ ਜਾਇਦਾਦਾਂ ਹਨ, ਉਹ ਇਹ ਸੋਚਦੇ ਹਨ ਕਿ ‘ਅਸੀਂ ਤਾਂ ਔਖੇ-ਸੌਖੇ ਇੱਥੇ ਆਪਣੀ ਜੂਨ ਹੰਢਾ ਰਹੇ ਹਾਂ, ਪਰ ਸਾਡੇ ਬੱਚੇ ਚੰਗੀ ਥਾਂ ‘ਤੇ ਸੈੱਟ ਹੋ ਜਾਣ’। ਜਿਸ ਕਰਕੇ ਅੱਜ-ਕੱਲ੍ਹ ਲੜਕਾ-ਲੜਕੀ ਦਾ ਵਿਆਹ ਕਰਕੇ ਵਿਦੇਸ਼ ਭੇਜਣ ਦਾ ਰੁਝਾਨ ਬਹੁਤ ਤੇਜ਼ ਹੋਇਆ ਪਿਆ ਹੈ। ਜ਼ਿਆਦਾਤਰ ਇਹੀ ਵੇਖਣ ਵਿਚ ਆਉਂਦਾ ਹੈ ਕਿ ਕੁੜੀਆਂ ਆਈਲੈਟਸ ਕਰ ਲੈਂਦੀਆਂ ਹਨ ਤੇ ਉਸ ਦਾ ਕਿਸੇ ਲੜਕੇ ਨਾਲ ਵਿਆਹ ਤੈਅ ਕਰਕੇ ਲੜਕੇ ਵਾਲੇ ਵਿਆਹ ਕਰਨ ਤੋਂ ਇਲਾਵਾ ਕੁੜੀ ਨੂੰ ਵਿਦੇਸ਼ ਭੇਜਣ ਅਤੇ ਉੱਥੇ ਪੜ੍ਹਨ ਦਾ ਸਾਰਾ ਖ਼ਰਚਾ ਭਰਨ ਦੀ ਹਾਮੀ ਭਰਦੇ ਹਨ, ਜਿਸ ਤੋਂ ਬਾਅਦ ਗਿਣਤੀ ਦੇ ਵਿਆਹ ਤਾਂ ਜਿਸ ਤਰ੍ਹਾਂ ਗੱਲਬਾਤ ਹੋਈ ਹੁੰਦੀ ਹੈ, ਉਸੇ ਤਰ੍ਹਾਂ ਨੇਪਰੇ ਚੜ੍ਹ ਜਾਂਦੇ ਹਨ ਤੇ ਬਹੁਗਿਣਤੀ ਲੋਕ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਜਦੋਂ ਲੜਕੀਆਂ ਵਿਦੇਸ਼ੀ ਲਾੜੀਆਂ ਬਣ ਜਾਂਦੀਆਂ ਹਨ, ਤਾਂ ਉਹ ਆਪਣੀਆਂ ਫ਼ੀਸਾਂ ਆਦਿ ਭਰਵਾ ਕੇ ਇੱਧਰ ਭਾਰਤ ਵਿਚ ਰਹਿ ਰਹੇ ਆਪਣੇ ਪਤੀਆਂ ਨੂੰ ਕਈ ਵਾਰੀ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਤੋਂ ਬਾਅਦ ਲੜਕੇ ਵਾਲਿਆਂ ਦੇ ਸਿਵਾਏ ਨਿਰਾਸ਼ਾ ਤੋਂ ਕੁਝ ਪੱਲੇ ਨਹੀਂ ਪੈਂਦਾ। ਇਸ ਤਰ੍ਹਾਂ ਦੇ ਅਜੋਕੇ ਦੌਰ ਅੰਦਰ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਉਣੇ ਖੋਖਲੇ ਹੋਏ ਸਮਾਜ ਦੀ ਅਸਲੀਅਤ ਨੂੰ ਬਿਆਨਦੇ ਹਨ। ਹੁਣ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਤੋਂ ਇਕ ਸਾਹਮਣੇ ਆਇਆ ਮਾਮਲਾ ਅੱਜ ਪੂਰੀ ਦੁਨੀਆ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਸਲੇ ਵਿਚ ਲੜਕੀ ਵਿਆਹ ਕਰਵਾ ਕੇ ਵਿਦੇਸ਼ ਚਲੀ ਗਈ, ਜਿਸ ਤੋਂ ਬਾਅਦ ਲਵਪ੍ਰੀਤ ਨਾਂਅ ਦੇ ਲੜਕੇ ਨੇ ਖੁਦਕੁਸ਼ੀ ਕਰ ਲਈ। ਲੜਕੇ ਦੇ ਪਰਿਵਾਰ ਮੁਤਾਬਕ ਲੜਕੇ ਦੇ ਖੁਦਕੁਸ਼ੀ ਕਰਨ ਲਈ ਜ਼ਿੰਮੇਵਾਰ ਉਹ ਲੜਕੀ ਹੈ, ਜਿਸ ਨਾਲ ਉਸ ਦਾ ਵਿਆਹ ਹੋਇਆ ਸੀ, ਉਹ ਲੜਕੀ ਉਸ ਨੂੰ ਵਿਦੇਸ਼ ਬੁਲਾਉਣ ਲਈ ਹਾਂ ਪੱਖੀ ਰਵੱਈਆ ਨਹੀਂ ਅਪਣਾ ਰਹੀ ਸੀ, ਜਿਸ ਕਰਕੇ ਲੜਕੇ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਹੁਣ ਮਰਨ ਵਾਲੇ ਲੜਕੇ ਦਾ ਪਰਿਵਾਰ ਲੜਕੀ ‘ਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਇਨਸਾਫ਼ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਵੱਖਰਾ ਵਿਸ਼ਾ ਹੈ, ਪਰ ਮਾਪਿਆਂ ਦਾ ਇਕਲੌਤਾ ਪੁੱਤਰ ਤਾਂ ਇਸ ਦੁਨੀਆ ਤੋਂ ਚਲਾ ਗਿਆ ਹੈ। ਜਿਹੜਾ ਸਮਾਂ ਲਵਪ੍ਰੀਤ ਦੇ ਮਾਪਿਆਂ ‘ਤੇ ਬੀਤ ਰਿਹਾ ਹੈ ਉਸ ਦੀ ਪੀੜ੍ਹ ਤਾਂ ਸਿਰਫ਼ ਉਹੀ ਸਮਝ ਸਕਦੇ ਹਨ। ਇਹ ਦੁਖਦਾਈ ਘਟਨਾ ਘਟਣ ਤੋਂ ਬਾਅਦ ਹੋਰ ਵੀ ਠੱਗੀਆਂ ਦੇ ਸ਼ਿਕਾਰ ਹੋਏ ਲੜਕਿਆਂ ਦੇ ਅਣਗਣਿਤ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਜ਼ਿਆਦਾਤਰ ਮੁੰਡਿਆਂ ਵਲੋਂ ਵਿਦੇਸ਼ ਜਾ ਕੇ ਆਪਣੇ ਨਾਲ ਵਿਆਹੀਆਂ ਲੜਕੀਆਂ ਨੂੰ ਅਣਡਿੱਠ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਸਨ, ਪਰ ਅੱਜ ਆਈਲੈਟਸ ਦਾ ਦੌਰ ਹੋਣ ਕਰਕੇ ਕਹਾਣੀ ਉਲਟ ਹੋ ਗਈ ਹੈ।
ਅੱਜ ਸਭ ਤੋਂ ਵੱਡਾ ਗੰਭੀਰ ਮਸਲਾ ਇਹ ਹੈ ਕਿ ਅਜਿਹੇ ਮਸਲੇ ਉੱਭਰ ਕਿਉਂ ਰਹੇ ਹਨ? ਸਵਾਲ ਇਹ ਉੱਠਦਾ ਹੈ ਕਿ, ਕੀ ਸਾਡੀਆਂ ਸਰਕਾਰਾਂ ਵਿਚਲੇ ਲੀਡਰਾਂ ਨੇ ਆਪਣੇ ਨਿੱਜੀ ਹਿੱਤ ਪੂਰ ਕੇ ਲੋਕਾਂ ਨੂੰ ਇੱਥੋਂ ਭੱਜਣ ਅਤੇ ਠੱਗੀਆਂ ਦੇ ਸ਼ਿਕਾਰ ਹੋਣ ਵਾਸਤੇ ਮਜਬੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੀ ਸਾਡੇ ਲੋਕਾਂ ਵਿਚ ਲਾਲਚ ਏਨਾ ਪੈਦਾ ਹੋ ਗਿਆ ਕਿ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਠੱਗਣ ਲਈ ਤਿਆਰ ਬੈਠੇ ਹਨ? ਇਹ ਵਰਤਾਰਾ ਸਾਡੇ ਸਮਾਜ ਦਾ ਬੇੜਾ ਗਰਕ ਕਰ ਰਿਹਾ ਹੈ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਤੋਂ ਵਿਹੂਣੇ ਕਰਕੇ ਸਿਰਫ਼ ਪੈਸਿਆਂ ਤੱਕ ਸੀਮਤ ਕਰ ਦਿੱਤਾ ਹੈ। ਕੀ ਸਾਡੀ ਇੱਜ਼ਤ-ਅਣਖ ਦਾ ਕੋਈ ਮੁੱਲ ਨਹੀਂ? ਕੀ ਸਾਡੇ ਲੋਕਾਂ ਅੰਦਰ ਧਰਮ ਦਾ ਵੀ ਡਰ ਨਹੀਂ ਰਿਹਾ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਨੰਦ ਕਾਰਜ ਕਰਵਾਉਣ ਦੇ ਬਾਵਜੂਦ ਪਲਾਂ ‘ਚ ਰਿਸ਼ਤਾ ਤੋੜ ਦਿੱਤਾ ਜਾਂਦਾ ਹੈ ਜਾਂ ਨਾਟਕੀ ਤਰੀਕੇ ਨਾਲ ਸਭ ਕੁਝ ਕੀਤਾ ਜਾਂਦਾ ਹੈ। ਅੱਜ ਇਹ ਸੋਚਣ ਦੀ ਲੋੜ ਹੈ ਕਿ, ਕੀ ਅਸੀਂ ਆਪਣੀਆਂ ਦਿੱਤੀਆਂ ਜ਼ਬਾਨਾਂ ਤੇ ਕੀਤੇ ਵਾਅਦਿਆਂ ਦਾ ਕੋਈ ਮੁੱਲ ਨਹੀਂ ਸਮਝ ਰਹੇ? ਪੁਰਾਣੇ ਸਮਿਆਂ ਵਿਚ ਕੁੜੀ ਵਾਲੇ ਤੇ ਮੁੰਡੇ ਵਾਲੇ ਜਦੋਂ ਰਿਸ਼ਤਾ ਤੈਅ ਕਰਦੇ ਸਨ ਤਾਂ ਉਸ ਨੂੰ ਆਪਣੀ ਅਣਖ ਅਤੇ ਇੱਜ਼ਤ ਦਾ ਸਵਾਲ ਸਮਝਦੇ ਸਨ, ਜੋ ਅੱਜ ਇਕ ਸੌਦੇਬਾਜ਼ੀ ਵਿਚ ਤਬਦੀਲ ਹੋ ਕੇ ਰਹਿ ਗਿਆ ਹੈ। ਜਿਹੜੇ ਵਿਦੇਸ਼ੀ ਵਿਆਹਾਂ ਦੇ ਨਾਂਅ ‘ਤੇ ਠੱਗੀਆਂ ਦਾ ਦੌਰ ਚੱਲ ਰਿਹਾ ਹੈ, ਇਸ ਨੂੰ ਠੱਲ੍ਹ ਪਾਉਣਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਜੇਕਰ ਇਸੇ ਤਰ੍ਹਾਂ ਇਹ ਮਸਲੇ ਉੱਭਰਦੇ ਰਹੇ ਤਾਂ ਕੌਣ ਕਿਸੇ ‘ਤੇ ਕਿਵੇਂ ਵਿਸ਼ਵਾਸ ਕਰੇਗਾ? ਸਭ ਤੋਂ ਜ਼ਰੂਰੀ ਸਾਡੇ ਲੋਕਾਂ ਨੂੰ ਜਿਹੜੇ ਸੌਦੇਬਾਜ਼ੀ ਵਾਲੇ ਵਿਆਹ ਹੋ ਰਹੇ ਹਨ, ਉਨ੍ਹਾਂ ਨੂੰ ਰੋਕਣਾ ਪਵੇਗਾ। ਸਿਰਫ਼ ਵਿਦੇਸ਼ ਜਾਣ ਤੱਕ ਸੀਮਤ ਹੋ ਕੇ ਅਤੇ ਝੂਠ ਦੀ ਬੁਨਿਆਦ ‘ਤੇ ਕੀਤੇ ਜਾਂਦੇ ਰਿਸ਼ਤਿਆਂ ‘ਤੇ ਵੀ ਰੋਕ ਲਾਉਣੀ ਪਵੇਗੀ। ਅਸਲ ਕਹਾਣੀ ਸਮਝ ਕੇ ਤੇ ਸਾਰੀ ਅਸਲੀਅਤ ਸਾਹਮਣੇ ਬਿਆਨ ਕੇ ਮੁਹਤਬਰ ਵਿਅਕਤੀਆਂ ਅੱਗੇ ਸਾਰੀ ਪੁੱਛ ਪੜਤਾਲ ਕਰਕੇ ਹੀ ਰਿਸ਼ਤੇ ਤੈਅ ਕਰਨੇ ਚਾਹੀਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਸਮਾਜਿਕ ਕਦਰਾਂ-ਕੀਮਤਾਂ ਨੂੰ ਸਮਝਣਾ ਪਵੇਗਾ। ਇਹ ਵੀ ਨਹੀਂ ਕਿ ਸਾਰੇ ਰਿਸ਼ਤੇ ਟੁੱਟਦੇ ਹੀ ਹਨ ਪਰ ਬਹੁਗਿਣਤੀ ਰਿਸ਼ਤੇ ਟੁੱਟਣ ਕਰਕੇ ਸਾਰੇ ਹੀ ਲੋਕ ਸ਼ੱਕੀ ਜਾਪਣ ਲੱਗ ਜਾਂਦੇ ਹਨ। ਬਾਕੀ ਠੱਗੀਆਂ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਰਕਾਰਾਂ ਨੂੰ ਵੀ ਕਾਨੂੰਨ ਸਖ਼ਤ ਕਰਨੇ ਚਾਹੀਦੇ ਹਨ। ਲੋੜ ਅਨੁਸਾਰ ਨਵੇਂ ਕਾਨੂੰਨ ਵੀ ਬਣਾਉਣੇ ਚਾਹੀਦੇ ਹਨ, ਤਾਂ ਕਿ ਪੀੜਤ ਲੋਕਾਂ ਨੂੰ ਜਲਦੀ ਤੇ ਅਸਾਨੀ ਨਾਲ ਇਨਸਾਫ਼ ਮਿਲੇ ਅਤੇ ਠੱਗੀਆਂ ਦੇ ਵਧਦੇ ਮਾਮਲਿਆਂ ਨੂੰ ਵੀ ਠੱਲ੍ਹ ਪਾਈ ਜਾ ਸਕੇ।

-ਸੁਖਰਾਜ ਸਿੰਘ ਧਨੌਲਾ

Comment here