ਸਿਆਸਤਖਬਰਾਂਚਲੰਤ ਮਾਮਲੇ

ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਇਲਜ਼ਾਮ ‘ਚ ਏਐੱਸਆਈ ਗ੍ਰਿਫਤਾਰ

ਚੰਡੀਗੜ੍ਹ-ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਸਦਰ ਜ਼ੀਰਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੂੰ ਹਰਪ੍ਰੀਤ ਸਿੰਘ ਵਾਸੀ ਪਿੰਡ ਮਹੀਆਂਵਾਲਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸੇ ਪਿੰਡ ਦੀ ਰਹਿਣ ਵਾਲੀ ਗੁਰਮੇਲ ਕੌਰ ਵੱਲੋਂ ਹਰਪ੍ਰੀਤ ਸਿੰਘ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਉਤੇ ਕਾਰਵਾਈ ਨਾ ਕਰਨ ਬਦਲੇ ਮੁਲਜ਼ਮ ਏ.ਐਸ.ਆਈ. ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਏ.ਐਸ.ਆਈ. ਹਰਜਿੰਦਰ ਸਿੰਘ ਨੇ 4 ਅਗਸਤ ਨੂੰ ਉਸ ਤੋਂ 3000 ਰੁਪਏ ਲਏ ਸਨ ਅਤੇ ਹੁਣ ਉਹ ਰਿਸ਼ਵਤ ਵਜੋਂ 20,000 ਰੁਪਏ ਹੋਰ ਮੰਗ ਰਿਹਾ ਸੀ।
ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਦੇ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਏ.ਐਸ.ਆਈ. ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਏ.ਐਸ.ਆਈ. ਹਰਜਿੰਦਰ ਸਿੰਘ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰ. 20 ਮਿਤੀ 05-08-2023 ਦਰਜ ਕੀਤੀ ਗਈ ਹੈ।

Comment here