ਭਾਰਤ ਦੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ਵਿਚ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਇਹ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਹੁੰਦਾ ਆਇਆ ਹੈ ਪਰ ਹੁਣ ਗਿਣਤੀ ਵਧਣ ਨਾਲ ਚਿੰਤਾ ਹੋ ਰਹੀ ਹੈ ਕਿਉਂਕਿ ਇਸ ਨਾਲ ਸਾਡੇ ਦੇਸ਼ ਦੇ ਸੱਭ ਤੋਂ ਅਮੀਰ ਤੇ ਤੇਜ਼ ਦਿਮਾਗ਼ ਵਾਲੇ ਲੋਕ ਬਾਹਰ ਦਾ ਰਾਹ ਲੱਭ ਰਹੇ ਹਨ। ਪਿਛਲੇ 7 ਸਾਲਾਂ ’ਚ ਤਕਰੀਬਨ 10 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਤਿਆਗ ਦਿਤੀ ਹੈ। ਅੱਜ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਸੋਚਾਂ ਵਿਚ ਵਿਦੇਸ਼ ਰਹਿਣ ਦਾ ਸੁਪਨਾ ਜ਼ਰੂਰ ਅੰਗੜਾਈਆਂ ਲੈਣ ਲਗਦਾ ਹੈ। ਅਮਰੀਕਾ, ਇੰਗਲੈਂਡ, ਕੈਨੇਡਾ, ਯੂਰਪ ਸੱਭ ਤੋਂ ਬਿਹਤਰੀਨ ਮੰਨੇ ਜਾਂਦੇ ਹਨ। ਇਹ ਲੋਕ ਇਹ ਵੀ ਸਮਝਦੇ ਹਨ ਕਿ ਵਿਦੇਸ਼ ਵਿਚ ਜਾ ਕੇ ਇਹ ਬਾਹਰਲੇ ਹੀ ਅਖਵਾਣਗੇ ਪਰ ਫਿਰ ਵੀ ਉਹ ਵਿਦੇਸ਼ ਵਿਚ ਰਹਿਣਾ ਪਸੰਦ ਕਰਦੇ ਹਨ ਤੇ ਜਿਹੜੇ ਮਾਂ-ਬਾਪ ਵਿਦੇਸ਼ ਦੀ ਸਿਖਿਆ ਦਾ ਖ਼ਰਚਾ ਝੱਲ ਸਕਦੇ ਹਨ, ਉਹ ਭਾਰਤ ਵਿਚ ਕਿਸੇ ਉਦਯੋਗ ਵਿਚ ਪੈਸਾ ਲਾ ਕੇ ਉਦਯੋਗ ਸ਼ੁਰੂ ਕਰਨ ਦੀ ਬਜਾਏ ਅਪਣੇ ਜਿਗਰ ਦੇ ਟੁਕੜਿਆਂ ਨੂੰ ਬਾਹਰ ਭੇਜਣਾ ਚੁਣ ਰਹੇ ਹਨ। ਇਸ ਦੇ ਕਈ ਕਾਰਨ ਹਨ। ਵਿਦੇਸ਼ਾਂ ਵਿਚ ਸਹੁਲਤਾਂ ਵੱਧ ਹਨ ਤੇ ਕੰਮ ਕਰਨ ਵਿਚ ਆਸਾਨੀ ਹੈ। ਜਿਨ੍ਹਾਂ ਕੋਲ ਇਨ੍ਹਾਂ ਦੇਸ਼ਾਂ ਦਾ ਵੀਜ਼ਾ ਹੈ, ਉਹ ਵਿਦੇਸ਼ੀ ਨਾਗਰਿਕ ਬਣ ਜਾਂਦੇ ਹਨ ਤੇ ਆਰਾਮ ਨਾਲ ਕਿਸੇ ਵੀ ਦੇਸ਼ ਜਾ ਸਕਦੇ ਹਨ। ਪਰ ਸੱਭ ਤੋਂ ਮੱਹਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਇਨਸਾਨ ਦੇ ਕੰਮ ਦੀ ਕਦਰ ਜ਼ਰੂਰ ਪੈਂਦੀ ਹੈ। ਉਥੇ ਆਮ ਨਾਗਰਿਕ ਦੀ ਵੀ ਕਦਰ ਕੀਤੀ ਜਾਂਦੀ ਹੈ। ਅੱਜ ਤੁਸੀਂ ਕਿਸੇ ਸਰਕਾਰੀ ਹਸਪਤਾਲ ਵਿਚ ਅਪਣਾ ਇਲਾਜ ਕਰਵਾਉਣਾ ਹੋਵੇ, ਤੁਸੀਂ ਡਾਕਟਰ ਤੋਂ ਪਹਿਲਾਂ ਕੋਈ ਜਾਣ ਪਹਿਚਾਣ ਵਾਲਾ ਲੱਭੋਗੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਸਿਫ਼ਾਰਸ਼ ਤੋਂ ਬਿਨਾਂ ਤੁਹਾਡਾ ਕੰਮ ਨਹੀਂ ਹੋਣਾ। ਪੰਜਾਬ ਵਿਚ ਇਕ ਹੈਲਪਲਾਈਨ ਜਾਰੀ ਕੀਤੀ ਗਈ ਤਾਕਿ ਭ੍ਰਿਸ਼ਟਾਚਾਰ ’ਤੇ ਰੋਕ ਲਗਾਈ ਜਾ ਸਕੇ ਪਰ ਤੁਸੀਂ ਆਪ ਹੀ ਪੈਸੇ ਲੈਣ ਵਾਲਾ ਅਫ਼ਸਰ/ਕਰਮਚਾਰੀ ਲੱਭਣ ਲੱਗ ਜਾਉਗੇ ਕਿਉਂਕਿ ਰਿਸ਼ਵਤ ਲੈਣ ਵਾਲਾ ਕੰਮ ਤਾਂ ਕਰਵਾ ਦੇਂਦਾ ਹੈ ਜਦ ਕਿ ਇਮਾਨਦਾਰੀ ਦੇ ਸਹਾਰੇ ਤਾਂ ਫ਼ਾਈਲ ਇਕ ਮੇਜ਼ ਤੋਂ ਦੂਜੀ ਮੇਜ਼ ਵਿਚਕਾਰ ਹੀ ਘੁੰਮਦੀ ਰਹਿੰਦੀ ਹੈ। ਅੱਜ ਸਰਕਾਰ ਭਾਵੇਂ ਭ੍ਰਿਸ਼ਟਾਚਾਰ-ਮੁਕਤ ਰਾਜ-ਪ੍ਰਬੰਧ ਦੇਣਾ ਚਾਹੁੰਦੀ ਹੈ ਪਰ ਅਸੀ ਛੇਤੀ ਹੀ ਹਾਰ ਮੰਨ ਲੈਂਦੇ ਹਾਂ ਤੇ ਰਿਸ਼ਵਤ ਦੇ ਕੇ ਕੰਮ ਕਰਵਾਉਣ ਵਾਲਾ ਸੌਖਾ ਰਾਹ ਚੁਣ ਲੈਂਦੇ ਹਾਂ।ਕਾਰਨ ਕੀ ਹੈ? ਇਹੀ ਕਿ ਇਸ ਦੇਸ਼ ਵਿਚ ਆਮ ਨਾਗਰਿਕ ਦੀ ਜ਼ਿੰਦਗੀ ਬਹੁਤ ਔਖੀ ਬਤੀਤ ਹੁੰਦੀ ਹੈ। ਮਿਹਨਤ ਕਰ ਕੇ ਤੁਸੀਂ ਪੈਸਾ ਕਮਾ ਸਕਦੇ ਹੋ ਪਰ ਚੈਨ ਤੇ ਅਮਨ ਦੀ ਜ਼ਿੰਦਗੀ ਮੁਮਕਿਨ ਨਹੀਂ। ਇਕ ਆਮ ਨੌਕਰੀ-ਪੇਸ਼ਾ ਨਾਗਰਿਕ ਅਪਣਾ ਟੈਕਸ ਭਰਦਾ ਹੈ, ਕੰਮ ’ਤੇ ਜਾਂਦਾ ਹੈ, ਘਰ ਆਉਂਦਾ ਹੈ ਤੇ ਅਪਣੇ ਪ੍ਰਵਾਰ ਨਾਲ ਸ਼ਾਂਤੀ ਨਾਲ ਰਹਿੰਦਾ ਹੈ। ਕਾਨੂੰਨ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦਾ ਹੈ। ਉਸ ਨੂੰ ਅਪਣੇ ਸਿਸਟਮ ’ਚੋਂ ਕੀ ਮਿਲਦਾ ਹੈ? ਘਰ ਦੇ ਬਾਹਰ ਛੱਪੜ ਕਿਉਂਕਿ ਠੇਕੇਦਾਰ ਨੇ ਸੜਕ ਬਣਾਉਣ ਵਾਸਤੇ ਰੇਤੇ ਦਾ ਇਸਤੇਮਾਲ ਕੀਤਾ ਹੈ। ਉਸ ਦੀ ਗੱਡੀ ਪਾਣੀ ਵਿਚ ਫੱਸ ਜਾਂਦੀ ਹੈ ਕਿਉਂਕਿ ਸੜਕ ਇਕ ਨਦੀ ਜਹੀ ਬਣ ਗਈ ਹੈ ਕਿਉਂਕਿ ਕਿਸੇ ਨੇ ਨਾਲੀਆਂ ਨੂੰ ਸਾਫ਼ ਨਹੀਂ ਕੀਤਾ। ਸਾਰੇ ਟੈਕਸ ਭਰਦੇ ਨਾਗਰਿਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਾਮੂਲੀ ਇਲਾਜ ਵੀ ਨਹੀਂ ਮਿਲਦਾ। ਕਦੇ ਲੋੜ ਪੈ ਜਾਵੇ ਤਾਂ ਐਂਬੂਲੈਂਸ ਨਹੀਂ ਮਿਲਦੀ। ਟੈਕਸ ਭਰਨ ਦੇ ਬਾਵਜੂਦ ਉਸ ਨੂੰ ਅਪਣੇ ਬੱਚਿਆਂ ਨੂੰ ਨਿਜੀ ਸਕੂਲਾਂ ਵਿਚ ਭੇਜਣਾ ਪੈਂਦਾ ਹੈ ਕਿਉਂਕਿ ਸਰਕਾਰੀ ਸਕੂਲਾਂ ਵਿਚ ਅਧਿਆਪਕ ਹੀ ਨਹੀਂ ਹਨ। ਫਿਰ ਉਹ ਦਫ਼ਤਰ ਜਾ ਕੇ ਵੇਖਦਾ ਹੈ ਕਿ ਇਕ ਸਿਆਸਤਦਾਨ ਦਾ ਕਾਫ਼ਲਾ ਜਾ ਰਿਹਾ ਹੈ ਜਿਸ ਵਾਸਤੇ ਉਸ ਨੂੰ ਅੱਧਾ ਘੰਟਾ ਰਾਹ ਵਿਚ ਰੁਕਣਾ ਪੈਂਦਾ ਹੈ। ਸਾਡੇ ਸਿਆਸਤਦਾਨ ਤੇ ਨੌਕਰਸ਼ਾਹ ਆਮ ਨਾਗਰਿਕ ਦੇ ਟੈਕਸ ਨਾਲ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ, ਦੌਰਿਆਂ ਤੇ ਵੀ ਚੜ੍ਹੇ ਰਹਿੰਦੇ ਹਨ ਤੇ ਆਮ ਨਾਗਰਿਕ ਵਿਚਾਰਾ ਵੇਖਦਾ ਹੀ ਰਹਿ ਜਾਂਦਾ ਹੈ। ਫਿਰ ਉਹ ਉਸੇ ਕਮਾਈ ਨਾਲ ਅਪਣੇ ਵਾਸਤੇ ਥੋੜੀ ਸਕੂਨ ਭਰੀ ਜ਼ਿੰਦਗੀ ਜੀਣ ਵਾਸਤੇ, ਅਪਣਾ ਦਿਲ ਮਾਰ, ਅਪਣੇ ਵਤਨ ਨੂੰ ਛੱਡ ਦੇਣ ਲਈ ਤਿਆਰ ਹੋ ਜਾਂਦਾ ਹੈ।
– ਨਿਮਰਤ ਕੌਰ
Comment here