ਸਾਹਿਤਕ ਸੱਥਗੁਸਤਾਖੀਆਂਮਨੋਰੰਜਨ

ਵਿਚੋਲਾ ਬਣਨਾ ਬੜਾ ਕੁੱਤਾ ਕੰਮ

ਹਾਸ ਵਿਅੰਗ
ਰਾਜਿੰਦਰਪਾਲ ਸ਼ਰਮਾ

ਉਂਜ ਤੇ ਮਨੁੱਖੀ ਜੀਵਨ ਦੇ ਅਨੇਕਾਂ ਪੱਖ ਹਨ, ਜਿਥੇ ਵਿਚੋਲੇ ਬਗੈਰ ਨਹੀਂ ਸਰਦਾ। ਵਿਆਹਾਂ ਦੇ ਵਿਚੋਲੇ ਚਾਹੇ ਹੁਣ ਉਸ ਸ਼ਾਨ ਨਾਲ ਨਹੀਂ ਵਿਚਰਦੇ ਪਰ ਫਿਰ ਵੀ ਸਾਡੇ ਢਾਂਚੇ ਵਿਚ ਅਜੇ ਇਹਨਾਂ ਦਾ ਅੱਧ ਪਚੱਧਾ ਕੇਸਾਂ ਵਿਚ ਰਲਾ ਜ਼ਰੂਰ ਹੁੰਦਾ ਹੈ। ਇਸੇ ਪ੍ਰਕਾਰ ਜਿਣਸ ਦੀ ਖਰੀਦੋ ਫਰੋਖਤ ਵੇਲੇ ਆੜ੍ਹਤੀਏ ਵਿਚੋਲੇ ਤਾਂ ਅਵਤਾਰ ਹੀ ਹੁੰਦੇ ਹਨ ਭਾਵੇਂ ਇਹਨਾਂ ਨੂੰ ਕਮਿਸ਼ਨ ਏਜੈਂਟ ਕਹਿ ਲਿਆ ਜਾਵੇ ਜਾਂ ਆੜ੍ਹਤੀਏ। ਹੋਰ ਵੀ ਅਨੇਕਾਂ ਮਿਸਾਲਾਂ ਲਈਆਂ ਜਾ ਸਕਦੀਆਂ ਹਨ, ਜਿੱਥੇ ਸੰਬੰਧਿਤ ਜਾਂ ਸੰਬੰਧ ਪੈਦਾ ਕਰਨ ਵਾਲੀਆਂ ਧਿਰਾਂ ‘ਜ਼ਰਾ ਸਾਹਮਣੇ ਤੋਂ ਆਓ ਛਲੀਏ’ ਨਹੀਂ ਕਹਿ ਸਕਦੀਆਂ ਹੁੰਦੀਆਂ। ਫਲਸਰੂਪ ਵਿਚੋਲਾ ਇਹਨਾਂ ਦੀਆਂ ਤੜਫਦੀਆਂ ਹੋਈਆਂ ਰੂਹਾਂ ਨੂੰ ਨੇੜੇ ਲੈ ਆਉਣ ਵਿਚ ਮਦਦ ਕਰਦਾ ਹੈ। ਹੋਰ ਤਾਂ ਹੋਰ ਰਿਸ਼ਵਤ ਖੋਰੀ ਦਾ ਸਿਲਸਿਲਾ ਵੀ ਕਾਫੀ ਹੱਦ ਤੱਕ ਵਿਚੋਲਿਆਂ ਦੇ ਸਿਰ ਤੇ ਹੀ ਚੜਦਾ ਹੈ। ਚਾਹੇ ਇਥੇ ਇਹਨਾਂ ਨੂੰ ਟਾਊਟ, ਦਲਾਲ ਜਾਂ ਪਹੁੰਚ ਵਾਲੇ ਸੱਜਣ ਆਖਦੇ ਹਾਂ।
ਖੈਰ ਜਦੋਂ ਵਿਚੋਲੇ ਦੀ ਗੱਲ ਤੋਰੀ ਜਾਂਦੀ ਹੈ ਤਾਂ ਸੁਭੈਕ ਹੀ ਵਿਆਹਾਂ ਦਾ ਸਭਿਆਚਾਰਕ ਮਹੱਤਤਾ ਵਾਲਾ ਵਿਚੋਲਾ ਹੀ ਅੱਖਾਂ ਮੋਹਰੇ ਆਉਂਦਾ ਹੈ। ਪਿਛਲੇ ਸਮੇਂ ਵਿਚ ਤਾਂ ਇਸ ਦਾ ਹੁਕਮ ਇਲਾਹੀ ਹੁੰਦਾ ਸੀ। ਜਿੱਥੋਂ ਮਰਜ਼ੀ ਸ਼ਗਨ ਦਾ ਰੁਪਿਆ ਫੜ ਲਿਆਉਂਦਾ ਸੀ ਤੇ ਰਿਸ਼ਤਾ ਪੱਕਾ ਹੋ ਕੇ ਹੀ ਰਹਿੰਦਾ ਸੀ। ਭਾਵੇਂ ਕਈ ਵਾਰ ਇਹ ਆਪਣੀ ਅਦੁੱਤੀ ਸ਼ਕਤੀ ਦਾ ਦੁਰਉਪਯੋਗ ਕਰਦੇ, ਜੋੜੀ ਦੀ ਥਾਂ ਨਰੜ ਵੀ ਹੋਂਦ ਵਿਚ ਲੈ ਆਉਂਦੇ ਸਨ। ਪਰ ਪੁਰਾਣਾ ਸਮਾਂ ਵਿਰੋਧ ਜਾਂ ਬਗਾਵਤ ਦਾ ਨਾਂ ਹੋਣ ਕਾਰਨ ਜੂਨ ਪੂਰੀ ਕਰਨੀ ਪੈਂਦੀ ਸੀ।
ਚਲੋ ਹੁਣ ਵੀ ਕਈ ਸੱਜਣ ਮਿਲਦੇ ਹਨ ਜੋ ਜੋੜੀਆਂ ਬਨਾਉਣ ਵਿਚ ਸੋਹਣਾ ਨਾਉਂ ਪੈਦਾ ਕਰ ਲੈਂਦੇ ਹਨ। ਇਹਨਾਂ ਨੂੰ ਇਸ ਕੰਮ ਦੀ ਇਨੀ ਲਗਨ ਹੁੰਦੀ ਹੈ ਕਿ ਇਹ ਵਿਆਹੁਣ ਯੋਗ ਕੁੜੀ ਜਾਂ ਮੁੰਡੇ ਤੇ ਸਦਾ ਨਜ਼ਰ ਰੱਖਦੇ ਹਨ। ਸੱਚਮੁੱਚ ਇਕ ਪੱਖੋਂ ਇਹ ਪਰਉਪਕਾਰੀ ਜੀਵ ਹੁੰਦੇ ਹਨ ਕਿਉਂਕਿ ਸਾਧਾਰਨ ਪੱਧਰ ’ਤੇ ਤਾਂ ਅਸੀਂ ਲੋਕ ਆਪਣਾ ਸਿਰ ਮਸਾਂ ਗੁੰਦਦੇ ਹਾਂ ਤੇ ਆਫਰੀਨ ਹੈ ਇਹਨਾਂ ਦੇ, ਜੋ ਦੂਸਰਿਆਂ ਦੇ ਭਵਿੱਖ ਬਾਰੇ ਚਿੰਤਤ ਰਹਿੰਦੇ ਹਨ। ਅਨੇਕਾਂ ਮਾਪਿਆਂ ਦੇ ਲਈ ਇਹ ਆਸ ਦੀ ਕਿਰਨ ਬਣੇ ਰਹਿੰਦੇ ਹਨ।
ਸਾਡਾ ਇਕ ਵਾਕਿਫਕਾਰ ਕਾਫੀ ਸਫਲ ਵਿਚੋਲਾ ਸਿੱਧ ਹੋ ਰਿਹਾ ਹੈ। ਅਨੇਕਾਂ ਰਿਸ਼ਤੇ ਉਹ ਕਰਵਾ ਚੁੱਕਾ ਹੈ ਤੇ ਹੁਣ ਵੀ ਉਸਦੀ ਪ੍ਰੈਕਟਿਸ ਖੂਬ ਚੱਲ ਰਹੀ ਹੈ। ਭਾਵ ਕੇਸ ਧੜਾ ਧੜਾ ਨਿਪਟਾਈ ਤੁਰਿਆ ਜਾ ਰਿਹਾ ਹੈ। ਕੰਬਲਾਂ ਤੇ ਮਿਲਣੀਆਂ ਦੇ ਰੂਪ ਵਿਚ ਉਸ ਦੀ ਕਮਾਈ ਵੀ ਸੋਹਣੀ ਹੈ ਤੇ ਮਾਣ ਇੱਜ਼ਤ ਦਾ ਮੁੱਲ ਵੀ ਕੋਈ ਨਹੀਂ। ਉਸ ਦੇ ਮਾਣ ਇੱਜ਼ਤ ਨੂੰ ਦੇਖ ਕੇ ਸਾਨੂੰ ਸੜੇਵਾਂ ਤਾਂ ਨਹੀਂ ਹੋਇਆ, ਸਗੋਂ ਰਸ਼ਕ ਹੋ ਉੱਠਿਆ। ਅੰਦਰੋਂ ਅੰਦਰ ਸਾਨੂੰ ਵੀ ਖਾਹਿਸ਼ ਹੋਣ ਲੱਗ ਪਈ ਕਿ ਕਿਉਂ ਨਾ ਪੁੰਨ ਤੇ ਫਲੀਆਂ ਵਾਲਾ ਇਹ ਕੰਮ ਅਰੰਭ ਕੀਤਾ ਜਾਵੇ। ਨਾਲੇ ਨੌਕਰੀ ਤੋਂ ਰੀਟਾਇਰ ਹੋ ਕੇ ਸਾਨੂੰ ਸਮਾਂ ਕੱਢਣਾ ਵੀ ਕੁੱਝ ਔਖਾ ਹੋ ਰਿਹਾ ਸੀ।
ਵੈਸੇ ਸੁਭਾਅ ਪੱਖੋਂ ਅਸੀਂ ਇਸ ਕਿੱਤੇ ਤੇ ਉੱਕਾ ਹੀ ਫਿੱਟ ਨਹੀਂ, ਕਿਉਂਕਿ ਘੱਟ ਬੋਲਣਾ ਤੇ ਦੂਜਿਆਂ ਬਾਰੇ ਫਾਲਤੂ ਦਾ ਸੋਚਣਾ, ਸਾਡੇ ਸੁਭਾਅ ਦੇ ਅਟੁੱਟ ਅੰਗ ਹਨ। ਸਾਡਾ ਆਪਣਾ ਵਿਆਹ ਵੀ ਵਿਚੋਲੇ ਤੋਂ ਬਗੈਰ ਹੀ ਹੋਇਆ ਸੀ, ਕਿਉਂਕਿ ਸਾਡੇ ਦੇਸ ਵਿਚ ਕਈ ਵਿਚੋਲਿਆਂ ਨੇ ਕੋਸ਼ਿਸ਼ ਵੀ ਕੀਤੀ ਪਰ ਸਫਲ ਕੋਈ ਨਹੀਂ ਸੀ ਹੋ ਸਕਿਆ।
ਪ੍ਰੰਤੂ ਇਕ ਸਫਲ ਵਿਚੋਲੇ ਦੀ ਮਹਿਮਾ ਤੇ ਸ਼ਾਨ ਨੇ ਸਾਡੇ ਮਨ ਤੇ ਇੰਨਾ ਅਸਰ ਕੀਤਾ ਕਿ ਅਸੀਂ ਸੁਭਾਅ ਵਿਚ ਲੋੜ ਮੁਤਾਬਕ ਤਬਦੀਲੀ ਲਿਆਉਣ ਦਾ ਫੈਸਲਾ ਕਰ ਲਿਆ ਤਾਂ ਜੋ ਵਿਚੋਲਾ ਬਣ ਕੇ ਜ਼ਰੂਰ ਦੇਖਿਆ ਜਾ ਸਕੇ। ਸੋ ਅਸੀਂ ਪਹਿਲਾਂ ਰਿਸ਼ਤੇਦਾਰੀਆਂ ਵਿਚੋਂ ਮੁੰਡੇ, ਕੁੜੀਆਂ ਦੀ ਲਿਸਟ ਤਿਆਰ ਕੀਤੀ, ਜੋ ਵਿਆਹ ਯੋਗ ਸਨ। ਫਿਰ ਦੋਸਤੀ ਦੇ ਦਾਇਰੇ ਦੇ ਵਿਚੋਂ ਨਿਗਾਹ ਮਾਰੀ। ਸਾਨੂੰ ਅੱਧੀ ਦਰਜਨ ਸਫਲ ਕੇਸ ਨਜ਼ਰ ਆਉਣ ਲੱਗ ਪਏ। ਅਸੀਂ ਖੁਸ਼ ਹੋ ਗਏ ਕਿ ਛੇਤੀ ਹੀ ਛਿੱਕਾ ਮਾਰਾਂਗੇ ਤੇ ਬਤੌਰ ਵਿਚੋਲਾ ਸਥਾਪਤ ਹੋ ਜਾਵਾਂਗੇ।
ਮਿਹਨਤ ਤੇ ਲਗਨ ਨਾਲ ਇਕ ਕੇਸ ਤਿਆਰ ਕੀਤਾ। ਦੋਨਾਂ ਧਿਰਾਂ ਨਾਲ ਗੱਲ ਚਲਾਈ। ਦੇਖ ਦਿਖਾਈ ਤੇ ਪੁੱਛ ਪੁਛਾਈ ਦੀ ਸਟੇਜ ਲੰਘਣ ਤੋਂ ਬਾਅਦ ਮੰਗਣਾ ਹੋ ਗਿਆ ਤੇ ਵਿਆਹ ਦਾ ਦਿਨ ਵੀ ਨਿਸਚਿਤ ਹੋ ਗਿਆ। ਅਸੀਂ ਆਪਣੀ ਪ੍ਰਾਪਤੀ ਤੇ ਅੰਦਰੋਂ ਅੰਦਰ ਸੰਤੁਸ਼ਟ ਸਾਂ। ਘਰ ਵਾਲੀ ਤੇ ਬੱਚੇ ਵੱਖ ਖੁਸ਼ ਸਨ, ਕਿਉਂਕਿ ਕੁੜੀ ਤੇ ਮੁੰਡੇ ਵਾਲੇ ਦੋਨੋਂ ਮੱਥਾ ਟੇਕਦੇ ਸਨ। ਮਠਿਆਈ ਦੇ ਡੱਬੇ ਵੀ ਦੋਨਾਂ ਪਾਸਿਆਂ ਤੋਂ ਆਉਂਦੇ ਸਨ। ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਤਾਂ ਸਾਡੀ ਅੱਡੀ ਮਸਾਂ ਲਮਕੀ ਸੀ। ਕਦੇ ਇਕ ਟੀਮ ਵੱਲ ਜਾਂਦੇ ਤੇ ਕਦੇ ਦੂਸਰੀ ਵੱਲ। ਪਰਮਾਤਮਾ ਦੀ ਅਪਾਰ ਕਿਰਪਾ ਨਾਲ ਵਿਆਹ ਸੰਪਨ ਹੋ ਗਿਆ। ਦੋਨੋਂ ਪਰਿਵਾਰ ਖੁਸ਼ ਸਨ ਤੇ ਸਾਨੂੰ ਸੀਸਾਂ ਦਿੰਦੇ ਸਨ। ਗਰਮ ਕੰਬਲ ਤੇ ਇਕ ਸੌ ਇਕ ਰੁਪਿਆ ਉਂਜ ਮਿਲ ਗਏ।
ਸਾਡਾ ਹੌਂਸਲਾ ਬੁਲੰਦ ਹੋ ਗਿਆ। ਸਾਨੂੰ ਦੂਸਰਾ ਕੇਸ ਨਿਪਟਾਉਣ ਲਈ ਅੱਚੋਵਾਈ ਲੱਗ ਗਈ। ਇਹ ਵੀ ਫਟਾਫਟ ਸਿਰੇ ਚੜ੍ਹਾ ਦਿੱਤਾ। ਪਰ ਘੋਖ ਘੱਟ ਕੀਤੀ ਕਿਉਂਕਿ ਸਾਨੂੰ ਆਪਣੀ ਯੋਗਤਾ ਤੇ ਲੋੜੋਂ ਵੱਧ ਵਿਸ਼ਵਾਸ ਹੋ ਗਿਆ ਸੀ। ਪਰ ਸਾਡੇ ਮਾੜੇ ਕਰਮ, ਦੋ ਮਹੀਨੇ ਪਿੱਛੋਂ ਹੀ ਸ਼ੁਰੂ ਹੋ ਗਏ, ਜਦੋਂ ਲੜਕੀ ਦਾ ਬਾਪ ਰੋਂਦਾ ਹੋਇਆ ਸਾਡੇ ਕੋਲ ਆ ਕੇ ਕਹਿਣ ਲੱਗਾ, ‘‘ਤੁਸੀਂ ਸਾਨੂੰ ਚੰਗਾ ਫਸਾਇਆ ਹੈ।
ਮੁੰਡੇ ਵਾਲੇ ਬਹੁਤ ਲਾਲਚੀ ਹਨ। ਹੁਣ ਕਾਰ ਮੰਗ ਰਹੇ ਹਨ ਅਤੇ ਕੁੜੀ ਨੂੰ ਕੁੱਟ ਮਾਰ ਕੇ ਸਾਡੇ ਕੋਲ ਛੱਡ ਗਏ ਹਨ।’’ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਵੇ ਪਰ ਜੋ ਸੀ ਉਸ ਦਾ ਸਾਹਮਣਾ ਤਾਂ ਕਰਨਾ ਜ਼ਰੂਰੀ ਸੀ। ਅਸੀਂ ਦੂਸਰੇ ਦਿਨ ਲੜਕੇ ਦੇ ਘਰ ਗਏ ਪਰ ਉਹਨਾਂ ਦਾ ਵਤੀਰਾ ਹੀ ਹੋਰ ਤਰ੍ਹਾਂ ਦਾ ਸੀ। ਉਹ ਸਾਨੂੰ ਸਤਿਕਾਰ ਯੋਗ ਵਿਚੋਲੇ ਦੀ ਥਾਂ ਉੱਲੂ ਦਾ ਚਰਖਾ ਹੀ ਸਮਝਣ ਲੱਗੇ। ਲੜਕੇ ਦਾ ਬਾਪ ਬੋਲਿਆ, ‘‘ਕੀ ਨੰਗਾਂ ਨਾਲ ਵਾਹ ਪੁਆ ਦਿੱਤਾ ਹੈ? ਸਾਡੇ ਸਾਰੇ ਰਿਸ਼ਤੇਦਾਰ ਆਖਦੇ ਹਨ ਕਿ ਕਿਸ ਲਾਹਨਤੀ ਨੇ ਇਹ ਰਿਸ਼ਤੇ ਕਰਵਾਇਆ ਹੈ।’’
ਬੇਰੰਗ ਚਿੱਠੀ ਵਾਂਗ ਅਸੀਂ ਤੱਤੀਆਂ ਠੰਢੀਆਂ ਸੁਣ ਕੇ ਘਰ ਵਾਪਸ ਆ ਗਏ। ਸਾਰਾ ਪਰਿਵਾਰ ਵੀ ਪ੍ਰੇਸ਼ਾਨ ਸੀ ਕਿ ਕਿਥੇ ਫਾਲਤੂ ਦੀ ਸਿਰਦਰਦੀ ਸਹੇੜ ਬੈਠੇ ਹਾਂ। ਨਾ ਲੜਕੀ ਵਾਲਿਆਂ ਜੋਗੇ ਰਹੇ ਤੇ ਨਾ ਲੜਕੇ ਵਾਲਿਆਂ ਜੋਗੇ ਰਹੇ। ਦੋਨਾਂ ਧਿਰਾਂ ਦੇ ਰਿਸ਼ਤੇਦਾਰਾਂ ਨੂੰ ਵਿਚ ਪੁਆ ਕੇ ਦਹੇਜ਼ ਦੇ ਦੁਆ ਕੇ ਕੁੜੀ ਵਾਪਸ ਕਰਵਾਈ, ਕਿਉਂਕਿ ਮੁੰਡੇ ਵਾਲੇ ਮਾਂਹ ਦੇ ਆਟੇ ਵਾਂਗ ਆਕੜੇ ਹੋਏ ਸਨ ਤੇ ਹੋਰ ਕੋਈ ਚਾਰਾ ਨਹੀਂ ਸੀ। ਸਾਡੀ ਹਾਲਤ ‘ਜਾਨ ਬਚੀ ਲਾਖੋਂ ਪਾਏ, ਲੋਟ ਕੇ ਬੁੱਧੂ ਘਰ ਕੋ ਆਏ’ ਵਾਲੀ ਸੀ।
ਮੁੰਡੇ ਦਾ ਬਜ਼ੁਰਗ ਦਾਦਾ ਚਤਰ ਸਿੰਘ ਉਰਫ ਛਿੱਤਰ ਸਿੰਘ ਮਾਲਾ ਫੜੀ ਦੇਹ ਮਣਕੇ ਤੇ ਮਣਕਾ ਫੇਰਦਾ ਜੋਰ ਦੀ ਫੁੰਕਾਰਾ ਮਾਰਦਾ ਬੋਲਿਆ, ‘‘ਓਏ ਵਿਚੋਲੇ ਰੂਪੀ ਦਲਾਲਾ! ਮੈਂ ਤੈਨੂੰ ਤਾਂ ਕੁਝ ਨਹੀਂ ਕਹਿੰਦਾ। ਤੇਰਾ ਕੋਈ ਕਸੂਰ ਵੀ ਨਹੀਂ। ਮੈਂ ਉਸ ਕਮੀਨੇ ਤੇ ਬੇਵਕੂਫ ਨਿਹਾਲੇ ਨੂੰ ਲਾਹਨਤ ਭੇਜਦਾ ਹਾਂ, ਜਿਸ ਨੇ ਇਸ ਰਿਸ਼ਤੇ ਬਾਰੇ ਤੇਰੇ ਵਰਗੇ ਮਹਾਂ ਮੂਰਖ ਬੰਦੇ ਨੂੰ ਸਾਡੇ ਘਰ ਭੇਜਿਆ ਸੀ।’’
ਇਹ ਕਹਿ ਕੇ ਚਤਰ ਸਿੰਘ ਮੁੜ ਮਾਲਾ ਜਪਣ ਵਿਚ ਲੀਨ ਹੋ ਗਿਆ। ਸੋ ਇਸ ਪਹਿਲੇ ਤੇ ਆਖਰੀ ਦਲਾਲੀ ਦੇ ਕਾਰਜ ਵਿਚ ਗਰਮ ਕੰਬਲ ਦੇ ਨਾਲ ਹੀ ਗਰਮਾ ਗਰਮ ਗਾਲ੍ਹਾਂ, ਬੇਇਜ਼ਤੀ ਤੇ ਝਾੜ ਝੰਮ ਦੇ ਪ੍ਰਸ਼ਾਦ ਪ੍ਰਾਪਤ ਕਰਕੇ ਸਾਡੀ ਤੋਬਾ ਤੋਬਾ ਹੋ ਗਈ।
ਸਾਡੇ ਸਥਾਪਤ ਵਿਚੋਲਾ ਬਣਨ ਦੇ ਸੁਪਨੇ ਢਹਿ ਢੇਰੀ ਹੋ ਗਏ।
ਹੁਣ ਅਸੀਂ ਵਿਚੋਲਾ ਬਣ ਕੇ ਰੋਜ਼ੀ ਰੋਟੀ ਕਮਾਣ ਦੇ ਧੰਦੇ ਨੂੰ ਸਦਾ ਲਈ ਤਿਲਾਂਜਲੀ ਦੇ ਦਿੱਤੀ ਹੈ। ਇਵੇਂ ਜਿਵੇਂ ਲੂੰਬੜੀ ਨੇ ਕਈ ਵਾਰ ਉਛਲ ਕੁਦ ਕੇ ਅੰਗੂਰਾਂ ਤਾੲੀਂ ਅਪੜਨ ਦੀ ਕੋਸ਼ਿਸ਼ ਕੀਤੀ, ਵਾਰ-ਵਾਰ ਧਰਤੀ ਤੇ ਉਲਟੀ ਆ ਡਿਗੀ। ਅਖੀਰ ਉਸ ਨੇ ‘‘ਅੰਗੂਰ ਖੱਟੇ ਹਨ’’ ਕਹਿ ਕੇ ਆਪਣਾ ਪਿਛਾ ਛੁਡਾਇਆ। ਇਸੇ ਤਰ੍ਹਾਂ ਅਸੀਂ ਵੀ ਆਪਣੇ ਮਿੱਤਰਾਂ ਦੋਸਤਾਂ ਨੂੰ ਇਹ ਦਰਸਾ ਕੇ ਪਿਛਾ ਛੁਡਾਇਆ ਕਿ ‘‘ਇਹ ਕਾਰਜ ਬੜਾ ਕੁੱਤਾ ਹੈ ਜੀ। ਨਾ ਇਹ ਸਾਡੇ ਮਾਫਕ ਹੈ, ਨਾ ਅਸੀਂ ਇਸ ਦੇ ਯੋਗ ਹਾਂ।’’

Comment here