ਅਪਰਾਧਸਿਆਸਤਖਬਰਾਂ

ਵਿਜੀਲੈਂਸ ਨੇ ਭਰਤਇੰਦਰ ਚਹਿਲ ਦੀਆਂ ਜਾਇਦਾਦਾਂ ਦੀ ਜਾਂਚ ਆਰੰਭੀ

ਪਟਿਆਲਾ-ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਖਦਸ਼ੇ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਡੀਐੱਸਪੀ ਸੱਤਪਾਲ ਸ਼ਰਮਾ ਦੀ ਅਗਵਾਈ ਹੇਠਾਂ ਮੁਹਾਲੀ ਤੋਂ ਵਿਜੀਲੈਂਸ ਦੀ ਇੱਕ ਵਿਸ਼ੇਸ਼ ਟੀਮ ਪਟਿਆਲਾ ਪੁੱਜੀ ਜਿਸ ਨੇ ਚਹਿਲ ਦੇ ਜੇਲ੍ਹ ਰੋਡ ’ਤੇ ਮਿਨੀ ਸਕੱਤਰੇਤ ਨੇੜੇ ਸਥਿਤ ‘ਮਾਲ ਗ੍ਰੈਂਡ ਰੀਗਲ’ ਨਾਂ ਦੇ ਸ਼ਾਪਿੰਗ ਕੰਪਲੈਕਸ ਦੀ ਪੈਮਾਇਸ਼ ਕੀਤੀ। ਟੀਮ ਨੇ ਇਸ ਸ਼ਾਪਿੰਗ ਕੰਪਲੈਕਸ ਦੀ ਛੱਤ ’ਤੇ ਪਹੁੰਚ ਕੇ ਬਾਕਾਇਦਾ ਫੀਤੇ ਨਾਲ ਇਮਾਰਤ ਦੀ ਲੰਬਾਈ-ਚੌੜਾਈ ਨਾਪੀ।
ਚਰਚਾ ਹੈ ਕਿ ਪਿਛਲੇ ਸਮੇਂ ਦੌਰਾਨ ਹੀ ਚਹਿਲ ਖ਼ਿਲਾਫ਼ ਕਿਸੇ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ’ਤੇ ਆਧਾਰਿਤ ਇੱਕ ਸ਼ਿਕਾਇਤ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਸ਼ਿਕਾਇਤ ਨੂੰ ਲੈ ਕੇ ਹੀ ਹੁਣ ਵਿਜੀਲੈਂਸ ਵੱਲੋਂ ਅਜਿਹੀ ਜਾਂਚ ਸ਼ੁਰੂ ਕੀਤੀ ਗਈ ਹੈ। ਉਂਜ ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਸਬੰਧੀ ਅਜੇ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਦਰਜ ਹੋਇਆ। ਇੱਕ ਹੋਰ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਨੇ ਚਹਿਲ ਪਰਿਵਾਰ ਦੇ ਸਰਹਿੰਦ ਰੋਡ ਸਥਿਤ ‘ਅਲਕਾਜ਼ਾਰ’ ਨਾਂ ਮੈਰਿਜ ਪੈਲੇਸ ਦੀ ਵੀ ਫੇਰੀ ਪਾਈ ਪਰ ਉਥੇ ਤਾਲਾ ਲੱਗਾ ਹੋਣ ਕਰਕੇ ਇੱਕ ਵਾਰ ਟੀਮ ਖਾਲੀ ਹੱਥ ਮੁੜ ਆਈ। ਵਿਜੀਲੈਂਸ ਨੇ ਪਿਛਲੇ ਦਿਨੀਂ ਚਹਿਲ ਦੇ ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ‘ਤਵੱਕਲੀ ਮੋੜ’ ਖੇਤਰ ਵਿਚ ਸਥਿਤ ਨਿੱਜੀ ਰਿਹਾਇਸ਼ ’ਤੇ ਵੀ ਫੇਰਾ ਪਾਇਆ ਸੀ।

Comment here