ਅੰਮਿ੍ਤਸਰ : ਆਮ ਆਦਮੀ ਪਾਰਟੀ ਦੇ ਕੱਲ੍ਹ 10 ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਸੁਹੰ ਚੁੱਕੀ ਹੈ। ਜਿਨ੍ਹਾਂ ਵਿੱਚ ਹਲਕਾ ਅਜਨਾਲਾ ਤੋਂ ਟਿਕਟ ‘ਤੇ ਚੋਣ ਲੜ ਕੇ ਵਿਧਾਇਕ ਬਣੇ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਾਮਿਲ ਸਨ। ਉਨ੍ਹਾਂ ਨੇ ਕੱਲ੍ਹ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀ ਧਾਲੀਵਾਲ ਪਿੰਡ ਜਗਦੇਵ ਕਲਾਂ ਤੋਂ ਹਨ। ਕਿੱਸਾਕਾਰ ਹਾਸ਼ਮ ਸ਼ਾਹ ਵੀ ਇਸੇ ਪਿੰਡ ਤੋਂ ਸਨ। ਉਹ ਵਿਦਿਆਰਥੀ ਲਹਿਰ ਤੋਂ ਸਿਆਸਤ ਵਿਚ ਆਏ ਸਨ। ਉਹ 1979 ਵਿਚ ਸੀਪੀਆਈ (ਐੱਮਐੱਲ) ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵਿਚ ਸ਼ਾਮਲ ਹੋਏ ਤੇ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸੂਬਾ ਜਨਰਲ ਸਕੱਤਰ ਤਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਕਿਰਤੀ ਕਿਸਾਨ ਯੂਨੀਅਨ ਵਿਚ ਕੰਮ ਕੀਤਾ। ਸੂਬੇ ਵਿਚ ਚੱਲੇ ਕਾਲੇ ਦੌਰ ਦੌਰਾਨ ਉਨ੍ਹਾਂ ਅੱਤਵਾਦ ਖ਼ਿਲਾਫ਼ ਜੰਗ ਲੜੀ। ਉਨ੍ਹਾਂ ਦੇ ਵੱਡੇ ਭਰਾ ਹਰਭਜਨ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਸਨ, ਦੋ ਪੰਚਾਇਤ ਮੈਂਬਰਾਂ ਤੇ ਹੋਰਨਾਂ ਨਾਲ ਕਾਂਗਰਸੀ ਆਗੂ ਸਤਨਾਮ ਸਿੰਘ ਬਾਜਵਾ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ। ਧਾਲੀਵਾਲ ਦੇ ਜੀਜਾ ਸਰਬਜੀਤ ਸਿੰਘ ਭਿੱਟੇਵੱਡ ਸੀਪੀਆਈ (ਐੱਮਐੱਲ) ਦੇ ਆਗੂ ਸਨ, ਵੀ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।
ਸਰਪੰਚ ਰਹਿੰਦੇ ਹੋਏ ਧਾਲੀਵਾਲ ਨੇ ਹਾਸ਼ਮ ਸ਼ਾਹ ਮੇਲੇ ਦੀ ਸ਼ੁਰੂਆਤ ਕੀਤੀ ਸੀ। ਪਿੰਡ ਵਿਚ ਸੜਕਾਂ ਬਣੀਆਂ, ਸਕੂਲ ਅਪਗੇ੍ਡ ਹੋਇਆ, ਪਟਵਾਰਖ਼ਾਨੇ ਤੇ ਖੇਡ ਸਟੇਡੀਅਮ ਦਾ ਨਿਰਮਾਣ ਹੋਇਆ। ਉਹ ਕਾਂਗਰਸ ਵਿਚ ਵੀ ਕਾਫੀ ਦੇਰ ਰਹੇ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਮੈਂਬਰ ਰਹੇ। 2003 ਵਿਚ ਉਹ ਅਮਰੀਕਾ ਚਲੇ ਗਏ ਤੇ ਓਵਰਸੀਜ਼ ਕਾਂਗਰਸ ਲਈ ਕੰਮ ਕਰਦੇ ਰਹੇ। ਅਮਰੀਕਾ ਵਿਚ ਉਨ੍ਹਾਂ ਨੇ ਗ਼ਦਰੀ ਬਾਬਿਆਂ ਨਾਲ ਸਬੰਧਤ ਦੋ ਵਰਲਡ ਪੰਜਾਬੀ ਕਾਨਫਰੰਸਾਂ ਕਰਵਾਈਆਂ ਤੇ ਐੱਨਆਰਆਈਜ਼ ਮਾਮਲਿਆਂ ‘ਤੇ ਮੈਗਜ਼ੀਨ ਕੱਢਿਆ। 2013 ਵਿਚ ਉਹ ਵਾਪਸ ਭਾਰਤ ਆ ਗਏ ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। 2019 ਵਿਚ ਉਨ੍ਹਾਂ ਨੇ ਪਾਰਟੀ ਵੱਲੋਂ ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਚੋਣ ਲੜੀ ਪਰ ਹਾਰ ਗਏ।
ਵਿਧਾਨ ਸਭਾ ਚੋਣਾਂ-2022 ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਅਜਨਾਲਾ ਤੋਂ ਉਮੀਦਵਾਰ ਬਣਾਇਆ ਤੇ ਉਹ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਕਾਂਗਰਸੀ ਦੇ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਹਰਾ ਕੇ ਚੋਣ ਜਿੱਤਣ ‘ਚ ਕਾਮਯਾਬ ਰਹੇ।
Comment here