‘‘ਵੋਟਾਂ ਵਾਲੇ ਆਉਣਗੇ-ਲੱਕ ਟੁਣੂੰ ਟੁਣੂੰ, ਲਾਰੇ ਲੱਪੇ ਲਾਉਣਗੇ-ਲੱਕ ਟੁਣੂੰ ਟੁਣੂੰ, ਪੱਲੇ ਕੁਝ ਨਾ ਪਾਉਣਗੇ-ਲੱਕ ਟੁਣੂੰ ਟੁਣੂੰ, ਕੁਰਸੀ ਤੇ ਆਸਣ ਲਾਉਣਗੇ-ਲੱਕ ਟੁਣੂੰ ਟੁਣੂੰ, ਫੇਰ ਨਾ ਮੂੰਹ ਦਿਖਾਉਣਗੇ-ਲੱਕ ਟੁਣੂੰ ਟੁਣੂੰ, ਵੋਟਾਂ ਵਾਲੇ ਆਉਣਗੇ-ਲੱਕ ਟੁਣੂੰ ਟੁਣੂੰ।” ਕੰਤਾ ਫੌਜੀ ਸੱਥ ਦੀ ਚੁੰਡ ’ਚ ਪਏ ਖੁੰਢ ’ਤੇ ਬੈਠਾ ਉਚੀ-ਉਚੀ ਆਪਣੀਆਂ ਰਾਗਣੀਆਂ ਕੱਢੀ ਜਾ ਰਿਹਾ ਸੀ।
‘‘ਲੱਗਦੈ, ਫੌਜੀ ਨੂੰ ਅੱਜ ਫਿਰ ਕਮਲ ਛੁੱਟਿਐ।” ਤਾਊ ਕੈਲਾ ਕੰਤੇ ਫੌਜੀ ਦੀਆਂ ਰਾਗਣੀਆਂ ਬਾਰੇ ਆਪਣਾ ਇਹ ਪ੍ਰਤੀਕਰਮ ਪ੍ਰਗਟ ਕਰਦਾ ਹੈ।
‘‘ਵੈਸੇ ਤਾਊ ਸਿਹਾਂ, ਗੱਲਾਂ ਤਾਂ ਕੰਤੇ ਫੌਜੀ ਦੀਆਂ ਸੋਲਾਂ ਆਨੇ ਸਹੀ ਹਨ। ਆਹ ਵੇਖ ਲੈ ਹਾਲਾਤ ਕਿੰਨੇ ਮਾੜੇ ਹਨ, ਪਰ ਕਿਸੇ ਨੇ ਲੋਕਾਂ ਦੀ ਸਾਰ ਨਹੀਂ ਲਈ। ਕਰਜ਼ਾਈ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰੀ ਜਾ ਰਹੇ ਹਨ। ਬੇਰੋਜ਼ਗਾਰੀ ਦੇ ਸਤਾਏ ਨੌਜਵਾਨ ਨਸ਼ਿਆਂ ’ਚ ਪੈ ਜ਼ਿੰਦਗੀਆਂ ਖਤਮ ਕਰੀ ਜਾ ਰਹੇ ਹਨ। ਕਿਸੇ ਧੀ-ਭੈਣ ਦੀ ਇੱਜ਼ਤ ਸੁਰੱਖਿਅਤ ਨਹੀਂ। ਸਾਰੇ ਪਾਸੇ ਰਿਸ਼ਵਤ ਦਾ ਬੋਲਬਾਲਾ ਹੈ। ਪੇਟ ਭਰਨ ਲਈ ਲੋਕਾਂ ਨੂੰ ਦੋ ਵੇਲੇ ਰੋਟੀ ਨਸੀਬ ਨਹੀਂ ਹੋ ਰਹੀ, ਪਰ ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਸਾਰੇ ਨੇਤਾ ਆਪਣੇ ਮਹਿਲਾਂ ’ਚੋਂ ਨਿਕਲ ਲੋਕਾਂ ਨਾਲ ਨੇੜਤਾ ਵਿਖਾਉਣ ਲੱਗ ਪਏ ਹਨ। ਕੋਈ ਬੁਲਾਵੇ ਜਾਂ ਨਾ ਬੁਲਾਵੇ, ਉਨ੍ਹਾਂ ਦੇ ਵਿਆਹ ਦੇ ਸਮਾਗਮਾਂ ’ਚ ਸ਼ਾਮਲ ਹੋ ਰਹੇ ਹਨ। ਅੰਤਿਮ ਅਰਦਾਸ ਦੀਆਂ ਸ਼ੋਕ ਸਮਾਗਮਾਂ ’ਚ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰ ਰਹੇ ਹਨ। ਵੱਡੇ ਵੱਡੇ ਬੋਰਡਾਂ ’ਤੇ ਆਪਣੀਆਂ ਤਸਵੀਰਾਂ ਛਪਵਾ ਕੇ ਹਰ ਗਲੀ ਮੁਹੱਲੇ ’ਚ ਲਵਾ ਰਹੇ ਹਨ ਅਤੇ ਆਪੋ-ਆਪਣੇ ਜਮੂਰਿਆਂ ਦੀ ਫੌਜ ਨਾਲ ਲੈ ਕੇ ਲੰਮੀਆਂ-ਲੰਮੀਆਂ ਯਾਤਰਾਵਾਂ ਕਰ ਕੇ ਭੋਲੇ ਲੋਕਾਂ ਨੂੰ ਭਰਮਾ ਰਹੇ ਹਨ।’’ ਘੁਣਤਰੀ ਕੰਤੇ ਫੌਜੀ ਦੀਆਂ ਰਾਗਣੀਆਂ ਨੂੰ ਵਿਸਥਾਰ ਦਿੰਦਾ ਹੈ।
‘‘ਆਹ ਤੇਰੀਆਂ ਯਾਤਰਾਵਾਂ ਤੋਂ ਯਾਦ ਆਇਐ, ਪਿੱਛੇ ਜਿਹੇ ਇਕ ਹਰਮਨ ਪਿਆਰੇ ਨੇਤਾ ਜੀ ਨੇ ਆਪਣੀ ਕ੍ਰਾਂਤੀ ਯਾਤਰਾ ਸੰਪੂਰਨ ਕੀਤੀ ਐ। ਇਹ ਭਲਾ ਕੀ ਕ੍ਰਾਂਤੀ ਲਿਆਉਣੀ ਚਾਹੁੰਦੇ ਨੇ ਬਈ?” ਤਾਊ ਕੈਲਾ ਮਸਲੇ ਦੀ ਜੜ੍ਹ ਫੜਨੀ ਚਾਹੁੰਦਾ ਹੈ।
‘‘ਤਾਊ ਸਿਹਾਂ, ਕਿਹੜੀ ਕ੍ਰਾਂਤੀ ਲਿਆਉਣੀ ਆਂ ਇਨ੍ਹਾਂ ਨੇ, ਇਹ ਕ੍ਰਾਂਤੀ ਲਿਆਉਣਗੇ ਘਪਲਿਆਂ ਦੀ, ਹੇਰਾਫੇਰੀਆਂ ਦੀ, ਚੋਰੀਆਂ ਦੀ, ਡਾਕਿਆਂ ਦੀ, ਭੁੱਖਾਂ ਦੀ, ਫਾਕਿਆਂ ਦੀ।”
ਕ੍ਰਾਂਤੀ ਲਿਆਉਣੀ ਆਂ ਇਨ੍ਹਾਂ ਨੇ, ਹਾਂ, ਜਿਹੜੇ ਇਨ੍ਹਾਂ ਦੇ ਖਜ਼ਾਨੇ ਕੁਰਸੀ ਖੁੱਸਣ ਤੋਂ ਬਾਅਦ ਪੰਜ ਸਾਲਾਂ ਦੌਰਾਨ ਥੋੜ੍ਹੇ-ਘਣੇ ਊਣੇ ਹੋਏ ਸਨ, ਉਹ ਦੁਬਾਰਾ ਕੁਰਸੀ ’ਤੇ ਬਿਰਾਜਮਾਨ ਹੁੰਦਿਆਂ ਹੀ ਫਿਰ ਨੱਕੋ-ਨੱਕ ਭਰ ਜਾਣਗੇ। ਲੋਕਾਂ ਦਾ ਕੀ ਐ, ਇਨ੍ਹਾਂ ਨੇ ਭੁੱਖੇ ਤਿਹਾਏ ਹੈਂਅ ਈ ਵਿਲਕਦੇ ਰਹਿਣੈ। ਨੇਤਾਵਾਂ ਦੀ ਕ੍ਰਾਂਤੀ ਕੁਰਸੀ ’ਤੇ ਬੈਠਦੇ ਸਾਰ ਆ ਜੂ, ਪਰ ਲੋਕਾਂ ਦੀ ਕ੍ਰਾਂਤੀ ਹਜੇ ਬਹੁਤ ਦੂਰ ਐ…।” ਘੁਣਤਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਊ ਕੈਲੇ ਅੱਗੇ ਕਰ ਦਿੰਦਾ ਹੈ।
‘‘ਵੋਟਾਂ ਵਾਲੇ ਆਉਣਗੇ-ਲੱਕ ਟੁਣੂੰ ਟੁਣੂੰ, ਸਤਿਆਂ ਨੂੰ ਸਤਾਉਣਗੇ-ਲੱਕ ਟੁਣੂੰ-ਟੁਣੂੰ, ਕੁਰਸੀ ਨੂੰ ਜੱਫਾ ਪਾਉਣਗੇ-ਲੋਕ ਟੁਣੂੰ ਟੁਣੂੰ, ਫੇਰ ਨਾ ਮੂੰਹ ਵਿਖਾਉਣਗੇ-ਲੱਕ ਟੁਣੂੰ ਟੁਣੂੰ…।” ਕੰਤਾ ਫੌਜੀ ਧੀਮੀਂ ਸੁਰ ’ਚ ਅਜੇ ਵੀ ਗੁਣਗੁਣਾਈ ਜਾ ਰਿਹਾ ਸੀ।
‘‘ਯਾਰ ਘੁਣਤਰੀ ਸਿਹਾਂ, ਸਾਡੇ ਨੇਤਾ ਵੀ ਦੇਸ਼ ਭਗਤੀ ਦੀਆਂ ਗੱਲਾਂ ਕਰਨ ਲੱਗ ਪਏ ਹਨ। ਅੱਜਕੱਲ੍ਹ ਇਹ ਥਾਂ-ਥਾਂ ਕਹਿੰਦੇ ਫਿਰਦੇ ਹਨ ਅਖੇ ਅਸੀਂ ਦੇਸ਼ ਭਗਤਾਂ ਦੇ ਸੁਫਨੇ ਸਾਕਾਰ ਕਰਾਂਗੇ, ਉਨ੍ਹਾਂ ਦੇ ਸੁਫਨਿਆਂ ਦਾ ਦੇਸ਼ ਬਣਾਵਾਂਗੇ, ਸਮਾਜਵਾਦ ਲੈ ਕੇ ਆਵਾਂਗੇ, ਲੋਕ ਮੌਜਾਂ ਕਰਨਗੇ, ਤੁਸੀਂ ਇਸ ਵਾਰ ਸਾਨੂੰ ਵੋਟਾਂ ਪਾਓ, ਕੁਰਸੀ ’ਤੇ ਬਹਾਓ, ਫੇਰ ਵੇਖਿਓ ਸਾਡੇ ਹੱਥ…।” ਸਮਾਜਵਾਦ ਦਾ ਨਾਂਅ ਸੁਣਦਿਆਂ ਹੀ ਤਾਊ ਕੈਲੇ ਦੇ ਚਿਹਰੇ ’ਤੇ ਲਾਲੀ ਡੁਲ੍ਹਕਾਂ ਮਾਰਨ ਲੱਗ ਪੈਂਦੀ ਹੈ।
‘‘ਤਾਊ ਸਿਹਾਂ, ਇਨ੍ਹਾਂ ਨੇ ਦੇਸ਼ ਭਗਤਾਂ ਦੇ ਸੁਫਨਿਆਂ ਨੂੰ ਕਾਹਦਾ ਸਾਕਾਰ ਕਰਨੈ। ਦੇਸ਼ ਭਗਤਾਂ ਦਾ ਨਾਂਅ ਲੈਣਾ ਤਾਂ ਇਨ੍ਹਾਂ ਦੀ ਮਜਬੂਰੀ ਐ। ਸਾਲ ਬਾਅਦ ਲੋਕ ਲੱਜ ਲਈ ਉਨ੍ਹਾਂ ਦੇ ਬੁੱਤਾਂ ਦਿਆਂ ਗਲ ਹਾਰ ਪਾ ਆਪਣੇ ਲੰਬੇ-ਲੰਬੇ ਭਾਸ਼ਣ ਦੇ ਆਉਂਦੇ ਹਨ ਤੇ ਫਿਰ ਮਹਿਲਾਂ ’ਚ ਜਾ ਘੁਰਾੜੇ ਮਾਰਦੇ ਹਨ। ਇਹ ਭਲਾ ਦੇਸ਼ ਭਗਤਾਂ ਦਿਆਂ ਸੁਫਨਿਆਂ ਨੂੰ ਕਿਵੇਂ ਸਾਕਾਰ ਕਰ ਸਕਦੇ ਹਨ? ਅਰਬਾਂ-ਖਰਬਾਂ ਰੁਪਿਆਂ ਦੇ ਮਾਲਕ ਹਨ। ਬਾਹਰਲੇ ਦੇਸ਼ਾਂ ਦੇ ਬੈਂਕ ਇਨ੍ਹਾਂ ਦੇ ਕਾਲੇ ਧਨ ਨਾਲ ਨੱਕੋ-ਨੱਕ ਭਰੇ ਪਏ ਹਨ। ਕੀ ਇਹ ਆਪਣੀ ਅਰਬਾਂ-ਖਰਬਾਂ ਦੀ ਰਾਸ਼ੀ ਲੋਕਾਂ ਨੂੰ ਵੰਡਣ ਲਈ ਤਿਆਰ ਹੋ ਜਾਣਗੇ? ਨਹੀਂ ਨਾ? ਫੇਰ ਭਲਾ ਦੇਸ਼ ਭਗਤਾਂ ਦੇ ਸੁਫਨੇ ਕਿਵੇਂ ਸਾਕਾਰ ਹੋਣਗੇ? ਇਹ ਤਾਂ ਤਾਊ ਸਿਹਾਂ ਦੇਸ਼ ਭਗਤਾਂ ਦੇ ਨਾਂਅ ’ਤੇ ਆਪੋ-ਆਪਣੀਆਂ ਰੋਟੀਆਂ ਸੇਕਦੇ ਹਨ। ਜਿੱਦਣ ਕੁਰਸੀ ’ਤੇ ਬਿਰਾਜਮਾਨ ਹੋ ਗਏ ਫੇਰ ਤੂੰ ਕੌਣ ਤੇ ਮੈਂ ਕੌਣ। ਇਨ੍ਹਾਂ ਨੇ ਦੇਸ਼ ਭਗਤਾਂ ਤੋਂ ਭਲਾ ਟਾਟਾਂ ਲੈਣੀਆਂ ਨੇ। ਇਹ ਤਾਂ ਸਾਰੀ ਢਕਵੰਜਬਾਜ਼ੀ ਐ ਤਾਊ ਸਿਹਾਂ…।’’ ਘੁਣਤਰੀ ਦੇਸ਼ ਭਗਤਾਂ ਪ੍ਰਤੀ ਝੂਠਾ ਪਿਆਰ ਵਿਖਾਉਣ ਵਾਲੇ ਨੇਤਾਵਾਂ ਦਾ ਅਸਲੀ ਚਿਹਰਾ ਨੰਗਾ ਕਰਦਾ ਹੈ।
‘‘ਯਾਰ, ਕੰਤੇ ਫੌਜੀ ਦੀ ਗੱਲ ਤੋਂ ਯਾਦ ਆਇਆ, ਅੱਜ ਆਪਣੇ ਨੇੜਲੇ ਪਿੰਡ ਮੰਤਰੀ ਜੀ ਬੜੀਆਂ ਗਰਾਂਟਾਂ ਦੇ ਕੇ ਗਏ ਐ। ਕਿਤੇ ਬੁਢਾਪਾ ਪੈਨਸ਼ਨਾਂ ਦਾ ਮੀਂਹ ਵਰ੍ਹਾਤਾ। ਕਿਤੇ ਗਰੀਬਾਂ ਲਈ ਮਕਾਨਾਂ ਦਾ ਹੜ੍ਹ ਲਿਆਤਾ। ਕਿਤੇ ਧਰਮਸ਼ਾਲਾਵਾਂ ਬਣਾਉਣ ਦਾ ਝੱਖੜ ਝੁਲਾਤਾ। ਕਿਤੇ ਕਬਰਾਂ ਦੀ ਚਾਰਦੀਵਾਰੀ ਲਈ ਚੈੱਕਾਂ ਦਾ ਚੱਕਰ ਚਲਾਤਾ। ਮੈਂ ਆਹਨਾਂ ਜੀ ਮੰਤਰੀ ਨੇ ਗਰਾਂਟਾਂ ਵਾਲੀ ਬਹਿਜਾ ਬਹਿਜਾ ਕਰਾਤੀ। ਜਿਹਨੇ ਗਰਾਂਟ ਦੀ ਮੰਗ ਕੀਤੀ, ਮੰਤਰੀ ਜੀ ਨੇ ਉਹਦੇ ਹੱਥ ਚੈੱਕ ਪਕੜਾਤਾ।
ਮੰਤਰੀ ਜੀ ਇਹ ਵੀ ਕਹਿੰਦੇ ਸਨ ਅਖੇ ਭਰਾਓ ਅਸੀਂ ਆਉਂਦਿਆਂ ਮਹੀਨਿਆਂ ’ਚ ਵਿਕਾਸ ਦੀ ਹਨੇਰੀ ਲਿਆ ਦਿਆਂਗੇ। ਬੇਰੋਜ਼ਗਾਰਾਂ ਨੂੰ ਨੌਕਰੀਆਂ ’ਤੇ ਲੁਆ ਦਿਆਂਗੇ। ਵੀਹ-ਵੀਹ ਵਰਿ੍ਹਆਂ ਦੇ ਕਾਕਿਆਂ ਦੀਆਂ ਬੁਢਾਪਾ ਪੈਨਸ਼ਨਾਂ ਲੁਆ ਦਿਆਂਗੇ। ਪਿੰਡ-ਪਿੰਡ ਨੂੰ ਕੈਲਫੋਰਨੀਆ ਬਣਾ ਦਿਆਂਗੇ। ਬਸ, ਤੁਸੀਂ ਸਾਡੇ ’ਤੇ ਆਪਣੀ ਨਿਗ੍ਹਾ ਸਵੱਲੀ ਰੱਖਿਓ…।” ਤਾਊ ਕੈਲਾ ਨੇਤਾ ਜੀ ਦੀ ਦਰਿਆਦਿਲੀ ’ਤੇ ਹੈਰਾਨੀ ਪ੍ਰਗਟ ਕਰਦਾ ਹੈ।
‘‘ਤਾਊ ਸਿਹਾਂ, ਇਹ ਸਭ ਵੋਟਾਂ ਲੈਣ ਦਾ ਡਰਾਮਾ ਐ। ਪਹਿਲਾਂ ਸਾਢੇ ਚਾਰ ਸਾਲ ਵਿਕਾਸ ਦੀ ਹਨੇਰੀ ਕਿੱਥੇ ਗਈ ਸੀ? ਪਹਿਲਾਂ ਮੰਤਰੀ ਜੀ ਨੇ ਲੋਕਾਂ ਦੀ ਸਾਰ ਨਹੀਂ ਲਈ। ਜਦ ਵੋਟਾਂ ਸਿਰ ’ਤੇ ਆ ਗਈਆਂ ਤਾਂ ਵਿਕਾਸ ਦੀਆਂ ਹਨੇਰੀਆਂ ਝੁੱਲਣ ਲੱਗ ਪਈਆਂ। ਬੁਢਾਪਾ ਪੈਨਸ਼ਨਾਂ ਲੱਗਣ ਲੱਗ ਪਈਆਂ। ਗਰੀਬਾਂ ਦੇ ਕੱਚੇ ਮਕਾਨ ਪੱਕਿਆਂ ’ਚ ਤਬਦੀਲ ਹੋਣ ਲੱਗ ਪਏ ਹਨ। ਲੋਕਾਂ ਦੀ ਨਰਕ ਵਰਗੀ ਜ਼ਿੰਦਗੀ ਨੂੰ ਸਵਰਗ ’ਚ ਤਬਦੀਲ ਕਰਨ ਦੀਆਂ ਟਾਹਰਾਂ ਵੱਜਣ ਲੱਗ ਪਈਆਂ ਹਨ।”
ਤਾਊ ਸਿਹਾਂ, ਜਿੱਦਣ ਵੋਟਾਂ ਪੈ ਗਈਆਂ ਤੇ ਇਹ ਮੰਤਰੀ ਫਿਰ ਤੋਂ ਕੁਰਸੀ ’ਤੇ ਬਿਰਾਜਮਾਨ ਹੋ ਗਏ-ਇਹ ਵਿਕਾਸ ਦੀ ਹਨੇਰੀ ਕਿਤੋਂ ਲੱਭਿਆਂ ਨਹੀਂ ਲੱਭਣੀ…।” ਘੁਣਤਰੀ ਨੇਤਾ ਜੀ ਦੇ ਅਖੌਤੀ ਵਿਕਾਸ ਮੰਡਲ ਨੂੰ ਲੀਰੋ-ਲੀਰ ਕਰਦਾ ਹੈ।
‘‘ਵੋਟਾਂ ਵਾਲੇ ਆਉਣਗੇ-ਲੱਕ ਟੁਣੂੰ ਟੁਣੂੰ, ਲਾਰੇ-ਲੱਪੇ ਲਾਉਣਗੇ-ਲੱਕ ਟੁਣੂੰ ਟੁਣੂੰ, ਲੋਕਾਂ ਨੂੰ ਵਰਚਾਉਣਗੇ-ਲੱਕ ਟੁਣੂੰ ਟੁਣੂੰ, ਕੁਰਸੀ ਨੂੰ ਹੱਥ ਪਾਉਣਗੇ-ਲੱਕ ਟੁਣੂੰ ਟੁਣੂੰ, ਫੇਰ ਨਾ ਮੂੰਹ ਵਿਖਾਉਣਗੇ-ਲੱਕ ਟੁਣੂੰ ਟੁਣੂੰ, ਵੋਟਾਂ ਵਾਲੇ ਆਉਣਗੇ-ਲੱਕ ਟੁਣੂੰ ਟੁਣੂੰ…।” ਕੰਤਾਂ ਫੌਜੀ ਅਜੇ ਵੀ ਸੱਥ ’ਚ ਬੈਠਾ ਉਚੀ ਸੁਰ ’ਚ ਗਾਈ ਜਾ ਰਿਹਾ ਸੀ।
–ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ
Comment here