ਅਪਰਾਧਸਿਆਸਤਖਬਰਾਂ

ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਆਏ ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਕ ਵਾਰ ਫਿਰ ਚਰਨਜੀਤ ਚੰਨੀ ਨੂੰ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ। ਚੰਨੀ ਵਿਜੀਲੈਂਸ ਦੀ ਰਡਾਰ ਉੱਤੇ ਭਤੀਜੇ ਭੁਪਿੰਦਰ ਸਿੰਘ ਹਨੀ ਕਰਕੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਵਿਜੀਲੈਂਸ ਵਲੋਂ ਪੰਜਾਬ ਦੇ ਪੁਲਿਸ ਮੁਖੀ ਦੇ ਦਫਤਰ ਤੋਂ ਪੁੱਛਿਆ ਗਿਆ ਹੈ ਕਿ ਚੰਨੀ ਵੱਲੋਂ ਆਪਣੇ ਭਤੀਜੇ ਨੂੰ ਦਿੱਤੀ ਗਈ ਸੁਰੱਖਿਆ ਪਿੱਛੇ ਕੀ ਕਾਰਣ ਹਨ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮੰਗੀ ਗਈ ਹੈ ਕਿ ਕਮਾਂਡੋਜ਼ ਅਤੇ ਐਸਕਾਰਟ ਵਾਹਨਾਂ ਦਾ ਪੂਰਾ ਰਿਕਾਰਡ ਕੀ ਹੈ। ਦਰਅਸਲ ਇਸ ਸਬੰਧੀ ਵਿਜੀਲੈਂਸ ਵਲੋਂ ਪੁਲਿਸ ਮੁਖੀ ਦੇ ਦਫਤਰ ਨੂੰ ਪੱਤਰ ਲਿਖਿਆ ਗਿਆ ਹੈ। ਸੁਰੱਖਿਆ ਦੇਣ ਬਾਰੇ ਵਿਜੀਲੈਂਸ ਲਗਾਤਾਰ ਜਾਂਚ ਰਹੀ ਹੈ।ਇਹ ਵੀ ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖ਼ਿਲਾਫ਼ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਦੇ ਕੇਸ ਦਰਜ ਹੋਏ ਹਨ। ਭੁਪਿੰਦਰ ਹਨੀ ਨੂੰ ਈਡੀ ਨੇ 3 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਤੋਂ ਬਾਅਦ ਹਨੀ ਦੇ ਕਈ ਟਿਕਾਣਿਆਂ ਤੋਂ ਕਰੀਬ 7 ਕਰੋੜ 9 ਲੱਖ ਰੁਪਏ ਜ਼ਬਤ ਕੀਤੇ ਸਨ। ਇਹੀ ਨਹੀਂ ਹਨੀ ਦੇ ਸਾਥੀ ਸੰਦੀਪ ਕੁਮਾਰ ਦੇ ਟਿਕਾਣੇ ਤੋਂ ਵੀ ਕਰੀਬ 2 ਕਰੋੜ ਰੁਪਏ ਫੜ੍ਹੇ ਗਏ ਸਨ।
ਇਹ ਵੀ ਯਾਦ ਰਹੇ ਕਿ ਪਿਛਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਸੀਐੱਮ ਚੰਨੀ ਵਿਚਾਲੇ ਵਿਵਾਦ ਲਗਾਤਾਰ ਗਰਮਾਇਆ ਸੀ। ਕ੍ਰਿਕਟਰ ਜਸਇੰਦਰ ਸਿੰਘ ਨੂੰ ਨੌਕਰੀ ਦੇਣ ਬਦਲੇ 2 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਮੌਜੂਦਾ ਮੁੱਖ ਮੰਤਰੀ ਨੇ ਸਾਬਕਾ ਸੀਐੱਮ ਚੰਨੀ ਉੱਤੇ ਲਾਏ ਸਨ। ਮਾਮਲੇ ਉੱਤੇ ਸਫ਼ਾਈ ਦਿੰਦਿਆਂ ਸਾਬਕਾ ਸੀਐੱਮ ਚੰਨੀ ਨੇ ਆਪਣੇ ਭਾਣਜੇ ਨੂੰ ਵੀ ਨਾਲ ਬਿਠਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੋ ਵੀ ਇਲਜ਼ਾਮ ਲਾਏ ਨੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਸਿਰਫ਼ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਇਹ ਸਾਰਾ ਡਰਾਮਾ ਰਚ ਰਹੇ ਹਨ।
ਚਰਨਜੀਤ ਚੰਨੀ ਨੇ ਕਿਹਾ ਕਿ ਉਹ ਇਲਜ਼ਾਮ ਲਗਾਉਣ ਵਾਲੇ ਕ੍ਰਿਕਟਰ ਦੇ ਸੰਪਰਕ ਵਿੱਚ ਭਾਵੇਂ ਆਏ ਹੋਣ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਭਤੀਜੇ ਜਾਂ ਭਾਣਜੇ ਨੂੰ ਨੌਕਰੀ ਬਦਲੇ ਕਿਸੇ ਤੋਂ ਵੀ ਰਿਸ਼ਵਤ ਮੰਗਣ ਲਈ ਨਹੀਂ ਕਿਹਾ। ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਇਲਜ਼ਾਮ ਲਗਾਉਣ ਵਾਲੇ ਕ੍ਰਿਕਟਰ ਨੂੰ ਨੌਕਰੀ ਦੇਣ ਦੀ ਸ਼ਰਤ ਉੱਤੇ ਇਹ ਸਾਰੀ ਕਾਰਵਾਈ ਕਰਨ ਲਈ ਕਿਹਾ ਹੋਵੇਗਾ। ਚੰਨੀ ਨੇ ਆਪਣੀਆਂ ਪਹਿਲੀਆਂ ਕਹੀਆਂ ਗੱਲਾਂ ਨੂੰ ਦੋਹਰਾਇਆ ਕਿ ਮੈਂ ਗੁਰੂ ਘਰ ਜਾ ਕੇ ਅਰਦਾਸ ਕੀਤੀ ਹੈ ਕਿ ਜੇਕਰ ਮੈਂ ਗਲਤ ਹਾਂ ਤਾਂ ਸਜ਼ਾ ਦਿੱਤੀ ਜਾਵੇ। ਚੰਨੀ ਨੇ ਕਿਹਾ ਸੀ ਕਿ ਮੈਂ ਹਜ਼ਾਰਾਂ ਨੌਕਰੀਆਂ ਦਿੱਤੀਆਂ।

Comment here