ਸਿਆਸਤਖਬਰਾਂਚਲੰਤ ਮਾਮਲੇ

ਲੱਦਾਖ ‘ਚ ਫੌਜੀ ਵਾਹਨ ਡੂੰਘੀ ਖੱਡ ਵਿਚ ਡਿਗਿਆ, 9 ਜਵਾਨ ਸ਼ਹੀਦ

ਸ਼ਹੀਦਾਂ ਵਿੱਚੋ ਪੰਜਾਬ ਦੇ ਫਰੀਦਕੋਟ ਅਤੇ ਬੱਸੀ ਪਠਾਣਾ ਦਾ ਫੌਜੀ ਜਵਾਨ ਵੀ ਸ਼ਾਮਿਲ
// ਵਿਸ਼ੇਸ਼ ਰਿਪੋਰਟ  //
ਬੀਤੇ ਦਿਨੀਂ ਲੱਦਾਖ ਵਿੱਚ ਵਾਪਰੇ ਦਰਦਨਾਕ ਹਾਦਸੇ ਫੌਜੀ ਜਵਾਨਾਂ ਦੀ ਗੱਡੀ ਡੂੰਗੀ ਖੱਡ ਵਿੱਚ ਡਿੱਗਣ ਨਾਲ 9 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚ ਫਰੀਦਕੋਟ ਦਾ ਸੂਬੇਦਾਰ ਜਵਾਨ ਰਮੇਸ਼ ਲਾਲ ਵੀ ਸ਼ਾਮਿਲ ਸੀ। ਰਮੇਸ਼ ਲਾਲ ਪਿੰਡ ਸਿਰਸੜੀ ਦਾ ਰਹਿਣ ਵਾਲਾ ਸੀ, ਜਿਸ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਲੇਹ ਦੇ ਐੱਸਐੱਸਪੀ ਪੀਡੀ ਨਿੱਤਿਆ ਨੇ ਕਿਹਾ ਕਿ ਵਾਹਨ ’ਚ 10 ਸੈਨਿਕ ਸਨ। ਉਹ ਲੇਹ ਤੋਂ ਨਯੋਮਾ ਜਾ ਰਹੇ ਸਨ। ਸ਼ਾਮ ਕਰੀਬ 4.45 ’ਤੇ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਤੇ ਇਹ ਖੱਡ ਵਿਚ ਡਿੱਗ ਗਿਆ। ਇਕ ਪੁਲਿਸ ਟੀਮ ਤੁਰਤ ਮੌਕੇ ਉਤੇ ਗਈ ਤੇ ਸਾਰੇ ਫੱਟੜ ਸੈਨਿਕਾਂ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ 8 ਸੈਨਿਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਹੋਰ ਦੀ ਮਗਰੋਂ ਮੌਤ ਹੋ ਗਈ। ਇਹ ਘਟਨਾ ਲੱਦਾਖ ਦੇ ਦੱਖਣ ਵਿਚ ਸਥਿਤ ਨਯੋਮਾ ਲਾਗੇ ਕਿਆਰੀ ਵਿਚ ਵਾਪਰੀ ਹੈ।
ਇਸ ਮੌਕੇ ਗਲਬਾਤ ਕਰਦੇ ਹੋਏ ਸ਼ਹੀਦ ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੇ ਸਾਥੀਆਂ ਦੇ ਕਿਸੇ ਖੇਡ ਟੂਰਨਾਮੈਂਟ ਵਿੱਚ ਜਾ ਰਿਹਾ ਸੀ ਕਿ ਉਹਨਾਂ ਦੀ ਗੱਡੀ ਖੱਡ ਵਿੱਚ ਡਿੱਗ ਗਈ। ਇਸ ਨਾਲ ਉਹਨਾਂ ਦਾ ਬੇਟਾ ਸ਼ਹੀਦ ਹੋ ਗਿਆ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਬਾਰੇ ਸ਼ਹੀਦ ਤਰਨਦੀਪ ਸਿੰਘ ਦੇ ਮਾਸੜ ਜੀ ਤੋਂ ਪਤਾ ਲੱਗਾ ਸੀ ਜੋ ਪਹਿਲਾ ਇਸ ਯੁਨਿਟ ਦੇ ਸਨ, ਜਿਹਨਾਂ ਨੂੰ ਉਹਨਾਂ ਦੇ ਸਾਥੀਆ ਨੇ ਦਸਿਆ ਸੀ।
ਉਹਨਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਉਮਰ ਹਾਲੇ 23 ਸਾਲ ਦੀ ਸੀ ਜੋ ਨਵੰਬਰ ਮਹੀਨੇ ਵਿੱਚ 24 ਸਾਲ ਦਾ ਹੋਣਾ ਸੀ। ਪਿਤਾ ਨੇ ਦੱਸਿਆ ਕਿ ਸ਼ਹੀਦ ਤਰਨਦੀਪ ਸਿੰਘ ਦਾ ਅਜੇ ਵਿਆਹ ਨਹੀਂ ਸੀ ਹੋਇਆ। ਉਹ ਉਹਨਾਂ ਦਾ ਇਲਾਜ ਬੇਟਾ ਸੀ, ਤੇ ਇਕ ਉਹਨਾਂ ਦੀ ਬੇਟੀ ਹੈ। ਉਨ੍ਹਾਂ ਨੇ ਦੱਸਿਆ ਕਿ ਬੇਟੇ ਦੇ ਨਾਲ ਤਿੰਨ-ਚਾਰ ਦਿਨ ਪਹਿਲਾਂ ਹੀ ਗੱਲ ਹੋਈ ਸੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਤਰਨਦੀਪ ਸਿੰਘ ਨੇ ਦਸੰਬਰ ਮਹੀਨੇ ਦੇ ਵਿਚ ਛੁੱਟੀ ਤੇ ਆਉਣਾ ਸੀ। ਸਾਨੂੰ ਵੀ ਸੀ ਕਿ ਉਹ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇਖ ਆਵੇਗਾ। ਉਹਨਾਂ ਕਿਹਾ ਕਿ ਤਰਨਦੀਪ ਸਿੰਘ ਕਹਿੰਦਾ ਸੀ ਕਿ ਪਹਿਲਾ ਆਪਣੀ ਭੈਣ ਦਾ ਵਿਆਹ ਕਰਨਾ ਹੈ, ਫਿਰ ਆਪਣੇ ਵਿਆਹ ਬਾਰੇ ਸੋਚੇਗਾ। ਉੱਥੇ ਇਸ ਮੌਕੇ ਸ਼ਹੀਦ ਤਰਨਦੀਪ ਸਿੰਘ ਦੇ ਘਰ ਪਹੁੰਚੇ ਬੀਜੇਪੀ ਦੇ ਹਲਕਾ ਇੰਚਾਰਜ ਦੀਪਕ ਜੋਤੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪੀਐਮ ਮੋਦੀ, ਅਮਿਤ ਸ਼ਾਹ ‘ਤੇ ਰਾਜਨਾਥ ਸਿੰਘ ਨੇ ਦੁੱਖ ਪ੍ਰਗਟਾਇਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਜ਼ਾਹਰ ਕੀਤੀ । ਰਾਜਨਾਥ ਨੇ ਐਕਸ ‘ਤੇ ਲਿਖਿਆ: “ਲਦਾਖ ਦੇ ਲੇਹ ਨੇੜੇ ਇੱਕ ਦੁਰਘਟਨਾ ਕਾਰਨ ਭਾਰਤੀ ਫੌਜ ਦੇ ਜਵਾਨਾਂ ਦੇ ਨੁਕਸਾਨ ਤੋਂ ਦੁਖੀ ਹਾਂ। ਅਸੀਂ ਆਪਣੇ ਦੇਸ਼ ਲਈ ਉਨ੍ਹਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ।”
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਲੱਦਾਖ ‘ਚ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ‘ਚ ਸਾਡੇ ਦੇਸ਼ ਦੀ ਫ਼ੌਜ ਦੇ 9 ਬਹਾਦਰ ਜਵਾਨ ਸ਼ਹੀਦ ਹੋਣ ਦੀ ਦੁੱਖ਼ਦ ਖ਼ਬਰ ਮਿਲੀ। ਪੰਜਾਬ ਦੇ 2 ਜਵਾਨ ਇਸ ਹਾਦਸੇ ‘ਚ ਸ਼ਹੀਦ ਹੋਏ ਹਨ। ਇਕ ਫ਼ਰੀਦਕੋਟ ਜ਼ਿਲ੍ਹੇ ਦਾ ਜਵਾਨ ਰਮੇਸ਼ ਲਾਲ ਇਸ ਹਾਦਸੇ ‘ਚ ਸ਼ਹੀਦ ਹੋਇਆ ਅਤੇ ਦੂਜਾ ਬੱਸੀ ਪਠਾਣਾ ਦੇ ਪਿੰਡ ਕਮਾਲੀ ਦਾ ਜਵਾਨ ਤਰਨਦੀਪ ਸਿੰਘ ਵੀ ਇਸ ਹਾਦਸੇ ‘ਚ ਸ਼ਹੀਦ ਹੋਇਆ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੋਂ ਹਮਦਰਦੀ ਹੈ। ਅਸੀਂ ਵਾਅਦੇ ਮੁਤਾਬਕ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ। ਸਾਰੇ ਜਵਾਨਾਂ ਨੂੰ ਦਿਲੋਂ ਸਲਾਮ ਤੇ ਸ਼ਰਧਾਂਜਲੀ।
ਸ਼ਹੀਦ ਅੰਕਿਤ ਦਾ ਪਿੰਡ ਗੱਦੀ ਖੇੜੀ ਵਿਚ ਹੋਇਆ ਨਮ ਅੱਖਾਂ ਨਾਲ ਅੰਤਿਮ ਸੰਸਕਾਰ
ਰੋਹਤਕ-ਹਰਿਆਣਾ ਦੇ ਰੋਹਤਕ ਜ਼ਿਲੇ ਦੇ ਪਿੰਡ ਗੱਦੀ ਖੇੜੀ ਦਾ ਰਹਿਣ ਵਾਲਾ ਅੰਕਿਤ ਉਨ੍ਹਾਂ 9 ਜਵਾਨਾਂ ‘ਚ ਸ਼ਾਮਲ ਸੀ, ਜੋ ਲੱਦਾਖ ਦੇ ਲੇਹ ‘ਚ ਫੌਜ ਦੀ ਇਕ ਗੱਡੀ ਖਾਈ ‘ਚ ਡਿੱਗਣ ਕਾਰਨ ਸ਼ਹੀਦ ਹੋਏ ਸਨ, ਜਿਨ੍ਹਾਂ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਅੰਕਿਤ ਦੀ ਪਾਰਥਿਵ ਸਰੀਰ ਲੈ ਕੇ ਆਏ ਫੌਜੀ ਜਵਾਨਾਂ ਨੇ ਆਪਣੇ ਸਾਥੀ ਦੀ ਸ਼ਹਾਦਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰ ਇਹ ਵੀ ਕਿਹਾ ਕਿ ਖੁਸ਼ਕਿਸਮਤਾਂ ਨੂੰ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਮਾਣ ਹੁੰਦਾ ਹੈ ਕਿ ਉਨ੍ਹਾਂ ਦੇ ਸਾਥੀ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਕਈ ਸਿਆਸੀ ਲੋਕਾਂ ਨੇ ਵੀ ਪਹੁੰਚ ਕੇ ਸ਼ਹੀਦ ਅੰਕਿਤ ਦੀ ਮ੍ਰਿਤਕ ਦੇਹ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਬਹਾਦਰ ਪੁੱਤਰ ਦੀ ਸ਼ਹਾਦਤ ‘ਤੇ ਨਮਨ ਕੀਤਾ। ਅੰਕਿਤ ਦੇ ਅੰਤਿਮ ਸੰਸਕਾਰ ‘ਚ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਅਤੇ ਇਸ ਦੌਰਾਨ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਨਾਲ ਸਬੰਧਤ ਵੱਡੀ ਗਿਣਤੀ ‘ਚ ਲੋਕ ਵੀ ਸ਼ਹੀਦ ਫੌਜੀ ਨੂੰ ਮੱਥਾ ਟੇਕਣ ਪਹੁੰਚੇ।
ਅੰਕਿਤ ਕੁੰਡੂ 4 ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ ਅਤੇ ਫਿਲਹਾਲ ਲੱਦਾਖ ‘ਚ ਤਾਇਨਾਤ ਸੀ। ਅੰਕਿਤ ਦਾ ਵਿਆਹ ਪ੍ਰੀਤੀ ਨਾਲ ਇਸ ਸਾਲ ਫਰਵਰੀ ‘ਚ ਹੋਇਆ ਸੀ ਅਤੇ ਉਹ 5 ਮਹੀਨੇ ਦੀ ਗਰਭਵਤੀ ਵੀ ਹੈ। ਫਰਵਰੀ ‘ਚ ਵਿਆਹ ਤੋਂ ਬਾਅਦ ਅੰਕਿਤ ਮਾਰਚ ‘ਚ ਵਾਪਸ ਡਿਊਟੀ ‘ਤੇ ਚਲਾ ਗਿਆ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਗਰਭਵਤੀ ਹੈ। ਉਸ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਹ ਬੱਚੇ ਦੇ ਜਨਮ ਤੋਂ ਬਾਅਦ ਹੀ ਪਿੰਡ ਆਵੇਗਾ, ਪਰ ਹੋਨੀ ਨੂੰ ਕੌਣ ਟਾਲ ਸਕਦਾ ਹੈ। ਅੰਕਿਤ ਦੇ ਪਿਤਾ ਦੀ ਵੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਛੋਟਾ ਭਰਾ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਹੁਣ ਅੰਕਿਤ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।

Comment here