ਸਿਆਸਤਖਬਰਾਂਚਲੰਤ ਮਾਮਲੇ

ਵਿਦਿਆਰਥੀਆਂ ਦੇ ਕੜੇ ਉਤਾਰਨ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਭੇਜੀ ਟੀਮ

ਅੰਮ੍ਰਿਤਸਰ-ਬਠਿੰਡਾ ਦੇ ਪਰਸਰਾਮ ਨਗਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਟੀਮ ਭੇਜੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ’ਤੇ ਧਰਮ ਪ੍ਰਚਾਰ ਕੇਂਦਰ ਤਲਵੰਡੀ ਸਾਬੋ ਦੇ ਇੰਚਾਰਜ ਜਗਪਾਲ ਸਿੰਘ, ਪ੍ਰਚਾਰਕ ਭਾਈ ਨਿਰਭੈ ਸਿੰਘ, ਭਾਈ ਅਮਰੀਕ ਸਿੰਘ ਤੇ ਭਾਈ ਹਰਦੀਪ ਸਿੰਘ ਨੂੰ ਸਥਾਨਕ ਸਕੂਲ ਵਿਖੇ ਜਾ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ, ਕਿਉਂਕਿ ਜਦੋਂ ਵੀ ਕਕਾਰਾਂ ਨਾਲ ਸਬੰਧਤ ਕੋਈ ਅਜਿਹਾ ਮਾਮਲਾ ਆਉਂਦਾ ਹੈ ਤਾਂ ਸੰਗਤਾਂ ਅੰਦਰ ਰੋਸ ਫੈਲਣਾ ਕੁਦਰਤੀ ਹੈ। ਬਠਿੰਡਾ ਦੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਕੜੇ ਉਤਾਰਨ ਦੀ ਸੰਜੀਦਗੀ ਨੂੰ ਦੇਖਦਿਆਂ ਰਿਪੋਰਟ ਲਈ ਜਾ ਰਹੀ ਹੈ, ਜਿਸ ਮਗਰੋਂ ਅਗਲੀ ਵਿਚਾਰ ਕੀਤੀ ਜਾਵੇਗੀ।
ਦਰਅਸਲ, ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਚ ਬੀਤੇ ਦਿਨ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਇਸ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਵੱਲੋਂ ਸਕੂਲ ਦੇ ਗੇਟ ਅੱਗੇ ਧਰਨਾ ਵੀ ਦਿੱਤਾ ਗਿਆ ਅਤੇ ਸਟਾਫ ਵੱਲੋਂ ਇਸਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਸੰਦੀਪ ਸਿੰਘ ਸਮਰਾਟ ਸਕੂਲ ਦੇ ਵਿਦਿਆਰਥੀ ਓਮ ਨਾਗਪਾਲ ਨੇ ਦੱਸਿਆ ਕਿ ਪਿਛਲੀ ਦਿਨੀਂ ਉਸਦੀ ਕਲਾਸ ਵਿੱਚ ਕੁਝ ਵਿਦਿਆਰਥੀਆਂ ਨਾਲ ਲੜਾਈ ਹੋ ਗਈ ਸੀ, ਜਿਨ੍ਹਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਸਿਰ ਵਿੱਚ ਕੜਾ ਮਾਰਿਆ ਗਿਆ।ਇਸ ਕਾਰਨ ਉਸਦੇ ਸਿਰ ਵਿੱਚ ਚਾਰ ਟਾਂਕੇ ਲੱਗੇ ਸਨ ਅਤੇ ਉਸਦੇ ਮਾਪਿਆਂ ਵੱਲੋਂ ਬਕਾਇਦਾ ਇਸ ਚੀਜ਼ ਦੀ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਵੱਲੋਂ ਸਕੂਲ ਵਿਦਿਆਰਥੀਆਂ ਤੇ ਐਕਸ਼ਨ ਲੈਂਦੇ ਹੋਏ ਸਮੂਹ ਸਕੂਲ ਤੇ ਉਹਨਾਂ ਵਿਦਿਆਰਥੀਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਜਿਨ੍ਹਾਂ ਦੇ ਮੋਟੇ ਕੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਮੋਟੇ ਕੜੇ ਉਤਾਰ ਦਿੱਤੇ ਗਏ।

Comment here