ਸਿਆਸਤਖਬਰਾਂਚਲੰਤ ਮਾਮਲੇ

ਲੰਬੀ ਤੋਂ ਵੱਡੇ ਬਾਦਲ, ਸਿੱਧੂ ਦੇ ਸਾਹਮਣੇ ਮਜੀਠੀਆ ਚੋਣ ਮੈਦਾਨ ਚ ਡਟੇ

ਲੰਬੀ-ਪੰਜਾਬ ਚੋਣਾਂ ਵਿਚ ਸਭ ਤੋੰ ਵਧ ਚਰਚਿਤ ਸੀਟ ਲੰਬੀ ਹੈ, ਜਿਸ ਬਾਰੇ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜ਼ਿਆਦਾ ਉਮਰ ਕਾਰਨ ਵੱਡੇ ਬਾਦਲ ਸਾਹਿਬ ਸ਼ਾਇਦ ਇਸ ਵਾਰ ਚੋਣ ਮੈਦਾਨ ਤੋਂ ਦੂਰ ਰਹਿਣਗੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀਆਂ ਬਾਕੀ ਰਹਿੰਦੀਆਂ ਤਿੰਨ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਸਭ ਤੋਂ ਚਰਚਿਤ ਸੀਟ ਵਿਧਾਨ ਸਭਾ ਹਲਕਾ ਲੰਬੀ ਤੋਂ ਇਸ ਵਾਰ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। 94 ਸਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਧਾਨ ਸਭਾ ਹਲਕੇ ਤੋਂ ਹੀ ਲਗਾਤਾਰ  ਜਿੱਤ ਦਰਜ ਕਰਦੇ ਆ ਰਹੇ ਹਨ। ਇਸ ਵਾਰ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਵੱਲੋਂ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲਖੁਰਾਣਾ ਦੇ ਸਪੁੱਤਰ ਜਗਪਾਲ ਸਿੰਘ ਅਬੁਲਖੁਰਾਨਾ ਅਤੇ ਭੁਪਿੰਦਰ ਸਿੰਘ ਖੁੱਡੀਆਂ ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਜੋ ਕਾਂਗਰਸ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਉਮੀਦਵਾਰ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੀਮਾਰ ਹੋਣ ਕਰਕੇ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਉਹ ਇਸ ਵਾਰ ਚੋਣ ਨਾ ਲੜਨ ਪਰ ਪੰਜਾਬ ਵਿੱਚ ਮੁਕਾਬਲਾ ਦਿਲਚਸਪ  ਹੋਣ ਕਰਕੇ ਅਤੇ ਪਾਰਟੀ ਲਈ ਉਨ੍ਹਾਂ ਦੀ ਵੱਡੀ ਜ਼ਰੂਰਤ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤਾਂ ਜੋ ਉਨ੍ਹਾਂ ਦਾ ਲਾਹਾ ਪਾਰਟੀ ਨੂੰ ਮਿਲ ਸਕੇ । ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਪੂਰੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਵਰਕਰਾਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ । ਹੁਣ ਦੇਖਣਾ ਹੋਵੇਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿੰਨੀਆਂ ਵੋਟਾਂ ਨਾਲ ਜਿੱਤ ਦਰਜ ਕਰਦੇ ਹਨ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਉਮੀਦਵਾਰ ਐਲਾਨਿਆ ਹੈ।

Comment here