ਸਾਹਿਤਕ ਸੱਥ

ਵਾੜ

(ਕਹਾਣੀ)

ਉਹ ਉੱਠਿਆ, ਆਕੜ ਭੰਨੀ, ਲੰਮਾ ਸਾਹ ਭਰਿਆ, ਲੱਕ ਸਿੱਧਾ ਕੀਤਾ। ਉਹਨੂੰ ਜਾਪਿਆ ਜਿਵੇਂ ਉਹ ਕੁੱਬਾ ਹੁੰਦਾ ਜਾ ਰਿਹਾ ਹੋਵੇ, ਹਰ ਵਕਤ ਥੱਕਿਆ-ਥੱਕਿਆ ਜਿਹਾ। ਅਜੀਬ ਜਿਹੀ ਥਕਾਵਟ ਤੇ ਕਮਜ਼ੋਰੀ ਜਿਵੇਂ ਉਹਦੇ ਅੰਦਰ ਘਰ ਕਰਦੀ ਜਾ ਰਹੀ ਹੋਵੇ, ਆਹਿਸਤਾ ਆਹਿਸਤਾ, ਬੇਮਾਲੂਮੀ ਜਿਹੀ ਤੁਰਦੀ ਹੋਈ ਘਿਸਰਦੀ ਹੋਈ ਉਹਦੇ ਰੋਮ-ਰੋਮ ’ਚ ਪਸਰਦੀ ਜਾ ਰਹੀ ਹੋਵੇ।
ਕਦੇ ਕਿੰਨਾ ਤਕੜਾ ਹੋਇਆ ਕਰਦਾ ਸੀ ਉਹ। ਹਰ ਕੰਮ ’ਚ ਮੋਢੀ, ਕੌਡੀ ਵਾਡੀ, ਰੱਸਾ ਖਿੱਚਣਾ ਸਭ ਤੋਂ ਮੋਹਰੀ। ਇਹ ਸੋਚ ਕਿ ਉਹ ਇੱਕ ਫ਼ਿੱਕੀ ਜਿਹੀ ਹਾਸੀ ਹੱਸਿਆ, ਜਿਵੇਂ ਆਪ ਵੀ ਇਸ ਹਾਲਤ ਨੂੰ ਹਊ ਪਰ੍ਹੇ ਕਰ ਰਿਹਾ ਹੋਵੇ, ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਹਨੂੰ ਲੱਗਿਆ ਗੰਧਾਲਾ (ਵਾੜ ਗੱਡਣ ਲਈ ਧਰਤੀ ’ਚ ਖੱਡੇ ਕਰਨ ਵਾਲਾ ਸੰਦ) ਉਹਦੇ ਹੱਥੋਂ ਛੁਟਦਾ ਜਾ ਰਿਹਾ ਹੋਵੇ, ਤਿਲਕਦਾ ਜਾ ਰਿਹਾ ਹੋਵੇ।
ਉਹਨੇ ਦੋਵਾਂ ਹੱਥਾਂ ’ਚ ਘੁੱਟ ਕੇ ਗੰਧਾਲਾ ਧਰਤੀ ’ਚ ਗੱਡ ਕੇ ਉੱਠਣ ਦੀ ਕੋਸ਼ਿਸ਼ ਕੀਤੀ। ਉਹਨੂੰ ਜਾਪਿਆ ਉਹਦੀਆਂ ਲੱਤਾਂ ਤਾਂ ਉਹਦਾ ਸਾਥ ਹੀ ਨਹੀਂ ਦੇ ਰਹੀਆਂ। ਉਹ ਨੇ ਆਪਣੇ ਆਪ ਨੂੰ ਜਾਂ ਆਪਣੀ ਕਮਜ਼ੋਰੀ ਜਾਂ ਪਤਾ ਨਹੀਂ ਕੀਹਨੂੰ ਇੱਕ ਭਰਵੀਂ ਗਾਲ੍ਹ ਕੱਢਦਿਆਂ ਹੁੰਬਲੀ ਮਾਰੀ। ਕੋਡਾ ਜਿਹਾ ਹੁੰਦਾ, ਦੂਜਾ ਹੱਥ ਧਰਤੀ ’ਤੇ ਰੱਖਦਾ ਜਦ ਉਹ ਉੱਠਿਆ ਤਾਂ ਉਹਦੀਆਂ ਲੱਤਾਂ ਥਿੜਕੀਆਂ, ਫ਼ਿਰ ਸੰਭਲੀਆਂ, ਪਰ ਉਹ ਆਪਣਾ ਲੱਕ ਨਾ ਸਿੱਧਾ ਕਰ ਸਕਿਆ।
ਅਚਾਨਕ ਉਹਨੇ ਪੈਲੀਆਂ ਵੱਲ ਝਾਤ ਜਿਹੀ ਮਾਰੀ। ਪਰਲੀ ਗੁੱਠੋਂ ਬਾਨੇ ਦੀਆਂ ਬੱਕਰੀਆਂ ਦਾ ਇੱਜੜ ਸਾਰੇ ਦਾ ਸਾਰਾ ਦੇ ਖੇਤ ’ਚ ਵੜਿਆ, ਕਬਾੜਾ ਕਰੀ ਜਾ ਰਿਹਾ ਸੀ। ਵੱਟਾਂ ਤੋਂ ਘਾਹ ਖੋਤਰ ਦੀਆਂ ਜ਼ਨਾਨੀਆਂ, ਮੱਕੀ ਦੇ ਖੇਤ ’ਚ ਆ ਵੜੀਆਂ ਸਨ। ਟਾਂਡੇ ਭੰਨ ਭੰਨ ਉਹ ਘਾਹ ਹੇਠ ਲੁਕੋਈ ਜਾ ਰਹੀਆਂ ਸਨ। ਸੜਕ ਵਾਲੇ ਪਾਸਿਉਂ ਵਾੜ ਪੁੱਟ ਕੇ ਕੋਈ ਲੈ ਗਿਆ ਸੀ।
ਉਹ ਜੇਲ੍ਹ ’ਚ ਕਾਹਦਾ ਗਿਆ, ਅੱਧੀ ਤੋਂ ਵੱਧ ਵਾੜ ਲੋਕੀਂ ਲੈ ਗਏ ਸਨ। ਕਿਵੇਂ ਖੇਤ ’ਚ ਵੜੇ ਸਾਨ੍ਹ ਦੀ ਉਹਦੇ ਤੋਂ ਟੰਗ ਵੱਢੀ ਗਈ ਸੀ। ਕਿਵੇਂ ਪਿੰਡ ਵਾਲਿਆਂ ਉਹਦੀ ਰਿਪੋਰਟ ਥਾਣੇ ਜਾ ਦਿੱਤੀ ਸੀ। ਅਖੇ: ਇਹ ਤਾਂ ਮਾਰ ਹੀ ਮੁਕਾਉਣ ਲੱਗਾ ਸੀ ਗਊ ਦੇ ਜਾਏ ਨੂੰ, ਕਿਰਪੇ ਪੰਡਿਤ ਨੇ ਤਾਂ ਥਾਣੇ ਦਰਖ਼ਾਸਤ ਜਾ ਠੋਕੀ ਸੀ, ਲੋਕ ਤਾਂ ਪਹਿਲਾਂ ਹੀ ਉਹਦੇ ਤੋਂ ਅੱਕੇ ਪਏ ਸਨ, ਗਵਾਹ ਵੀ ਝੱਟ ਤਿਆਰ ਹੋ ਗਏ। ਛੇ ਮਹੀਨੇ ਦੀ ਬਾ-ਮੁਸ਼ੱਕਤ ਕੈਦ ਭੁਗਤਣੀ ਪੈ ਗਈ। ਉਹਦੇ ਆਪਣੇ ਦੋਵੇਂ ਪੁੱਤਰ ਰੋਜ਼-ਰੋਜ਼ ਦੇ ਉਲਾਂਭਿਆਂ ਤੋਂ ਅੱਕੇ ਪਏ ਸਨ। ਉਨ੍ਹਾਂ ਨੂੰ ਤਾਂ ਖੇਤਾਂ ਉਦਾਲੇ ਵਾੜ, ਜਿਵੇਂ ਫਾਲਤੂ ਜਿਹੀ ਲੱਗਦੀ ਜਿਵੇਂ ਬੁੱਢੇ ਨੂੰ ਕੋਈ ਖ਼ਬਤ ਹੋ ਗਿਆ ਹੋਵੇ, ਝੱਲ ਹੋ ਗਿਆ ਹੋਵੇ। ਉਹ ਜੇਲ੍ਹ ਚਲਾ ਗਿਆ। ਮੁੰਡਿਆਂ ਨੇ ਵਾੜ ਦੀ ਪਰਵਾਹ ਨਾ ਕੀਤੀ। ਜਦ ਉਹ ਛੁੱਟ ਕੇ ਆਇਆ ਤਾਂ ਵਾੜ ਦੇ ਨਾਂ ’ਤੇ ਐਵੇਂ ਕਿਤੇ-ਕਿਤੇ ਕੋਈ ਮੋਹੜੀ ਗੱਡੀ ਰਹਿ ਗਈ ਸੀ।
ਕਦੇ ਇਹ ਧਰਤੀ ਓਬੜ-ਖਾਬੜ ਸੀ, ਨਿਰੇ ਝਾੜ-ਝੰਖਾੜ ਤੇ ਜੰਗਲੀ ਝਾੜੀਆਂ ਤੇ ਝਾੜੀਆਂ ਨਾਲ ਲਾਲ-ਲਾਲ ਬਲਬਾਂ ਵਾਂਗ ਲਟਕਦੇ ਪੇਂਝੂ…। ਉਹਦਾ ਬਾਪੂ ਤੇ ਤਾਇਆ ਝਾੜੀਆਂ ਵੱਢਦੇ ਰਹਿੰਦੇ। ਉਹ ਪੇਂਝੂ ਤੋੜ-ਤੋੜ ਖਾਂਦਾ ਰਹਿੰਦਾ। ਇੱਥੋਂ ਤਕ ਕਿ ਉਹਦਾ ਮੂੰਹ ਵੀ ਉੱਛ ਜਾਂਦਾ। ਉਹਦੀ ਮਾਂ ਹਰੇ ਹਰੇ ਡੇਲੇ ਤੋੜ ਕੇ ਬੜਾ ਸਵਾਦ ਅਾਚਾਰ ਪਾਉਂਦੀ, ਇਕਦਮ ਕਰਾਰਾ। ਹੌਲੀ-ਹੌਲੀ ਉਹਦੇ ਬਾਪੂ ਤੇ ਤਾਏ ਲਈ ਉਹ ਲੋੜੀਂਦੀ ਸ਼ੈਅ ਬਣਦਾ ਗਿਆ। ਘੜੇ ’ਚੋਂ ਪਾਣੀ ਦੀ ਬਾਟੀ ਭਰ ਕੇ ਫੜਾਉਣ ਲਈ, ਵੱਢੀਆਂ ਹੋਈਆਂ ਝਾੜੀਆਂ ਨੂੰ ਨਾਲ ਲੱਗ ਕੇ ਖਿੱਚਣ ਲਈ, ਨਾਲ ਲਿਆਂਦੀਆਂ ਮੱਝਾਂ ਨੂੰ ਮੋੜਾ ਲਾਉਣ ਲਈ, ਦੂਰ ਗਈ ਝੋਟੀ ਨੂੰ ਮੋੜ ਲਿਆਉਣ ਲਈ, ਕਿੰਨਾ ਚਾਅ ਚੜ੍ਹਿਆ ਰਹਿੰਦਾ ਸੀ ਉਦੋਂ ਉਹਨੂੰ। ਕਿੰਨੀ ਭੱਜ ਦੌੜ ਕਰਿਆ ਕਰਦਾ ਸੀ। ਉਹਦੀ ਜ਼ਿੰਦਗੀ ’ਚ ਇੱਕ ਧੜਕਣ ਸੀ, ਚਾਅ ਤੇ ਉਮਾਹ ਸੀ, ਇੱਕ ਜੋਸ਼ ਜੋ ਨਸ ਨਸ ’ਚ ਰਮਿਆ ਹੋਇਆ, ਦੌੜਣ ਭੱਜਣ ਲਈ ਉਕਸਾਉਂਦਾ ਸੀ। ਕਈ ਵਾਰ ਤਾਂ ਉਹ ਐਵੇਂ ਸ਼ੌਕ ਨਾਲ ਹੀ, ਏਧਰ ਓਧਰ ਗੋਲ ਗੋਲ ਘੁੰਮੀ ਜਾਂਦਾ ਜਿਵੇਂ ਕੋਈ ਸ਼ਕਤੀ ਉਹਨੂੰ ਚਾਅ-ਮੱਤਾ ਕਰੀ ਰੱਖਦੀ, ਦੌੜਾਈ ਰੱਖਦੀ ਤੇ ਉਹਨੂੰ ਲੱਗਦਾ ਉਹ ਦਿਨੋਂ ਦਿਨ ਹੋਰ ਤਕੜਾ ਹੁੰਦਾ ਜਾ ਰਿਹਾ ਹੋਵੇ। ਸਭ ਸੋਚਦਿਆਂ ਇੱਕ ਫ਼ਿੱਕੀ ਜਿਹੀ ਮੁਸਕਰਾਹਟ ਉਹਦੇ ਹੋਠਾਂ ’ਤੇ ਆ ਕੇ ਇਕਦਮ ਜਿਵੇਂ ਛਪਣ-ਛੋਤ ਹੋ ਗਈ ਸੀ।
ਆਕੜ ਤੇ ਆਕੜ ਭੰਨਦਾ ਹੋਇਆ ਆਪਣੇ ਆਪ ਨੂੰ ਸਿੱਧਿਆਂ ਕਰਦੇ ਹੋਇਆਂ ਉਹਨੇ ਚਾਰ ਚੁਫ਼ੇਰੇ ਨਜ਼ਰ ਮਾਰੀ। ਮਾਹਣੇ ਕਿਆਂ ਦੇ ਛੱਪਰ ਵੱਲ ਵੇਖਿਆ ਤਾਂ ਮਾਹਣੇ ਕੀ ਮੱਝ ਵਾੜ ਭੰਨ ਕੇ ਉਹਦੇ ਖੇਤ ’ਚ ਵੜੀ ਲਵੇ-ਲਵੇ ਮੱਕੀ ਦੇ ਬੂਟਿਆਂ ਨੂੰ ਲਪਰ-ਲਪਰ ਚਰ ਰਹੀ ਸੀ। ਗੁੱਸਾ ਤਾਂ ਉਹਨੂੰ ਬਹੁਤ ਆਇਆ, ਪਰ ਉਹ ਮੂੰਹ ’ਚ ਹੀ ਬੁੜਬੁੜਾ ਕੇ ਚੁੱਪ ਕਰ ਗਿਆ: ਵਾੜ ਪੁਰਾਣੀ ਹੋ ਗਈ ਏ, ਏਧਰੋਂ ਦਬ ਜਿਹੀ ਗਈ ਏ। ਕੱਲ੍ਹ ਸ਼ਾਮਲਾਟ ਦੀ ਝਿੜੀ ’ਚੋਂ ਮੈਂ ਵਾੜ ਕਰਨ ਲਈ ਕਿੱਕਰੀਆਂ ਦੇ ਝਾਂਭੇ ਲਿਆਵਾਂਗਾ।’
ਅਚਾਨਕ ਉਹਨੇ ਪੈਲੀਆਂ ਦੇ ਚੜ੍ਹਦੇ ਵੱਲ ਝਾਤ ਮਾਰੀ ਤਾਂ ਉਹਨੂੰ ਦੋ ਤਿੰਨ ਬੱਕਰੀਆਂ ਦਿਸੀਆਂ। ਇਕਦਮ ਉਹਦੇ ਅੰਦਰ ਉਬਾਲ ਜਿਹਾ ਉੱਠਿਆ ਜਿਵੇਂ ਉਹ ਹੁਣੇ ਦੌੜ ਕੇ ਜਾਵੇ ਤੇ ਇੱਕ ਅੱਧੀ ਬੱਕਰੀ ਦੀ ਟੰਗ ਵੱਢ ਦੇਵੇ ਜਾਂ ਕੰਡ ’ਤੇ ਸਿੱਧੀ ਕੁਹਾੜੀ ਮਾਰ ਕੇ ਲਹੂ-ਲੁਹਾਣ ਕਰ ਦੇਵੇ। ਗੁੱਸੇ ਨਾਲ ਭਰਿਆ ਉਹ ਉੱਠਿਆ, ਤਿੰਨ ਚਾਰ ਡੀਂਗਾਂ ਵੀ ਪੁੱਟੀਆਂ, ਪਰ ਉਹਦੀਆਂ ਲੱਤਾਂ ਨੇ ਸਾਥ ਨਾ ਦਿੱਤਾ। ਉਹਨੇ ਹੋਕਰਾ ਮਾਰਿਆ, ਪਰ ਉਹਦੀ ਅਾਵਾਜ਼ ਭਰੜਾ ਗਈ, ਜ਼ਰੂਰ ਇਹ ਬੱਕਰੀਆਂ ਬਾਨੇ ਬਾਜ਼ੀਗਰ ਦੀਆਂ ਹੀ ਨੇ। ਉਹਨੇ ਇੱਕ ਦੋ ਗਾਲ੍ਹਾਂ ਕੱਢੀਆਂ, ਬੁੜਬੁੜਾਇਆ, ਫ਼ਿਰ ਜਿਵੇਂ ਬੇਵੱਸ ਹੋਇਆ ਚੁੱਪ ਕਰ ਗਿਆ।
‘‘ਮੈਂ ਜ਼ਰੂਰ ਪੰਚਾਇਤ ਕਰਾਂਗਾ, ਬਾਨੇ ਨੂੰ ਛਿੱਤਰ ਨਾ ਪਵਾਏ ਤਾਂ ਮੇਰਾ ਨਾਂ ਮਹਿੰਗਾ ਨਹੀਂ…।’’ ਉਹ ਮੂੰਹ ’ਚ ਹੀ ਬੁੜਬੁੜਾਇਆ।
‘‘ਕਿੰਨੀ ਮਜ਼ਬੂਤ ਵਾੜ ਹੋਇਆ ਕਰਦੀ ਸੀ ਮੇਰੇ ਖੇਤਾਂ ਦੁਆਲੇ, ਬੰਦਾ ਬੰਦਾ ਉੱਚੀ ਵਾੜ, ਕਿੱਕਰਾਂ ਦੇ ਝਾਂਬਿਆਂ ਦੀ, ਲੰਮੀਆਂ ਲੰਮੀਆਂ ਸੂਲਾਂ ਨਾਲ ਪਹੁੰਚੀ ਹੋਈ… ਕੀ ਮਜਾਲ ਕਿਸੇ ਦਾ ਕੋਈ ਡੰਗਰ ਵੱਛਾ ਪੈਲੀ ’ਚ ਵੜ ਵੀ ਜਾਵੇ…।’’
‘‘ਤਾਇਆ ਬੱਸ ਕਰ ਹੁਣ ਤੇਰੀ ਵਰੇਸ ਏ ਝਾਂਬੇ ਢੋਣ ਦੀ।’’ ਕੋਈ ਨਾ ਕੋਈ ਭਾਖੜਾ ਨਹਿਰ ਦੀ ਪਟੜੀ ਨਾਲ ਉੱਗੇ ਕਿੱਕਰਾਂ ਤੋਂ ਝਾਂਬੇ ਵੱਢਦਿਆਂ ਨੂੰ ਵੇਖ, ਉਹਦੇ ’ਤੇ ਤਰਸ ਖਾਣ ਦੀ ਬਜਾਏ ਉਹਨੂੰ ਟਿੱਚਰ ਕਰਕੇ ਲੰਘ ਜਾਂਦਾ। ‘‘ਤੂੰ ਤਾਂ ਸ਼ਾਮਲਾਟ ਦੀਆਂ ਕਿੱਕਰਾਂ ਗੰਜੀਆਂ ਕਰ ਦਿੱਤੀਆਂ ਨੇ…।’’ ਕਿੱਕਰਾਂ ਦੇ ਝਾਂਬੇ ਧਰੂਹ ਕੇ ਲਿਆਉਂਦੇ ਨੂੰ ਲੋਕੀਂ ਮਖ਼ੌਲ ਕਰਦੇ।
‘‘ਵੇ ਭਾਈ, ਤੂੰ ਸਭ ਨੂੰ ਚੋਰ ਹੀ ਜਾਤਾ ਈ, ਕੱਲੇ ਤੇਰੇ ਖੇਤ ਤਾਂ ਨਹੀਂ ਪਿੰਡ ’ਚ ਆਹੋ ਤੇ…..।’’ ਮਿੰਦੋ ਵੀ ਆਉਂਦੀ ਜਾਂਦੀ ਆਪਣਾ ਫ਼ਲਸਫ਼ਾ ਝਾੜ ਜਾਂਦੀ।
ਇੱਕ ਅਜੀਬ ਜਿਹਾ ਅਹਿੰ, ਆਪਣੇ ਅੰਦਰ ਆਪੇ ਫੁੱਟਦੀ ਹੋਈ ਅਹਿਮੀਅਤ, ਸਿੰਜਰਦੀ ਤੇ ਪੁੰਗਰਦੀ ਹੋਈ, ਇੱਕ ਖੁਖ਼ਤਾ ਵਿਚਾਰ ’ਚ ਬਦਲਦੀ ਹੋਈ… ਕਿ ਉਹ ਵੱਡਾ ਹੋ ਕੇ ਸਿਰੇ ਤੋਂ ਸਿਰੇ ਤਾਈਂ ਵਾੜ ਹੀ ਤਾਂ ਕਰ ਦੇਵੇਗਾ, ਡੰਗਰ ਵੱਛਾ, ਭੇਡ ਬੱਕਰੀ, ਬੰਦੇ, ਕੋਈ ਵੀ ਤਾਂ ਨਹੀਂ ਵੜ ਸਕੇਗਾ ਉਹਦੀ ਪੈਲੀ ’ਚ। ਇਹ ਵਿਚਾਰ ਨਿਰਾ ਹਵਾ ’ਚੋਂ ਨਹੀਂ ਸੀ ਪਣਪਿਆ। ਉਹ ਸਮਝਦਾ ਸੀ ਜੇ ਜ਼ਿੰਦਗੀ ’ਚ ਕਿਸੇ ਸਫਲਤਾ ਪ੍ਰਾਪਤ ਕਰਨੀ ਹੋਵੇ ਤਾਂ ਬੱਸ ਆਪਣੇ ਅਸੂਲਾਂ, ਫ਼ਲਸਫ਼ਿਆਂ, ਆਦਰਸ਼ਾਂ ਤੇ ਵਿਚਾਰਾਂ ਦੁਆਲੇ ਇੱਕ ਪਹਿਰਾ ਖੜ੍ਹਾ ਕਰ ਦੇਵੇ। ਇਹੀ ਵਿਚਾਰ ਉਹਨੂੰ ਆਪਣੀ ਪੈਲੀ ਦੁਆਲੇ ਪੱਕੀ ਵਾੜ ਕਰਨ ਦਾ ਅਹੁੜਿਆ।
ਇਹ ਵਾੜ ਕਰਨ ਦਾ ਵਿਚਾਰ ਤਾਂ ਉਹਨੂੰ ਛੋਟੀ ਉਮਰੇ ਪਣਪਿਆ ਸੀ, ਜਦ ਉਹ ਲੋਕਾਂ ਦੇ ਡੰਗਰ ਪਸ਼ੂ, ਭੇਡਾਂ ਬੱਕਰੀਆਂ, ਪੈਲੀਆਂ ’ਚ ਧੱਕੇ ਨਾਲ ਆ ਵੜਦੇ ਸਰਕਾਰੀ ਸਾਨ੍ਹ, ਸਾਗ, ਸਬਜ਼ੀ ਤੋੜਨ ਆਈਆਂ ਕੁੜੀਆਂ ਤੀਵੀਆਂ ਨੂੰ ਫ਼ਸਲ ਦਾ ਉਜਾੜਾ ਕਰਦਿਆਂ ਦੇਖਦਾ।
‘‘ਆਹ ਫ਼ਸਲ ਤਾਂ ਚੰਗੀ ਸੀ, ਉਜਾੜਾ ਕਰਨ ਵਾਲਿਆਂ ਨੇ ਅੱਧੀ ਨਹੀਂ ਰਹਿਣ ਦਿੱਤੀ…।’’ ਉਹ ਹਰ ਆਏ ਗਏ ਅੱਗੇ ਝੂਰਦਾ।
ਸੁਵਖਤੇ ਉੱਠਦਾ ਹੀ ਉਹ ਝਿੜੀ ’ਚੋਂ ਕੰਡਿਆਲੀਆਂ ਕਿੱਕਰੀਆਂ ਦੇ ਝਾਂਬੇ ਵੱਢਣ ਨਿਕਲ ਤੁਰਦਾ। ਇੱਕ ਅਜੀਬ ਤੇ ਅਲ-ਵਲੱਲਾ ਜਿਹਾ ਝੱਲ ਉਹਦੇ ਅੰਦਰ ਘਰ ਕਰ ਗਿਆ ਸੀ। ਝਾਂਬੇ ਧਰੂਹ ਕੇ ਪੈਲੀ ਤਕ ਲਿਆਉਂਦਿਆਂ, ਉਹ ਮੁੜ੍ਹਕੋ ਮੁੜ੍ਹਕੀ ਹੋ ਜਾਂਦਾ। ਉਹਦੀ ਮਾਂ ਰੋਟੀ ਖਾਣ ਲਈ ਆਵਾਜ਼ਾਂ ਮਾਰਦੀ ਰਹਿੰਦੀ, ਪਰ ਉਹ ਗੰਧਾਲਾ ਤੇ ਕੁਹਾੜੀ ਮੋਢੇ ’ਤੇ ਧਰੀ ਪੈਲੀਆਂ ਦੁਆਲੇ ਗੇੜੇ ਕੱਢਣ ਲੱਗਦਾ, ਕਿੱਥੋਂ ਕਿਹੜੀ ਗੁੱਠੋਂ ਸ਼ੁਰੂ ਕਰਕੇ, ਕਿੱਥੋਂ ਤਕ ਅੱਪੜਿਆ ਜਾਵੇ। ਉਹ ਆਪਣੇ ਮਨ ਹੀ ਮਨ ’ਚ ਆਪਣੀ ਵਿਉਂਤ ਭੰਨ੍ਹਦਾ ਘੜਦਾ, ਆਪਣੇ ਖੇਤਾਂ ਦੁਆਲੇ ਚੱਕਰ ’ਤੇ ਚੱਕਰ ਮਾਰਦਾ ਹੋਇਆ, ਉਜਾੜੇ ਪੱਖੋਂ, ਕਮਜ਼ੋਰ ਦਿਸ਼ਾ ਚੁਣ ਕੇ, ਗੰਧਾਲਾ ਮੋਢੇ ਤੋਂ ਲਾਹ ਖੱਡੇ ਕੱਢਣ ਲੱਗਦਾ। ਠਹਿ ਠਹਿ ਉਹਦਾ ਗੰਧਾਲਾ ਧਰਤੀ ਦੀ ਕਰੜੀ ਹਿੱਕ ਪਾੜਦਾ ਹੋਇਆ, ਠਣਕਦਾ ਹੋਇਆ, ਉਲਰਦਾ ਹੋਇਆ, ਖੱਡੇ ਤੇ ਖੱਡਾ ਕੱਢ ਰਿਹਾ ਹੁੰਦਾ। ਕੰਡਿਆਲੀਆਂ ਮੋਹੜੀਆਂ ਨੂੰ ਖੱਡੇ ’ਚ ਬੀੜਦਾ ਹੋਇਆ, ਫਿਰ ਖੱਡੇ ਨੂੰ ਮਿੱਟੀ ਨਾਲ ਪੂਰਦਾ ਹੋਇਆ, ਪੁੱਠੇ ਗੰਧਾਲੇ ਨਾਲ ਮਿੱਟੀ ਨੂੰ ਨੱਪਦਾ ਤੇ ਦੱਬਦਾ ਹੋਇਆ, ਠੋਕਦਾ ਹੋਇਆ ਉਹ ਵਾਰ ਵਾਰ ਮੋਹੜੀਆਂ ਨੂੰ ਹਿਲਾ ਕੇ ਵਿੰਹਦਾ। ਉਹ ਵਾੜ ਦੀ ਮਜ਼ਬੂਤੀ ਨੂੰ ਬਹੁਤ ਅਹਿਮੀਅਤ ਦਿੰਦਾ।
ਭੁੱਖ ਨਾਲ ਉਹਦੀਆਂ ਆਂਦਰਾਂ ਨਿਕਲਦੀਆਂ ਹੁੰਦੀਆਂ। ਵੇਖਦਾ ਤਾਂ ਮਾਂ ਉਹਦੇ ਵੱਲ ਹੀ ਤੁਰੀ ਆ ਰਹੀ ਹੁੰਦੀ, ਲੱਸੀ ਵਾਲਾ ਕੁੱਜਾ ਸਿਰ ’ਤੇ ਟਿਕਾਈ, ਖੱਦਰ ਦੇ ਪੋਣੇ ’ਚ ਬੱਧੀਆਂ ਮੱਖਣ ਨਾਲ ਚੋਪੜੀਆਂ ਤੰਦੂਰੀ ਰੋਟੀਆਂ… ਉਹ ਹੁੰਬਲੀ ਮਾਰ ਕੇ ਉੱਠਦਾ ਤੇ ਨਾਲ ਹੀ ਉਹਦੀ ਭੁੱਖ। ਮਾਂ ਦੇ ਸਿਰ ਤੋਂ ਲੱਸੀ ਵਾਲਾ ਕੁੱਜਾ ਉਤਾਰਦਾ ਹੋਇਆ, ਹੱਥਾਂ ਤੋਂ ਮਿੱਟੀ ਝਾੜ ਉਹ ਰੋਟੀ ਉਗ਼ਲ ਨੁਗ਼ਲ ਜਿਹੀ ਕਰਦਾ, ਭਰ ਕੇ ਛੰਨਾ ਲੱਸੀ ਦਾ ਪੀ ਉਹ ਇੱਕ ਲੰਮਾ ਡਕਾਰ ਮਾਰਦਾ ਤੇ ਫ਼ਿਰ ਆਪਣੇ ਕੰਮ ’ਚ ਰੁੱਝ ਜਾਂਦਾ ਮਾਂ ਉਹਨੂੰ ਕਈ ਕੁਝ ਯਾਦ ਕਰਵਾਉਂਦੀ ਰਹਿੰਦੀ ਕਿ ਕਣਕ ਬੀਜਣ ਤੋਂ ਪਛੇਤੀ ਹੋ ਰਹੀ ਏ, ਬਲਦਾਂ ਤੇ ਮੱਝਾਂ ਲਈ ਛੋਲਿਆਂ ਦਾ ਦਰੜ ਕਰਵਾਉਣਾ ਏ ਤੇ ਕੱਲ੍ਹ ਤਰਖ਼ਾਣ ਆਇਆ ਸੀ ਬੂਹੇ ਦਾ ਮੇਚਾ ਲੈ ਗਿਆ ਏ ਜਾਂ ਪੁੱਛਦੀ ਉਹ ਰਾਤ ਨੂੰ ਕਿਹੜੀ ਦਾਲ ਧਰੇ, ਗਵਾਂਢੀਆਂ ਦਾ ਕੁੱਤਾ ਉਹਦੀ ਤਿਤਰੀ ਕੁੱਕੜੀ ਨੂੰ ਫੜ ਕੇ ਲੈ ਗਿਆ ਏ, ਉਹਦੀ ਦਵਾਈ ਮੁੱਕੀ ਹੋਈ ਏ…। ਇਹ ਸਾਰੀਆਂ ਗੱਲਾਂ ਜਿਵੇਂ ਉਹਨੂੰ ਸੁਣਦੀਆਂ ਹੀ ਨਾ ਜਾਂ ਉਹ ਸੁਣਦਾ ਹੋਇਆ ਵੀ ਮਚਲਾ ਹੋਇਆ ਰਹਿੰਦਾ। ਮਚਲਾ ਵੀ ਨਹੀਂ, ਬੱਸ ਮਨ ਹੀ ਮਨ ਆਪਣੇ ਅੱਜ ਦੇ ਕੀਤੇ ਕੰਮ ਦੀ ਆਪਣੇ ਆਪ ਨੂੰ ਸ਼ਾਬਾਸ਼ ਦਿੰਦਾ, ਕੰਮ ਦੀ ਸੰਪੂਰਨਤਾ ਦਾ ਝੱਲ ਤੇ ਵਲੇਲ ਉਹਨੂੰ ਹੋਰ ਕੁਝ ਸੁੱਝਣ ਹੀ ਨਾ ਦਿੰਦਾ, ਗੌਲਣ ਹੀ ਨਾ ਦਿੰਦਾ।
ਇਹ ਨਹੀਂ ਕਿ ਉਹ ਪੈਲੀ ਨਾ ਵਾਹੁੰਦਾ, ਉਹ ਪੈਲੀ ਵਾਹੁੰਦਾ, ਡੂੰਘੀ ਹੋਰ ਡੂੰਘੀ, ਅਸਮਾਨ ’ਚ ਬੱਦਲ ਗੜ੍ਹਕਦੇ ਤਾਂ ਪੱਕੀ ਫ਼ਸਲ ਦੇ ਨੁਕਸਾਨੇ ਜਾਣ ਦਾ ਡਰ ਵੀ ਉਹਨੂੰ ਵੱਢ ਵੱਢ ਖਾਂਦਾ। ਉਹ ਹਰ ਕੰਮ ’ਚ ਸੰਪੂਰਨਤਾ ਚਾਹੁੰਦਾ, ਸਿਰੜ ਤੇ ਸੰਪੂਰਨਤਾ ਉਹਦਾ ਨਾਅਰਾ ਹੁੰਦਾ। ਉਹ ਪੈਲੀ ’ਚ ਦੇਸੀ ਅਰੂੜੀ ਪਾਉਂਦਾ, ਖਾਦ ਦਾ ਛੱਟਾ ਵੀ ਦਿੰਦਾ, ਵਧੀਆ ਬੀਜ ਦੀ ਭਾਲ ’ਚ ਉਹ ਖੇਤੀ-ਯੂਨੀਵਰਸਿਟੀ ਤਕ ਵੀ ਗੇੜਾ ਮਾਰ ਆਉਂਦਾ।
ਉਹਦਾ ਨਜ਼ਰੀਆ ਲੋਕਾਂ ਨਾਲੋਂ ਵੱਖਰਾ ਹੁੰਦਾ ਜਿਸ ਨੂੰ ਉਹ ਵਧੀਆ ਆਖਦਾ। ਇਨ੍ਹਾਂ ਸਾਰੀਆਂ ਸੋਚਾਂ ਤੇ ਫ਼ਿਕਰਾਂ ’ਚੋਂ ਲੰਘਦਾ ਹੋਇਆ ਉਹ ਆਪਣੇ ਖੇਤਾਂ ਦੁਆਲੇ ਇੱਕ ਲੰਮਾ ਗੇੜਾ ਲਾਉਂਦਾ, ਵਾੜ ਕਿੱਥੋਂ ਕਿੱਥੋਂ ਛਿੱਦੀ ਹੋ ਗਈ ਸੀ, ਕਿੱਥੋਂ ਪੁਰਾਣੀ ਹੋ ਕੇ ਧਸ ਗਈ ਸੀ, ਕਿੱਥੋਂ ਉਖੜਦੀ ਜਾ ਰਹੀ ਸੀ, ਕਿੱਥੋਂ ਵਾੜ ਦੇ ਝਾਂਬੇ ਪੁਰਾਣੇ ਹੋ ਕੇ ਉਨ੍ਹਾਂ ਦੇ ਮੁੱਢ ਗਲ ਗਏ ਸਨ, ਕਿੱਥੋਂ ਬਾਜ਼ੀਗਰਨੀਆਂ ਤੰਦੂਰਾਂ ਲਈ ਬਾਲਣ ਇਕੱਠਾ ਕਰਦੀਆਂ ਵਾੜ ਦੇ ਝਾਂਬੇ ਪੁੱਟ ਕੇ ਲੈ ਗਈਆਂ ਸਨ।
ਭਰ ਦੁਪਹਿਰੇ ਖੇਤ ਵਾਲੇ ਘਰ ’ਚ ਸੁੱਤੇ ਪਏ ਨੂੰ ਹੀ ਉਹਨੂੰ ਇੱਕ ਕਾਹਲ, ਇੱਕ ਅੱਚਵੀ ਜਿਹੀ ਸਤਾਉਣ ਲੱਗਦੀ। ਉਹ ਅੱਭੜਵਾਹੇ ਉੱਠਦਾ, ਕਮਰੇ ’ਚੋਂ ਬਾਹਰ ਨਿਕਲ, ਅੱਖਾਂ ’ਤੇ ਹੱਥਾਂ ਦੀ ਓਟ ਕਰਦਾ, ਉਹਨੂੰ ਕੁਝ ਸ਼ੱਕ ਜਿਹਾ ਪੈਂਦਾ। ਉਹ ਖੇਤ ਵੱਲ ਨੂੰ ਭੱਜ ਲੈਂਦਾ, ਉੱਖੜੀ ਹੋਈ ਵਾੜ ਦੀ ਥਾਂ ਪਾੜਾ ਉਹਨੂੰ ਦੂਰੋਂ ਹੀ ਦਿੱਸਦਾ ਤੇ ਮਾਹਣੇ ਦੀਆਂ ਕੱਟੀਆਂ ਵੱਛੀਆਂ ਖੇਤ ’ਚ ਵੜ ਕੇ ਉਜਾੜਾ ਕਰ ਰਹੀਆਂ ਹੁੰਦੀਆਂ, ਇੱਕ ਦੂਜੀ ਮਗਰ ਦੌੜ ਭੱਜ ਰਹੀਆਂ ਹੁੰਦੀਆਂ। ਮੱਕੀ ਦੇ ਮੱਥੇ ਵਾਲੇ ਖੇਤ ’ਚੋਂ ਕਿੰਨੇ ਹੀ ਮੱਕੀ ਦੇ ਟਾਂਡੇ ਮੜੁੱਚੇ ਪਏ ਹੁੰਦੇ, ਉਹਦੇ ਸਿਰ ਨੂੰ ਲਹੂ ਜਿਹਾ ਚੜ੍ਹ ਜਾਂਦਾ। ਹੱਥ ’ਚ ਡਾਂਗ ਫੜੀ ਉਹ ਖੇਤ ’ਚ ਵੜੀਆਂ ਮਾਹਣੇ ਦੀਆਂ ਮੱਝਾਂ ਮਗਰ ਹੋ ਲੈਂਦਾ, ਵਿਚਾਰੇ ਪਸ਼ੂ ਕੀ ਜਾਣਨ ਇਹ ਖੇਤ ਮਾਹਣੇ ਕਿਆਂ ਦਾ ਏ ਕਿ ਸੁਹਣੇ ਕਿਆਂ ਦਾ, ਉਨ੍ਹਾਂ ਲਈ ਤਾਂ ਸਾਰੀ ਧਰਤੀ ਹੀ ਆਪਣੀ ਹੁੰਦੀ ਏ, ਨਾ ਮੇਰ ਨਾ ਤੇਰ, ਨਾ ਵੱਟਾਂ ਨਾ ਬੰਨੇ, ਨਾ ਹੱਦਾਂ ਨਾ ਹੱਦਬੰਦੀਆਂ।
ਉਹ ਤਾਂ ਪੂਰੇ ਜ਼ੋਰ ਨਾਲ ਉਨ੍ਹਾਂ ਮਗਰ ਦੌੜਦਾ, ਹਫ਼ਦਾ, ਅੜਦਾ ਡਿੱਗਦਾ, ਡਾਗਾਂ ਮਾਰ ਮਾਰ ਮੱਝਾਂ ਦੇ ਖੁੰਨੇ ਭੰਨਦਾ, ਲੱਤਾਂ ’ਤੇ ਡਾਂਗਾਂ ਮਾਰਦਾ, ਉਨ੍ਹਾਂ ਮਗਰ ਚੱਕਰਵਾਤ ਵਾਂਗ ਘੁੰਮਦਾ। ਅਵੈੜੇ ਪਸ਼ੂ ਹੋਰ ਅੱਗੇ ਦੌੜਦੇ, ਰਿੰਗਦੇ, ਅਰੜਾਂਦੇ, ਬੜੀ ਮੁਸ਼ਕਿਲ ਨਾਲ ਪੈਲੀ ’ਚੋਂ ਨਿਕਲਦੇ। ਉਹ ਮੱਝਾਂ ਦੇ ਮਗਰੇ ਮਗਰ ਬਲਕਾਰ ਤੇ ਕਰਤਾਰ, ਸੋਹਣੇ ਤੇ ਮੋਹਣੇ ਕੇ ਘਰਾਂ ਨੂੰ ਹੋ ਲੈਂਦਾ, ਬੋਲਦਾ, ਹਫ਼ਦਾ ਤੇ ਘਰਕਦਾ ਉਨ੍ਹਾਂ ਦੇ ਘਰਾਂ ਮੂਹਰੇ ਡਾਗਾਂ ਖੜਕਾਉਂਦਾ… ਅਗਲੇ ਬਾਹਰ ਨਿਕਲ ਉਲਟਾ ਉਹਦੇ ਦੁਆਲੇ ਹੋ ਜਾਂਦੇ ਅਖ਼ੇ ਉਨ੍ਹਾਂ ਦੀ ਪੰਜ-ਕਲਿਆਣੀ ਮੱਝ ਦੀ ਟੰਗ ਤੋੜ ਦਿੱਤੀ ਏ, ਉਨ੍ਹਾਂ ਦੀ ਵਲੈਤੀ ਗਊ ਦਾ ਲੇਵਾ ਭੰਨ ਸੁੱਟਿਆ ਏ, ਡਾਹਢੀ ਕੁਰਲਾਹਟ ਪੈਂਦੀ, ਕੂਕਾਂ ਤੇ ਹਾਂਗਰੇ ਮਾਰਦੇ। ਉਲਟਾ ਉਹਦੇ ਦੁਆਲੇ ਹੋ ਲੈਂਦੇ, ਖ਼ੂਬ ਝਗੜਾ ਪੈਂਦਾ, ਮੁਕੱਦਮੇਬਾਜ਼ੀ ਤਕ ਗੱਲ ਪਹੁਚੰਦੀ। ਦੋਵੇਂ ਧਿਰਾਂ ਪਹਿਲਾਂ ਪੰਚਾਇਤ ਕਰਦੀਆਂ, ਨਾ ਨਿੱਬੜਦਾ ਤਾਂ ਕੋਰਟ ਕਚਹਿਰੀ…। ਇੱਕ ਵੇਰ ਤਾਂ ਜੱਜ ਨੇ ਉਹਨੂੰ ਵਰ੍ਹੇ ਭਰ ਦੀ ਜੇਲ੍ਹ ਵੀ ਕਰ ਦਿੱਤੀ ਸੀ।
ਜੇਲ੍ਹ ’ਚ ਕਿਹੜਾ ਉਹਨੂੰ ਚੈਨ ਸੀ। ਬੱਸ ਵਾੜ ਦਾ ਹੀ ਫ਼ਿਕਰ… ਜ਼ਰੂਰ ਲੋਕਾਂ ਉਹਦੀ ਵਾੜ ਤੋੜ-ਭੰਨ ਦਿੱਤੀ ਹੋਵੇਗੀ। ਸਾਰਾ ਦਿਨ ਬੱਸ ਵਾੜ ਦੀਆਂ ਹੀ ਕਹਾਣੀਆਂ ਦੂਜੇ ਕੈਦੀਆਂ ਨਾਲ ਪਾਉਂਦਾ ਰਹਿੰਦਾ, ਸੁਣ ਸੁਣ ਕੇ ਉਹ ਵੀ ਅੱਕ ਜਾਂਦੇ। ਰਾਤ ਨੂੰ ਵੀ ਡਾਂਗ ਲੈ ਕੇ ਅਵਾਰਾ ਪਸ਼ੂਆਂ ਮਗਰ ਦੌੜਦੇ ਦੇ ਹੀ ਉਹਨੂੰ ਸੁਫ਼ਨੇ ਆਉਂਦੇ, ਰਾਤ ਨੂੰ ਬਰੜਾ ਬਰੜਾ ਉੱਠਦਾ। ਆਪਣੇ ਮੁੰਡਿਆਂ ਨੂੰ ਮਹਾਂਨਲਾਇਕ ਕਹਿੰਦਾ ਜਿਹੜੇ ਛੇਤੀ ਛੇਤੀ ਉਹਨੂੰ ਮਿਲਣ ਤਕ ਨਾ ਆਉਂਦੇ, ਖੇਤ-ਬੰਨੇ ਦਾ ਹਾਲ ਨਾ ਦੱਸਦੇ।
ਵਰ੍ਹੇ ਭਰ ਦੀ ਜੇਲ੍ਹ ਕੱਟ ਕੇ ਆਇਆ ਤਾਂ ਸਭ ਤੋਂ ਪਹਿਲਾਂ ਉਹਨੇ ਆਪਣੀ ਪੈਲੀ ਵੱਲ ਗੇੜਾ ਮਾਰਿਆ। ਲੁੱਗੀਆਂ ਪੈਲੀਆਂ ਭਾਂਅ ਭਾਂਅ ਕਰਦੀਆਂ ਤੇ ਥਾਂ ਥਾਂ ਤੋਂ ਵਾੜ ’ਚ ਮਘੋਰੇ ਪਏ ਹੋਏ ਸਨ। ਸਾਰੀ ਨਹੀਂ ਤਾਂ ਅੱਧੀ ਵਾੜ ਪਿੰਡ ਦੀ ਭਠਿਆਰੀ ਆਪਣੇ ਤੰਦੂਰ ਤਾਉਣ ਲਈ ਤੇ ਬਾਜ਼ੀਗਰਨੀਆਂ ਪੁੱਟ ਕੇ ਲੈ ਗਈਆਂ ਸਨ। ਮੌਜ ਨਾਲ ਤੰਦੂਰ ਤਪਾਉਂਦੀਆਂ, ਰੁੜਕਣੀਆਂ ਤੰਦੂਰੀ ਰੋਟੀਆਂ ਨਾਲ ਮਿਰਚਾਂ ਦੀ ਚਟਣੀ, ਡਾਹਢੇ ਸਵਾਦ ਨਾਲ ਖਾਂਦੀਆਂ, ਵਾੜ ਵਾਲੇ ਬਾਬੇ ਨੂੰ ਟਿਚਕਰਾਂ ਕਰਦੀਆਂ ਉਹ ਮਾਘੇ ਮਾਰ ਮਾਰ ਹੱਸਦੀਆਂ।
ਅਗਲੇ ਭਲਕ ਜਦੋਂ ਵੱਟਾਂ ਡੌਲਾਂ ਤੋਂ ਹੁੰਦੀਆਂ, ਕਣਕ ’ਚੋਂ ਡੀਲਾ ਤੇ ਸਵਾਂਕ ਕੱਢਣ ਲਈ ਜਾਂਦੀਆਂ ਤੇ ਸ਼ਾਇਦ ਵਾੜ ਪੁੱਟਣ ਲਈ…। ਅਚਾਨਕ ਉਹ ਖੇਤਾਂ ਵੱਲ ਝਾਤੀ ਮਾਰਦੀਆਂ ਤਾਂ ਉਹ ਮੁੜ ਝਾਂਭੇ ਲਿਆ ਕੇ ਵਾੜ ਗੱਡ ਰਿਹਾ ਹੁੰਦਾ। ਕੋਲੋਂ ਲੰਘਦੇ ਜੱਟ ਤੇ ਦਿਹਾੜੀਦਾਰ, ਰਤਾ ਕੁ ਪੈਰ ਮਲਦੇ ਹੋਏ ਉਹਦੇ ਵੱਲ ਕੁਨੱਖੀਏ ਵਿੰਹਦੇ, ਟਾਚਾਂ ਜਿਹੀਆਂ ਕਰਦੇ ਅੱਗੇ ਨੂੰ ਨਿਕਲ ਜਾਂਦੇ। ਪਰ ਉਹ ਤਾਂ ਆਪਣੇ ਕੰਮ ’ਚ ਏਨਾ ਰੁਝਿਆ ਹੁੰਦਾ ਕਿ ਕਿਸੇ ਨੂੰ ਕੋਈ ਜਵਾਬ ਨਾ ਦਿੰਦਾ। ਥਾਂ ਥਾਂ ਤੋਂ ਵਾੜ ਪੁੱਟ ਲਈ ਗਈ ਹੁੰਦੀ। ਉਹ ਮੁੜ ਨਵੇਂ ਝਾਂਭੇ ਲਿਆ ਕੇ ਮੁੜ ਮੁੜ ਗੱਡਣ ਦਾ ਕੰਮ ਵਿੱਢ ਲੈਂਦਾ, ਸ਼ੁਰੂਆਤ ਕਰਨ ਤੋਂ ਪਹਿਲਾਂ ਉਹ ਧਰਤੀ ਨਮਸਕਾਰਦਾ।
ਕਈ ਵਾਰ ਉਹ ਸੋਚਦਾ ਜਿਵੇਂ ਇਸ ਵਾੜ ਦਾ ਮਹੱਤਵ ਹੁਣ ਖ਼ਤਮ ਹੁੰਦਾ ਜਾ ਰਿਹਾ ਹੋਵੇ…। ਫ਼ਿਰ ਉਹ ਸੋਚਦਾ ਗੱਲ ਮਹੱਤਵ ਦੀ ਨਹੀਂ, ਲੋੜ ਦੀ ਏ। ਪਹਿਲਾਂ ਪਹਿਲ ਕਿੰਨੀ ਪ੍ਰਸ਼ੰਸਾ ਕਰਦੇ ਸਨ, ਉਹਦੀ ਮਿਹਨਤ ਦੀ, ਸਿਰੜ ਦੀ….। ਪਿੰਡ ਦੇ ਲੋਕ ਤਾਂ ਪੈਲੀ ਕੋਲੋਂ ਵਾਹ ਵਾਹ ਕਰਦੇ ਲੰਘਦੇ। ਪਰ ਹੁਣ ਸਮੇਂ ਬਦਲ ਗਏ ਨੇ ਸ਼ਾਇਦ, ਹੁਣ ਲੋਕ ਉਹਨੂੰ ਬੇਵਕੂਫ਼ ਤੇ ਸਨਕੀ ਆਖਦੇ ਨੇ। ਪਰ ਉਹਦੇ ’ਤੇ ਹਰ ਵੇਲੇ ਇੱਕ ਅਜੀਬ ਜਿਹਾ ਅਹਿਸਾਸ ਤਾਰੀ ਰਹਿੰਦਾ, ਇੱਕ ਸਿਰੜ, ਇੱਕ ਲਗਨ, ਸਾਰੇ ਪਿੰਡ ’ਚ ਕੋਈ ਆਪਣੇ ਖੇਤਾਂ ਦੀ ਏਨੀ ਸੰਭਾਲ ਨਹੀਂ ਕਰਦਾ, ਬੱਸ ਕਦੇ ਕਦਾਈਂ ਇੱਕ ਡਰਨਾ ਜਿਹਾ ਗੱਡ ਦਿੰਦੇ ਨੇ ਖੇਤਾਂ ’ਚ, ਪਰ ਪੰਛੀ ਵੀ ਏਨੇ ਚਲਾਕ ਹੋ ਗਏ ਨੇ ਕਿ ਕੱਲ੍ਹ ਇੱਕ ਕਾਂ ਡਰਨੇ ਦੇ ਸਿਰ ’ਤੇ ਬੈਠਾ ਸਿੱਟਾ ਡੁੰਗੀ ਜਾਏ…।
ਪਰ ਉਹਦੀ ਨਜ਼ਰ ਹਰ ਵੇਲੇ ਆਪਣੇ ਖੇਤਾਂ ਵੱਲ ਵੇਖਦੀ ਰਹਿੰਦੀ। ਨਾ ਜਾਣੀਏ ਕਿਸੇ ਗਵਾਂਢੀ ਦਾ ਕੋਈ ਡੰਗਰ ਵੱਛਾ, ਕੋਈ ਭੇਡ ਬੱਕਰੀ ਉਹਦੀ ਫ਼ਸਲ ਤਾਂ ਨਹੀਂ ਚਰ ਰਹੀ। ਲੋਕ ਤਾਂ ਉਹਨੂੰ ਹੁਣ ਝੱਲਾ ਤੇ ਸਨਕੀ ਆਖਣ ਲੱਗ ਪਏ ਨੇ। ‘ਆਖੀ ਜਾਣ ਪਏ ਮੈਂ ਨਹੀਂ ਪ੍ਰਵਾਹ ਕਰਦਾ ਕਿਸੇ ਦੀ। ਮੇਰੀ ਮਿਹਨਤ, ਮੇਰੀ ਦਸਾਂ ਨਹੁੰਆਂ ਦੀ ਕਮਾਈ… ਆਪਣੀ ਫ਼ਸਲ ਦੀ ਰਾਖੀ ਕਰਦਾ ਹਾਂ, ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਕਰਦਾ।’ ਪਰ ਜਦੋਂ ਦਾ ਉਹ ਜੇਲ੍ਹ ਤੋਂ ਛੁੱਟ ਕੇ ਆਇਆ ਏ ਉਹਦੇ ਹੱਡ ਪੈਰ ਨਿੱਸਲ ਜਿਹੇ ਹੋ ਗਏ ਨੇ, ਉਹਦੀ ਆਵਾਜ਼ ਭਰੜਾ ਜਿਹੀ ਗਈ ਏ, ਕੱਲ੍ਹ ਜਦੋਂ ਗਵਾਂਢੀ ਜੈਲੇ ਦੀ ਮੱਝ ਉਹਦੇ ਛਟਾਲੇ ਦੇ ਖੇਤ ’ਚ ਵੜੀ ਲਪਰ ਲਪਰ ਬੁਰਕ ਮਾਰ ਰਹੀ ਸੀ ਤਾਂ ਉਹਨੇ ਉੱਠ ਕੇ ਹੋਕਰਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਆਵਾਜ਼ ਉਹਦੇ ਸੰਘ ’ਚ ਹੀ ਜਿਵੇਂ ਦੱਬੀ ਰਹਿ ਗਈ ਸੀ। ਜਦੋਂ ਉਹਨੇ ਦੌੜ ਕੇ ਮੱਝ ਖੇਤ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀਆਂ ਲੱਤਾਂ ਜਿਵੇਂ ਜਵਾਬ ਦੇ ਗਈਆਂ ‘ਜਾਹ-ਜਾਂਦੀਏ’ ਕਹਿ ਉਹ ਓਥੇ ਹੀ ਬੈਠ ਗਿਆ ਸੀ।
ਉਹਨੂੰ ਲੱਗਿਆ ਜਿਵੇਂ ਵੱਟ ’ਤੇ ਬੈਠੇ ਨੂੰ ਨੀਂਦ ਦਾ ਝੌਂਕਾ ਆ ਗਿਆ ਸੀ। ਅੱਧ ਸੁੱਤੇ ਜਿਹੇ ਨੂੰ ਉਹਨੂੰ ਲੱਗਿਆ ਪਿੰਡੋਂ ਬਾਲਣ ਲੈਣ ਆਈਆਂ ਤੀਵੀਆਂ, ਦਬਾਦਬ ਉਹਦੀ ਵਾੜ ਪੁੱਟੀ ਜਾ ਰਹੀਆਂ ਨੇ। ਪਰਲੇ ਪਾਸਿਓਂ ਬਾਨੇ ਬਾਜ਼ੀਗਰ ਦੀਆਂ ਬੱਕਰੀਆਂ ਉਹਦੇ ਖੇਤ ’ਚ ਵੜ ਆਈਆਂ ਨੇ ਤੇ ਹੋਰ ਕਿੰਨੀਆਂ ਹੀ ਮੱਝੀਆਂ ਕੱਟੀਆਂ ਲਪਰ ਲਪਰ ਉਹਦੀ ਫ਼ਸਲ ਚਰੀ ਜਾ ਰਹੀਆਂ ਨੇ…। ਅਚਾਨਕ ਉਹਨੂੰ ਲੱਗਿਆ ਜਿਵੇਂ ਉਹਦੇ ਸੰਘ ’ਚੋਂ ਆਵਾਜ਼ ਨਾ ਨਿਕਲ ਰਹੀ ਹੋਵੇ, ਉਹਦੇ ਅੰਗ ਝੂਠੇ ਪੈ ਰਹੇ ਹੋਣ, ਇੱਕ ਠੰਢੀ ਝੁਣਝੁਣੀ ਉਹਦੇ ਸਾਰੇ ਅੰਗਾਂ ’ਚ…।
‘‘ਬਈ, ਬਾਬਾ ਵਾੜ ਵਾਲਾ ਚੱਲ ਵੱਸਿਆ। ਸਵੇਰੇ ਜਦ ਮੈਂ ਉਹਦੇ ਖੇਤ ਕੋਲੋਂ ਦੀ ਲੰਘਿਆ ਤਾਂ ਉਹ ਦੋਵਾਂ ਹੱਥਾਂ ’ਚ ਗੰਧਾਲਾ ਫੜੀ ਧੌਣ ਲਮਕਾਈ ਇੰਜ ਬੈਠਾ ਸੀ ਜਿਵੇਂ ਗੰਧਾਲੇ ਨਾਲ ਖੇਤ ਦੀ ਵੱਟ ’ਚ ਖੱਡਾ ਕੱਢ ਰਿਹਾ ਹੋਵੇ… ਪਰ ਉਹ ਤਾਂ…।’’

-ਸੁਖਵੰਤ ਕੌਰ

Comment here