ਵਤਨ ਅਸਾਡਾ ਚੋਰਾਂਵਾਲੀ, ਜਿੱਥੇ ਧਰਮ ਈਮਾਨ ਤੋਂ ਚੋਰੀ।
ਧਰਮਸਾਲ ਵਿੱਚ ਵਿਕਦਾ ਹਰ ਦਿਨ ਕਿੰਨਾ ਕੁਝ ਭਗਵਾਨ ਤੋਂ ਚੋਰੀ।
ਵੇਖਣ ਨੂੰ ਦਰਵਾਜ਼ੇ ਪਹਿਰਾ, ਕੁੰਡੇ ਜੰਦਰੇ ਥਾਂ ਥਾਂ ਲਮਕਣ,
ਚੈਨ ਗੁਆਚਾ, ਰੂਹ ਕੁਰਲਾਵੇ, ਹੋਵੇ ਸਭ ਦਰਬਾਨ ਤੋਂ ਚੋਰੀ।
ਸ਼ਬਦ ਗੁਆਚਾ, ਕਰਮ ਗੁਆਚਾ, ਰਹਿੰਦੀ ਖਹਿੰਦੀ ਸ਼ਰਮ ਗੁਆਚੀ,
ਰੱਬਾ! ਤੇਰੀ ਅੱਖ ਦੇ ਸਾਹਵੇਂ ਹੋ ਗਈ ਧਰਮ ਸਥਾਨ ਤੋਂ ਚੋਰੀ।
ਗੁੱਡੀਆਂ ਅਤੇ ਪਟੋਲਿਆਂ ਉਮਰੇ, ਇੱਕ ਬੱਚੜੀ ਹੈ ਬੁੱਚੜਾਂ ਕੋਹੀ,
ਕਹਿਰ ਕੁਫ਼ਰ ਨੇ ਤਾਂਡਵ ਕੀਤਾ, ਮਿੱਟੀ ਦੇ ਭਗਵਾਨ ਤੋਂ ਚੋਰੀ।
ਤਖ਼ਤ ਸਲਾਮਤ ਤਾਜ ਸਿਰਾਂ ਤੇ, ਅਦਲੀ ਰਾਜਾ, ਰਾਜ ਗੁਆਚਾ,
ਐਦਾਂ ਤਾਂ ਇਹ ਹੋ ਨਹੀਂ ਸਕਦਾ, ਹੋਵੇ ਸਭ ਸੁਲਤਾਨ ਤੋਂ ਚੋਰੀ।
ਤੇਰੇ ਹੱਥ ਤਲਵਾਰ ਕਿਉਂ ਹੈ, ਕਿਰਪਾ ਦੀ ਕਿਰਪਾਨ ਦੀ ਥਾਂਵੇਂ,
ਲੋਹੇ ਨੇ ਕਿਉਂ ਅੱਖ ਬਦਲੀ ਹੈ, ਹੱਥ ਵਿੱਚ ਫੜੀ ਮਿਆਨ ਤੋਂ ਚੋਰੀ।
ਹੁਣ ਤਾਂ ਸਾਡਾ ਬਾਪ ਰੁਪਈਆ, ਹੈ ਬਦ ਨੀਤੀ ਜਣਨੀ-ਮੱਈਆ,
ਭਰਮ ਨਗਰ ਦੇ ਵਾਸੀ ਹਾਂ ਸਭ ਵੇਦ ਕਤੇਬ ਕੁਰਾਨ ਤੋਂ ਚੋਰੀ।
-ਗੁਰਭਜਨ ਗਿੱਲ
Comment here