ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਲੱਦਾਖ ’ਚ ਗਲੇਸ਼ੀਅਰਾਂ ’ਤੇ ਜਮ੍ਹਾ ਬਲੈਕ ਕਾਰਬਨ ਨੇ ਵਧਾਈ ਚਿੰਤਾ

ਨਵੀਂ ਦਿੱਲੀ-ਇਕ ਅਧਿਐਨ ਮੁਤਾਬਕ 2020 ਤੋਂ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ਦੇ ਦੋਵਾਂ ਕਿਨਾਰਿਆਂ ’ਤੇ ਸੜਕ ਤੇ ਫੌਜ ਦੇ ਕੈਂਪਾਂ ਦੇ ਨਿਰਮਾਣ ਨੂੰ ਦ੍ਰਾਸ ਦੇ ਗਲੇਸ਼ੀਅਰ ਘਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਲਾਕੇ ’ਚ ਵਾਹਨਾਂ ਦੀ ਗਿਣਤੀ ਵਧਣੀ ਵੀ ਇਕ ਹੋਰ ਕਾਰਨ ਮੰਨਿਆ ਜਾ ਰਿਹਾ ਹੈ। ਚੌਗਿਰਦਾ ਵਿਗਿਆਨ ਤੇ ਪ੍ਰਦੂਸ਼ਣ ਖੋਜ ਮੈਗਜ਼ੀਨ ਵੱਲੋਂ ਪ੍ਰਕਾਸ਼ਿਤ ਇਹ ਅਧਿਐਨ ਪੱਛਮੀ ਹਿਮਾਲਿਆ ਦੇ ਦ੍ਰਾਸ ਬੇਸਿਨ ’ਚ 2000 ਤੋਂ 2020 ਤਕ 2 ਦਹਾਕਿਆਂ ’ਚ ਦੇਖੇ ਗਏ 77 ਗਲੇਸ਼ੀਅਰਾਂ ਦੀਆਂ ਉਪਗ੍ਰਹਿ ਇਮੇਜਿਜ਼ ’ਤੇ ਆਧਾਰਤ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਗਲੇਸ਼ੀਅਰ ਖੇਤਰ 2000 ’ਚ 176.77 ਵਰਗ ਕਿ. ਮੀ. ਤੋਂ ਘਟ ਕੇ 2020 ’ਚ 171.46 ਵਰਗ ਕਿ. ਮੀ. ਹੋ ਗਿਆ ਹੈ, ਜੋ ਕੁਲ ਗਲੇਸ਼ੀਅਰ ਖੇਤਰ ਦਾ ਲਗਭਗ 3 ਫੀਸਦੀ ਹੈ। ਅਧਿਐਨ ’ਚ ਘਟਦੇ ਹੋਏ ਗਲੇਸ਼ੀਅਰਾਂ ’ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ।
ਕੌਮੀ ਰਾਜਮਾਰਗ ਦੇ ਨੇੜੇ ਹੋਣ ਕਾਰਨ ਬਲੈਕ ਕਾਰਬਨ ਘਣਤਾ ’ਚ ਵਾਧਾ ਹੋਇਆ ਹੈ। ਗਲੇਸ਼ੀਅਰਾਂ ’ਤੇ ਇਸ ਦਾ ਕਾਫੀ ਅਸਰ ਪਿਆ ਹੈ। ਇਸ ਅਧਿਐਨ ਵਿਚ ਕਲਾਈਮੇਟੋਲਾਜਿਸਟ ਸ਼ਕੀਲ ਅਹਿਮਦ ਰੋਮਸ਼ੂ ਤੇ 5 ਖੋਜ ਵਿਦਵਾਨਾਂ ਖਾਲਿਦ ਉਮਰ ਮੁਰਤਜ਼ਾ, ਵਹੀਦ ਸ਼ਾਹ, ਤੌਸੀਫ ਰਮਜ਼ਾਨ, ਉਮਰ ਅਮੀਨ ਤੇ ਮੁਸਤਫਾ ਹਮੀਦ ਭੱਟ ਨੇ ਹਿੱਸਾ ਲਿਆ।
ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਘੱਟ ਉਚਾਈ ’ਤੇ ਗਲੇਸ਼ੀਅਰਾਂ ’ਚ 4.1 ਫੀਸਦੀ ਦੀ ਕਮੀ ਆਈ ਹੈ, ਜਦੋਂਕਿ ਮੱਧ ਤੇ ਉੱਚ ਉਚਾਈ ’ਤੇ ਗਲੇਸ਼ੀਅਰਾਂ ’ਚ 3.23 ਫੀਸਦੀ ਅਤੇ 1.46 ਫੀਸਦੀ ਦੀ ਕਮੀ ਦੇਖੀ ਗਈ ਹੈ। ਅਧਿਐਨ ’ਚ ਦੇਖਿਆ ਗਿਆ ਕਿ ਭਾਰੀ ਵਾਹਨਾਂ ਦੀ ਤੇਜ਼ ਰਫਤਾਰ ਵਾਲੀ ਆਵਾਜਾਈ ਗਲੇਸ਼ੀਅਰਾਂ ਦੇ ਘਟਣ ਦਾ ਮੁੱਖ ਕਾਰਨ ਹੈ। ਗਲੇਸ਼ੀਅਰਾਂ ’ਤੇ ਬਲੈਕ ਕਾਰਬਨ ਦੀ ਘਣਤਾ 287 ਤੋਂ 3,726 ਨੈਨੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਮਿਲੀ ਹੈ, ਜੋ ਹਿੰਦੂ ਕੁਸ਼ ਹਿਮਾਲਿਆ ’ਚ ਹੋਰ ਘੱਟ ਉਚਾਈ ਵਾਲੀਆਂ ਥਾਵਾਂ ’ਤੇ ਰਿਪੋਰਟ ਕੀਤੀ ਗਈ ਬਲੈਕ ਕਾਰਬਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਅਧਿਐਨ ਮੁਤਾਬਕ ਬਲੈਕ ਕਾਰਬਨ ਘਣਤਾ 1984 ’ਚ 338 ਨੈਨੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵਧ ਕੇ 2020 ’ਚ 634 ਨੈਨੋ ਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਈ ਹੈ।

Comment here