ਅਪਰਾਧਸਿਆਸਤਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਵਿਦੇਸ਼ਾਂ ਚ ਜਾ ਕੇ ਪੰਜਾਬ ਦਾ ਅਕਸ ਨਾ ਵਿਗਾੜਨ ਵਿਦਿਆਰਥੀ

ਪੰਜਾਬ ਤੋਂ ਪੜ੍ਹਾਈ ਲਈ ਗਏ ਕੁਝ ਵਿਦਿਆਰਥੀ ਜੋ ਪੰਜਾਬ ਵਿਚ ਵੀ ਵਿਗੜੀਆਂ ਔਲਾਦਾਂ ਅਖਵਾਉਂਦੇ ਸਨ, ਉਹ ਕੈਨੇਡਾ ਜਾ ਕੇ ਵੀ ਨਹੀਂ ਸੁਧਰੇ, ਜਿਸ ਨਾਲ ਪੰਜਾਬੀ ਭਾਈਚਾਰੇ ਦਾ ਨਾਂਅ ਖ਼ਰਾਬ ਹੋ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਹਾਲਾਤ ਹੋਰ ਵੀ ਵਿਗੜੇ ਨਜ਼ਰ ਆ ਰਹੇ ਹਨ। ਗੱਡੀਆਂ ਚੋਰੀ ਹੋਣ ਦੀਆਂ ਘਟਨਾਵਾਂ, ਵਿਆਹ ਕਰਵਾ ਕੇ ਕੈਨੇਡਾ ਜਾ ਕੇ ਕੁੜੀਆਂ ਦਾ ਮੁੱਕਰ ਜਾਣਾ, ਮਕਾਨ ਮਾਲਕਾਂ ਨਾਲ ਮਾੜਾ ਵਿਹਾਰ, ਕਾਰੋਬਾਰ ਵਿਚ ਠੱਗੀਆਂ ਅਤੇ ਛੇੜਛਾੜ ਦੇ ਕੇਸਾਂ ਨੇ ਕੈਨੇਡਾ ਦੀ ਸਰਕਾਰ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ। ਕੀ ਕੈਨੇਡੀਅਨ ਇਮੀਗ੍ਰੇਸ਼ਨ ਹੁਣ ਧੜਾ-ਧੜ ਦਿੱਤੇ ਵੀਜ਼ਾ ਕਾਰਨ ਪਛਤਾ ਤਾਂ ਨਹੀਂ ਰਹੀ? ਉਸ ਨੂੰ ਕੈਨੇਡਾ ਵੀ ਪੰਜਾਬ ਦੀ ਤਰ੍ਹਾਂ ਨਜ਼ਰ ਤਾਂ ਨਹੀਂ ਆਉਣ ਲੱਗ ਪਿਆ? ਕਈ ਪੰਜਾਬੀ ਵਿਦਿਆਰਥੀ ਕੈਨੇਡਾ ਵਿਚ ਬਹੁਤ ਹੀ ਮਾੜਾ ਸਲੂਕ ਕਰ ਰਹੇ ਹਨ। ਨਿੱਤ ਦੇ ਲੜਾਈ-ਝਗੜੇ ਏਨੇ ਜ਼ਿਆਦਾ ਵਧ ਗਏ ਹਨ ਕਿ ਉਥੋਂ ਦੀ ਪੁਲਿਸ ਵੀ ਪ੍ਰੇਸ਼ਾਨ ਹੋ ਗਈ ਹੈ। ਕਿਤੇ ਕੁੜੀਆਂ ਨੂੰ ਛੇੜਨ ਦਾ ਮਾਮਲਾ ਕਿਤੇ ਆਪਸੀ ਰੰਜਿਸ਼ ਝਗੜੇ ਦਾ ਕਾਰਨ ਬਣ ਰਹੀ ਹੈ। ਕੁਝ ਲੋਕ ਸ਼ਰਾਬ ਪੀ ਕੇ ਸੜਕਾਂ ‘ਤੇ ਹੁੱਲੜਬਾਜ਼ੀ ਕਰਦੇ ਹਨ। ਗੱਡੀਆਂ ਵਿਚ ਉੱਚੀ ਗਾਣੇ ਵਜਾਉਂਦੇ ਹਨ। ਫੇਰ ਝਗੜਾ ਕਰਦੇ ਹਨ। ਇਹ ਸਭ ਨਿੱਤ ਦੀਆਂ ਘਟਨਾਵਾਂ ਹੋ ਗਈਆਂ ਹਨ। ਪਿਛਲੇ ਸਮੇਂ ਵਿਚ ਲੜਾਈ-ਝਗੜੇ ਨੂੰ ਲੈ ਕੇ ਅਤੇ ਹੋਰ ਛੇੜਛਾੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵਲੋਂ 118 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਫ਼ੈਸਲਾ ਹੋ ਚੁੱਕਾ। ਜਿੱਥੇ ਕੋਈ ਅਪੀਲ ਦਲੀਲ ਕੰਮ ਨਹੀਂ ਆਵੇਗੀ। ਇਸ ਦੇ ਨਾਲ ਹੀ ਇੱਕ ਤਾਜ਼ਾ ਘਟਨਾ ਕੈਨੇਡਾ ਦੇ ਸਟਰੋਬੈਰੀ ਹਿੱਲ ਪਲਾਜ਼ਾ ਦੀ ਹੈ, ਜਿੱਥੇ ਇੱਕ ਗੱਡੀ ਵਿਚ ਰਾਤ ਦੇ ਸਮੇਂ ਕੁਝ ਪੰਜਾਬੀ ਵਿਦਿਆਰਥੀ ਕਾਰ ਦਾ ਸਟੀਰੀਓ ਬਹੁਤ ਜ਼ਿਆਦਾ ਉੱਚੀ ਆਵਾਜ਼ ਵਿਚ ਚਲਾ ਕੇ ਸ਼ਹਿਰ ਵਿਚ ਗੇੜੇ ਕੱਢ ਰਹੇ ਸਨ। ਜਿਸ ਨਾਲ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਸੀ। ਸ਼ਿਕਾਇਤ ਮਿਲਣ ‘ਤੇ ਜਦੋਂ ਉਥੇ ਪੁਲਿਸ ਪਹੁੰਚੀ ਤਾਂ ਉਲਟਾ ਇਨ੍ਹਾਂ ਵਿਦਿਆਰਥੀਆਂ ਵਲੋਂ ਉਸ ਅਫ਼ਸਰ ਨਾਲ ਮਾੜਾ ਵਿਹਾਰ ਕੀਤਾ ਗਿਆ। ਉਸ ਦੀ ਗੱਡੀ ਰੋਕ ਕੇ ਉਸ ਤੋਂ ਸਵਾਲ ਕੀਤੇ ਗਏ। ਜੋ ਕਿ ਕੈਨੇਡਾ ਦੇਸ਼ ਵਿਚ ਇਹ ਜੁਰਮ ਮੰਨਿਆ ਜਾਂਦਾ ਹੈ। ਹੁਣ ਇਸ ਮਾਮਲੇ ਵਿਚ ਤਫਤੀਸ਼ੀ ਕਾਰਵਾਈ ਹੋਵੇਗੀ ਅਤੇ ਦੋਸ਼ੀ ਸਾਬਤ ਹੋਣ ‘ਤੇ ਸਜ਼ਾ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ।
ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਜੋ ਆਪਣੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਹੁਣ ੳਨ੍ਹਾਂ ਮੁਲਕਾਂ ਦਾ ਵੀ ਬੇੜਾ ਗ਼ਰਕ ਕਰਨ ‘ਤੇ ਤੁਲੇ ਹੋਏ ਹਨ, ਜੋ ਸਿਰਫ਼ ਹੱਥੀਂ ਕਿਰਤ ‘ਤੇ ਯਕੀਨ ਰੱਖਦੇ ਹਨ। ਇਹ ਪੰਜਾਬੀ ਭਾਈਚਾਰੇ ਲਈ ਵੀ ਨਾਮੋਸ਼ੀ ਵਾਲੀ ਗੱਲ ਹੈ, ਜਿਨ੍ਹਾਂ ਨੇ ਆਪਣੀ ਹੱਡ-ਤੋੜਵੀਂ ਮਿਹਨਤ ਨਾਲ ਕੈਨੇਡਾ ਵਰਗੇ ਦੇਸ਼ ਵਿਚ ਪੰਜਾਬੀ ਭਾਈਚਾਰੇ ਦਾ ਨਾਂਅ ਬਣਾਇਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੱਖਾਂ ਰੁਪਏ ਖਰਚ ਕਰਕੇ ਕਰਜ਼ਾਈ ਹੋ ਕੇ ਜ਼ਮੀਨਾਂ ਵੇਚ ਕੇ ਤੁਸੀਂ ਬਾਹਰ ਗਏ ਹੋ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਤੁਹਾਡੇ ਮਾਪਿਆਂ ਨੇ ਤੁਹਾਡੇ ਲਈ ਫੀਸਾਂ ਦਾ ਇੰਤਜ਼ਾਮ ਕੀਤਾ ਹੋਵੇਗਾ, ਪਰ ਇਨ੍ਹਾਂ ਘਟੀਆ ਲੋਕਾਂ ਨੇ ਆਪਣੇ ਮਾਪਿਆਂ ਦੇ ਸੁਫ਼ਨਿਆਂ ਅਤੇ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਕਿਹੜਾ ਮੂੰਹ ਲੈ ਕੇ ਇਹ ਫੁਕਰੇ ਲੋਕ ਆਪਣੇ ਘਰਾਂ ਨੂੰ ਪਰਤਣਗੇ? ਫੇਰ ਜਦੋਂ ਕਰਜ਼ੇ ਦੀ ਪੰਡ ਸਿਰ ‘ਤੇ ਨਾ ਟਿਕੀ ਤਾਂ ਪਛਤਾਵੇ ਤੋਂ ਸਿਵਾ ਇਨ੍ਹਾਂ ਪੱਲੇ ਕੁਝ ਨਹੀਂ ਹੋਣਾ।  ਇਨ੍ਹਾਂ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੇ ਮਾਪਿਆਂ ਦੀ ਮਿਹਨਤ ਦੀ ਕਮਾਈ ਨੂੰ ਐਵੇਂ ਬਰਬਾਦ ਨਾ ਕਰਨ ਸਗੋਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਮੋੜਨ।
ਵਿਕੀ ਸੁਰਖਾਬ

Comment here