ਜੈਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ਨੇੜੇ ਮਾਨਗੜ੍ਹ ਧਾਮ ’ਚ ‘ਮਾਨਗੜ੍ਹ ਧਾਮ ਦੀ ਗੌਰਵ ਗਾਥਾ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦਾ ਅਤੀਤ, ਇਤਿਹਾਸ, ਵਰਤਮਾਨ ਅਤੇ ਭਵਿੱਖ ਆਦਿਵਾਸੀ ਸਮਾਜ ਦੇ ਬਿਨਾਂ ਪੂਰਾ ਨਹੀਂ ਹੁੰਦਾ। ਅਸੀਂ ਉਨ੍ਹਾਂ ਦੇ ਯੋਗਦਾਨ ਦੇ ਰਿਣੀ ਹਾਂ। ਇਸ ਸਮਾਜ ਨੇ ਸੱਭਿਆਚਾਰ ਤੋਂ ਲੈ ਕੇ ਪਰੰਪਰਾਵਾਂ ਤੱਕ ਭਾਰਤ ਦੇ ਚਰਿੱਤਰ ਨੂੰ ਸੰਭਾਲਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਇਸ ਕਰਜ਼ ਲਈ ਉਨ੍ਹਾਂ ਦਾ ਧੰਨਵਾਦ ਕਰੇ। ਮਾਨਗੜ੍ਹ ਧਾਮ ਕਬਾਇਲੀ ਨਾਇਕਾਂ ਦੀ ਤੱਪਸਿਆ, ਤਿਆਗ ਅਤੇ ਦੇਸ਼ ਭਗਤੀ ਦਾ ਪ੍ਰਤੀਬਿੰਬ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਦਿਵਾਸੀ ਨੇਤਾ ਗੋਵਿੰਦ ਗੁਰੂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਮਹਾਨ ਸੁਤੰਤਰਤਾ ਸੈਨਾਨੀ ਭਾਰਤ ਦੀਆਂ ਪਰੰਪਰਾਵਾਂ ਅਤੇ ਭਾਰਤ ਦੇ ਆਦਰਸ਼ਾਂ ਦੇ ਪ੍ਰਤੀਨਿਧ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ (ਗੋਵਿੰਦ ਗੁਰੂ) ਕਿਸੇ ਰਿਆਸਤ ਦੇ ਰਾਜਾ ਨਹੀਂ ਸਨ ਪਰ ਫਿਰ ਵੀ ਉਹ ਕਰੋੜਾਂ ਆਦਿਵਾਸੀਆਂ ਦੇ ਨਾਇਕ ਸਨ।
ਪ੍ਰਧਾਨ ਮੰਤਰੀ ਨੇ 1913 ’ਚ ਰਾਜਸਥਾਨ ਦੇ ਮਾਨਗੜ੍ਹ ’ਚ ਬ੍ਰਿਟਿਸ਼ ਫ਼ੌਜ ਦੀ ਗੋਲੀਬਾਰੀ ’ਚ ਜਾਨ ਗੁਆਉਣ ਵਾਲੇ ਆਦਿਵਾਸੀਆਂ ਨੂੰ ਸ਼ਰਧਾਂਜਲੀ ਦਿੱਤੀ। ਮਾਨਗੜ੍ਹ ਦੀ ਪਹਾੜੀ, ਭੀਲ ਭਾਈਚਾਰੇ ਅਤੇ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ ਹੋਰ ਕਬਾਇਲੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਭੀਲ ਅਤੇ ਹੋਰ ਕਬੀਲਿਆਂ ਨੇ ਆਜ਼ਾਦੀ ਸੰਗਰਾਮ ਦੌਰਾਨ ਇੱਥੇ ਲੰਮਾ ਸਮਾਂ ਅੰਗਰੇਜ਼ਾਂ ਨਾਲ ਲੜਾਈ ਲੜੀ।
Comment here