ਵਾਸ਼ਿੰਗਟਨ-ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐੱਫਏਓ) ਨੇ ਕਿਹਾ ਹੈ ਕਿ ਪਿਛਲੇ ਸਾਲ ਦੁਨੀਆ ਭਰ ’ਚ ਖਾਣ-ਪੀਣ ਦੀਆਂ ਚੀਜ਼ਾਂ 30 ਫੀਸਦੀ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ ਵਿਚ ਅਨਾਜ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਕਤੂਬਰ ਮਹੀਨੇ ’ਚ ਹੀ ਸਬਜ਼ੀਆਂ ਦੇ ਤੇਲ ’ਚ 10 ਫੀਸਦੀ ਦਾ ਉਛਾਲ ਆਇਆ ਹੈ। ਸਪਲਾਈ ਵਿਚ ਰੁਕਾਵਟ, ਫੈਕਟਰੀਆਂ ਦਾ ਬੰਦ ਹੋਣਾ ਅਤੇ ਰਾਜਨੀਤਿਕ ਤਣਾਅ ਕਾਰਨ ਭਾਅ ਵਧਦੇ ਜਾ ਰਹੇ ਹਨ।
ਐੱਫਏਓ ਦਾ ਕਹਿਣਾ ਹੈ ਕਿ ਅਨਾਜ ਦੀਆਂ ਕੀਮਤਾਂ ਵਿਚ ਸਾਲਾਨਾ 22% ਦਾ ਵਾਧਾ ਹੋਇਆ ਹੈ। ਕੈਨੇਡਾ, ਰੂਸ ਅਤੇ ਅਮਰੀਕਾ ਵਰਗੇ ਵਧ ਰਹੇ ਕਣਕ ਉਤਪਾਦਕ ਦੇਸ਼ਾਂ ਵਿਚ ਫਸਲ ਘੱਟ ਹੋਣ ਕਾਰਨ ਇਕ ਸਾਲ ਦੇ ਅੰਦਰ ਕਣਕ ਦੀਆਂ ਕੀਮਤਾਂ ਵਿਚ 40 ਫੀਸਦੀ ਦਾ ਵਾਧਾ ਹੋਇਆ ਹੈ। ਕਰਟਿਨ ਬਿਜ਼ਨਸ ਸਕੂਲ ਦੇ ਖੇਤੀਬਾੜੀ ਮਾਹਿਰ ਪੀਟਰ ਬੈਟ ਕਹਿੰਦੇ ਹਨ, “ਜਿੱਥੋਂ ਤੱਕ ਅਨਾਜ ਦੀ ਗੱਲ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮੌਸਮੀ ਤਬਦੀਲੀ ਕਾਰਨ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਕਈ ਥਾਵਾਂ ’ਤੇ ਝਾੜ ਬਹੁਤ ਘੱਟ ਹੋ ਰਿਹਾ ਹੈ।’’
ਐਫਏਓ ਨੇ ਕਿਹਾ ਕਿ ਪਾਮ, ਸੋਇਆ, ਸੂਰਜਮੁਖੀ ਅਤੇ ਰੇਪਸੀਡ ਤੇਲਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਸਬਜ਼ੀਆਂ ਵਾਲੇ ਤੇਲ ਦੀਆਂ ਕੀਮਤਾਂ ਦੇ ਸੂਚਕਾਂਕ ਵਿਚ ਤੇਜ਼ੀ ਆਈ ਹੈ। ਸੰਸਥਾ ਦਾ ਕਹਿਣਾ ਹੈ ਕਿ ਮਲੇਸ਼ੀਆ ਵਿਚ ਪਾਮ ਤੇਲ ਦੇ ਉਤਪਾਦਨ ਵਿਚ ਕਮੀ ਕਾਰਨ ਪ੍ਰਵਾਸੀ ਕਾਮਿਆਂ ਦੀ ਕਮੀ ਵੀ ਹੈ।
Comment here