ਅਪਰਾਧਸਿਆਸਤਖਬਰਾਂਦੁਨੀਆ

ਵਜ਼ੀਰਿਸਤਾਨ ‘ਚ ਆਤਮਘਾਤੀ ਹਮਲੇ ‘ਚ ਤਿੰਨ ਬੱਚਿਆਂ ਸਮੇਤ 6 ਮੌਤਾਂ

ਪੇਸ਼ਾਵਰ-ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ ‘ਚ ਐਤਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ ਤਿੰਨ ਬੱਚੇ ਅਤੇ ਪਾਕਿਸਤਾਨੀ ਫੌਜ ਦੇ ਤਿੰਨ ਜਵਾਨ ਮਾਰੇ ਗਏ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਫੌਜ ਦੀ ਮੀਡੀਆ ਸ਼ਾਖਾ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਇੱਥੋਂ 250 ਕਿਲੋਮੀਟਰ ਦੂਰ ਮੀਰਾਂ ਸ਼ਾਹ ਕਸਬੇ ਵਿੱਚ ਵਾਪਰੀ। ਬਿਆਨ ਮੁਤਾਬਕ ਹਮਲੇ ‘ਚ ਮਰਨ ਵਾਲੇ ਬੱਚਿਆਂ ਦੀ ਉਮਰ ਚਾਰ ਤੋਂ 11 ਸਾਲ ਦੇ ਵਿਚਕਾਰ ਹੈ। ਬਿਆਨ ਮੁਤਾਬਕ ਹਮਲੇ ‘ਚ ਤਿੰਨ ਸੈਨਿਕਾਂ ਦੀ ਵੀ ਮੌਤ ਹੋ ਗਈ। ਆਈਐਸਪੀਆਰ ਨੇ ਕਿਹਾ, “ਖੁਫ਼ੀਆ ਏਜੰਸੀਆਂ ਆਤਮਘਾਤੀ ਹਮਲਾਵਰ ਅਤੇ ਉਸਦੇ ਮਾਲਕਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀਆਂ ਹਨ।” ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। 

Comment here