ਸਿਆਸਤਪ੍ਰਵਾਸੀ ਮਸਲੇਵਿਸ਼ੇਸ਼ ਲੇਖ

ਲੰਗਰ ਸੇਵਾ ਸਿੱਖ ਭਾਈਚਾਰੇ ਨੂੰ ਦਿੰਦੀ ਹੈ ਅੱਡਰੀ ਪਛਾਣ

ਸੰਗਤ ਅਤੇ ਪੰਗਤ ਸੰਸਥਾਵਾਂ ਵਿਚ ਲੰਗਰ ਪ੍ਰਥਾ ਸਿੱਖ ਭਾਈਚਾਰੇ ਦੇ ਮੁਕੱਦਸ ਗੁਰਦੁਆਰਿਆਂ ਦਾ ਅਟੁੱਟ ਅੰਗ ਹੈ ਜਿਸ ਨੂੰ ਨਿਰਸਵਾਰਥ ਅਤੇ ਧਾਰਮਿਕ ਲਗਨ ਨਾਲ ਸੇਵਾ ਰਾਹੀਂ ਨਿਭਾਉਣ ਲਈ ਹਰ ਸਿੱਖ ਹਮੇਸ਼ਾ ਤਤਪਰ ਰਹਿੰਦਾ ਹੈ।ਅਜੋਕੇ ਯੁੱਗ ਵਿਚ ਵਿਸ਼ਵ ਦੇ ਕਿਸੇ ਵੀ ਹਿੱਸੇ ਵਿਚ ਜਦੋਂ ਵੀ ਜੰਗ, ਹੜ੍ਹ, ਸੋਕੇ, ਮਹਾਮਾਰੀ ਅਤੇ ਕੁਦਰਤੀ ਪ੍ਰਕੋਪ ਕਾਰਨ ਲੋਕਾਈ ਪੀੜਤ ਨਜ਼ਰ ਆਉਂਦੀ ਹੈ ਸਿੱਖ ਸੰਸਥਾਵਾਂ ਉੱਥੇ ਪਹੁੰਚ ਕੇ ਬਚਾਅ ਕਾਰਜਾਂ, ਦਵਾ-ਦਾਰੂ, ਸਾਂਭ-ਸੰਭਾਲ, ਲੰਗਰ ਸੇਵਾ ਵਿਚ ਜਾ ਰੁੱਝਦੀਆਂ ਹਨ। ਵਿਸ਼ਵ ਦਾ ਕੋਈ ਕੋਨਾ ਅਜਿਹਾ ਨਹੀਂ ਜਿੱਥੇ ਖ਼ਾਲਸਾ ਏਡ ਅਤੇ ਹੋਰ ਸਿੱਖ ਸੰਸਥਾਵਾਂ ਨਾ ਪੁੱਜਦੀਆਂ ਹੋਣ। ਇਹ ਅਲੌਕਿਕ ਵਰਤਾਰਾ ਨਿਰੰਤਰ ਜਾਰੀ ਹੈ। ਅਸੀਂ ਸਭ ਜਾਣਦੇ ਹਾਂ ਕਿ ਯੂਕਰੇਨ ਦੇਸ਼ ਦੇ ਕਾਮੇਡੀਅਨ ਰਹੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੀ ਨਾਟੋ ਅਤੇ ਯੂਰਪੀਅਨ ਯੂਨੀਅਨ ਸੰਸਥਾਵਾਂ ਵਿਚ ਰਲਣ ਦੀ ਜ਼ਿੱਦ ਕਰ ਕੇ ਰੂਸ ਵੱਲੋਂ 24 ਫਰਵਰੀ ਨੂੰ ਉਸ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਲੱਖਾਂ ਦੀ ਤਾਦਾਦ ਵਿਚ ਯੂਕਰੇਨ ਵਾਸੀ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ਵਿਚ ਪਨਾਹ ਲੈ ਚੁੱਕੇ ਹਨ। ਇਨ੍ਹਾਂ ਵਿਚ ਕਰੀਬ ਇਕ ਲੱਖ ਭਾਰਤੀ, ਏਸ਼ੀਅਨ ਅਤੇ ਅਫ਼ਰੀਕੀ ਅਜਿਹੇ ਵਿਦਿਆਰਥੀ ਸਨ ਜੋ ਬਹੁਤਾ ਕਰ ਕੇ ਰਾਜਧਾਨੀ ਕੀਵ, ਸੁਮੀ ਅਤੇ ਖੇਰਸਨ ਆਦਿ ਸਥਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਐੱਮਬੀਬੀਐੱਸ, ਬੀਡੀਐੱਸ ਅਤੇ ਅਤੇ ਨਰਸਿੰਗ ਕੋਰਸਾਂ ਦੀ ਪੜ੍ਹਾਈ ਕਰ ਰਹੇ ਹਨ। ਕੁਝ ਇੱਕਾ-ਦੁੱਕਾ ਵਿਦਿਆਰਥੀ ਉੱਚ ਆਰਟਸ ਡਿਗਰੀਆਂ ਜਾਂ ਪੀਐੱਚਡੀ ਲਈ ਗਏ ਹੋਏ ਹਨ। ਜੰਗ ਦੇ ਝੰਬੇ ਯੂਕਰੇਨ ਵਿਚ ਲਗਪਗ 18000 ਭਾਰਤੀ ਵਿਦਿਆਰਥੀ ਡਾਕਟਰੀ, ਨਰਸਿੰਗ ਅਤੇ ਹੋਰ ਤਕਨੀਕੀ ਕੋਰਸ ਕਰ ਰਹੇ ਸਨ। ਲਗਪਗ 2000 ਹੋਰ ਭਾਰਤੀ ਨਾਗਰਿਕ ਵੀ ਉੱਥੇ ਰਹਿੰਦੇ ਸਨ। ਜੰਗ ਸ਼ੁਰੂ ਹੋਣ ਤਕ ਹਾਲਾਤ ਦੇ ਮੱਦੇਨਜ਼ਰ ਇਨ੍ਹਾਂ ’ਚੋਂ ਲਗਪਗ 4000 ਵਿਦਿਆਰਥੀ ਵਾਪਸ ਆ ਗਏ ਸਨ। ਪਰ ਪਿੱਛੇ ਜੋ ਰਹਿ ਗਏ, ਉਨ੍ਹਾਂ ਨੂੰ ਹੋਰ ਏਸ਼ੀਅਨ ਅਤੇ ਅਫ਼ਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਨਾਗਰਿਕਾਂ ਸਮੇਤ ਜਿਸ ਤਰ੍ਹਾਂ ਨਸਲੀ ਭੇਦ-ਭਾਵ, ਫ਼ੌਜੀ, ਸਿਵਲ ਅਤੇ ਸਰਹੱਦੀ ਸੁਰੱਖਿਆ ਅਮਲੇ ਦੀਆਂ ਅਣਮਨੁੱਖੀ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪਿਆ, ਉਸ ਦੀਆਂ ਦਾਸਤਾਨਾਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਹਨ ਜਿਨ੍ਹਾਂ ਦਾ ਅਕਸਰ ਵਰਣਨ ਵਿਸ਼ਵ ਪ੍ਰੈੱਸ, ਭਾਰਤੀ ਅਤੇ ਸਥਾਨਕ ਪ੍ਰੈੱਸ ਰਾਹੀਂ ਵੇਖਣ ਨੂੰ ਮਿਲਿਆ।
ਇਸ ਸਬੰਧੀ ਕੈਨੇਡਾ ਦੀ ਨਾਮਵਰ ਅਖ਼ਬਾਰ ‘ਨੈਸ਼ਨਲ ਪੋਸਟ’ ਵਿਚ ਪੱਤਰਕਾਰ ਐਡਮ ਜੀਵੋ ਨੇ ਪੋਲੈਂਡ ਦੀ ਰਾਜਧਾਨੀ ਵਾਰਸਾ ਤੋਂ ਇਕ ਵਿਸਥਾਰਤ ਜਾਣਕਾਰੀ ਭਰਪੂਰ ਫੁੱਲ ਪੇਜ ਆਰਕੀਟਲ 25 ਮਾਰਚ 2022 ਨੂੰ ਲਿਖਿਆ ਸੀ। ਵਾਰਸਾ ਅੰਦਰ ਭਾਰਤੀ ਅਤੇ ਹੋਰ ਰਫਿਊਜੀਆਂ ਦੀ ਸੰਭਾਲ ਜਿਵੇਂ ਦੋ ਮੰਜ਼ਿਲਾ ਗੁਰਦੁਆਰੇ ਵੱਲੋਂ ਉਸ ਦੇ ਪ੍ਰਬੰਧਕ ਜੇਜੇ ਸਿੰਘ ਜੋ ਇੰਡੋ-ਪੋਲਿਸ਼ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਵੀ ਹਨ, ਦੀ ਅਗਵਾਈ ਵਿਚ ਆਪਣੇ ਭਾਰਤੀ ਅਤੇ ਸਿੰਧੀ ਸਹਿਯੋਗੀਆਂ ਨਾਲ ਮਿਲ ਕੇ ਜੀਅ ਤੋੜ ਲਗਨ ਨਾਲ ਕੀਤੀ, ਉਸ ਤੋਂ ਪ੍ਰਭਾਵਿਤ ਹੋ ਕੇ ਉਹ ਲਿਖਦੇ ਹਨ ਕਿ ਜੋ ਨਿਮਰਤਾ ਅਤੇ ਸੰਗਤ ਭਾਵ ਨਾਲ ਉਨ੍ਹਾਂ ਉੱਥੇ ਵੇਖਿਆ ਉਸ ਨੇ ਮੇਰੇ ਵਿਚਾਰਾਂ ਨੂੰ ਹੋਰ ਪ੍ਰਪੱਕਤਾ ਪ੍ਰਦਾਨ ਕੀਤੀ ਕਿ ਇਹ ਵਿਸ਼ਵ ਇਕ ਵਧੀਆ ਖ਼ੂਬਸੂਰਤ ਸਥਾਨ ਬਣ ਸਕਦਾ ਹੈ ਜੇਕਰ ਸਿੱਖ ਭਾਈਚਾਰੇ ਦੀ ਸੋਚ ਅਤੇ ਸੇਵਾਭਾਵ ਤੋਂ ਸੇਧ ਲਵੇ। ਸਿੱਖ 80ਵੇਂ ਅਤੇ 90ਵੇਂ ਦਹਾਕੇ ਵਿਚ ਵਪਾਰ ਅਤੇ ਕਾਰੋਬਾਰ ਲਈ ਪੋਲੈਂਡ ਆਉਣੇ ਸ਼ੁਰੂ ਹੋਏ ਸਨ। ਅੱਜ ਇਸ ਦੇਸ਼ ਵਿਚ ਉਨ੍ਹਾਂ ਦੀ ਆਬਾਦੀ ਲਗਪਗ 15000 ਹੈ। ਵਾਰਸਾ ਵਿਚ ਉਨ੍ਹਾਂ ਨੇ ਨਾਨਕ ਨਾਮਲੇਵਾ ਸਿੰਧੀ ਭਾਈਚਾਰੇ ਨਾਲ ਮਿਲ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੋ ਮੰਜ਼ਿਲਾ ਇਮਾਰਤ ਵਿਚ ਸ਼ੁਰੂ ਕੀਤਾ। ਨਾਲ ਹੀ ਇਕ ਕਮਰੇ ਦਾ ਲੰਗਰ ਹਾਲ ਅਤੇ ਕੱਚਾ ਵਿਹੜਾ ਵੀ ਹੈ। ਅਜਿਹਾ ਹੀ ਸੰਨ 2014 ਵਿਚ ਆਪਣੇ ਲੜਕੇ ਦੀ ਸ਼ਾਦੀ ਵੇਲੇ ਇਕ ਖ਼ੂਬਸੂਰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਲੇਖਕ ਨੇ ਪੰਜਾਬੀ ਅਤੇ ਸਿੰਧੀ ਭਾਈਚਾਰੇ ਵੱਲੋਂ ਮਿਲ ਕੇ ਉਸਾਰਿਆ ਗਿਆ ਪਨਾਮਾ ਵਿਖੇ ਦੇਖਿਆ ਸੀ। ਜਿੱਥੇ ਉਸ ਗੁਰਦੁਆਰੇ ਵਿਚ ਹਰ ਐਤਵਾਰ ਨੂੰ ਲਗਪਗ 1000-1200 ਪੰਜਾਬੀ-ਸਿੰਧੀ ਸੰਗਤ ਜੁੜਦੀ ਵੇਖੀ ਉੱਥੇ ਵਾਰਸਾ ਗੁਰਦੁਆਰੇ ਵਿਚ ਹਰ ਐਤਵਾਰ ਨੂੰ 300 ਤੋਂ 500 ਪੰਜਾਬੀ-ਭਾਰਤੀ-ਸਿੰਧੀ ਸੰਗਤ ਜੁੜਦੀ ਹੈ।
ਪਹਿਲਾਂ ਤਾਂ ਭਾਰਤੀ ਵਿਦਿਆਰਥੀਆਂ ਅਤੇ ਸਹਿਯੋਗੀਆਂ ਨੂੰ ਪੋਲੈਂਡ ਅੰਦਰ ਇਸ ਗੁਰਦੁਆਰੇ ਦਾ ਪਤਾ ਹੀ ਨਾ ਲੱਗਾ। ਜਿਉਂ-ਜਿਉਂ ਪਤਾ ਚੱਲਦਾ ਗਿਆ ਉਹ ਭਾਰਤ ਸਰਕਾਰ ਦੇ ਆਪ੍ਰੇਸ਼ਨ ਗੰਗਾ ਤਹਿਤ ਸਵਦੇਸ਼ ਪਰਤਣ ਦੇ ਪ੍ਰਬੰਧਾਂ ਤਕ ਇਸ ਗੁਰਦੁਆਰੇ ਵਿਚ ਆਉਂਦੇ ਰਹੇ ਜਿੱਥੇ ਉਨ੍ਹਾਂ ਦੇ ਲੰਗਰ, ਰਿਹਾਇਸ਼, ਕੱਪੜੇ-ਲੀੜੇ, ਦਵਾ-ਦਾਰੂ ਦੇ ਪ੍ਰਬੰਧ ਦੇ ਵਿੱਤੋਂ ਵੱਧ ਯਤਨ ਹੁੰਦੇ ਰਹੇ। ਪ੍ਰਬੰਧਕ ਨੇ ਟਵੀਟ ਕਰ ਕੇ ਇਸ ਗੁਰਦੁਆਰੇ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਕਰੀਬ 25000 ਲੋਕਾਂ ਨੇ ਪਸੰਦ ਕੀਤਾ। ਉਨ੍ਹਾਂ ਨਾਲ ਨਾ ਸਿਰਫ਼ ਵਿਦਿਆਰਥੀਆਂ ਬਲਕਿ ਅਜਿਹੇ ਵਪਾਰੀਆਂ-ਕਾਰੋਬਾਰੀਆਂ ਨੇ ਵੀ ਸੰਪਰਕ ਕੀਤਾ ਜੋ ਦਹਾਕਿਆਂ ਦੀ ਕਮਾਈ ਜੰਗ ਅਤੇ ਯੂਕਰੇਨੀਆਂ ਦੇ ਨਸਲੀ ਵਿਤਕਰੇ ਕਰ ਕੇ ਗੁਆਉਂਦਿਆਂ ਖ਼ਾਲੀ ਹੱਥ ਭਾਰਤ ਵਾਪਸ ਪਰਤ ਰਹੇ ਸਨ। ਰੂਸ ਨਾਲ ਭਾਰਤ ਦੇ ਬਹੁਤ ਪੁਰਾਣੇ ਸਬੰਧ ਹਨ। ਕਸ਼ਮੀਰ ਬਾਰੇ ਅਨੇਕ ਮਤਿਆਂ ਨੂੰ ਯੂਐੱਨ ਸੁਰੱਖਿਆ ਕੌਂਸਲ ਵਿਚ ਉਹ ਭਾਰਤ ਦੇ ਹੱਕ ਵਿਚ ਵੀਟੋ ਕਰਦਾ ਰਿਹਾ। ਸੰਨ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਬੰਗਾਲ ਦੀ ਖਾੜੀ ਵਿਚ ਅਮਰੀਕਾ ਵੱਲੋਂ ਪਾਕਿਸਤਾਨ ਦੀ ਹਮਾਇਤ ਵਿਚ ਭੇਜੇ 7ਵੇਂ ਸਮੁੰਦਰੀ ਬੇੜੇ ਨੂੰ ਵੀ ਉਸ ਨੇ ਸਖ਼ਤੀ ਨਾਲ ਰੋਕ ਦਿੱਤਾ ਸੀ।
ਲਿਹਾਜ਼ਾ ਜਨਰਲ ਏ. ਕੇ. ਨਿਆਜ਼ੀ ਦੀ ਕਮਾਨ ਵਿਚ ਪੂਰਬੀ ਪਾਕਿਸਤਾਨ ਵਿਚ 90 ਹਜ਼ਾਰ ਪਾਕਿਸਤਾਨੀ ਫ਼ੌਜ ਨੂੰ ਭਾਰਤੀ ਪੂਰਬੀ ਕਮਾਨ ਦੇ ਕਮਾਂਡਰ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਹਥਿਆਰ ਸੁੱਟਣੇ ਪਏ। ਉਪਰੰਤ ਭਾਰਤੀ ਉਪ ਮਹਾਦੀਪ ਵਿਚ ‘ਬੰਗਲਾਦੇਸ਼’ ਨਾਮਕ ਆਜ਼ਾਦ ਪ੍ਰਭੂਸੱਤਾ ਸੰਪੰਨ ਦੇਸ਼ ਹੋਂਦ ਵਿਚ ਆਇਆ।  ਯੂਐੱਨ ਸੁਰੱਖਿਆ ਕੌਂਸਲ ਵਿਚ ਰੂਸ ਵੱਲੋਂ ਯੂਕਰੇਨ ’ਤੇ ਹਮਲੇ ਸਬੰਧੀ ਨਿਖੇਧੀ ਮਤੇ ਦੀ ਵੋਟਿੰਗ ਵੇਲੇ ਭਾਰਤ ਨਦਾਰਦ ਰਿਹਾ। ਇਵੇਂ ਹੀ ਆਰਥਿਕ ਪਾਬੰਦੀਆਂ ਅਤੇ ਹੋਰ ਮਸਲਿਆਂ ਵੇਲੇ। ਭਾਰਤ ਦੇ ਇਸ ਰਵੱਈਏ ਕਾਰਨ ਯੂਕਰੇਨ ਨਾਰਾਜ਼ ਹੀ ਨਹੀਂ ਹੋਇਆ ਬਲਕਿ ਖਿਝ ਗਿਆ ਸੀ। ਉਹ ਭੁੱਲ ਗਿਆ ਕਿ ਭਾਰਤੀ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਅਤੇ ਠਹਿਰ ਦੇ ਰੂਪ ਵਿਚ ਅਰਬਾਂ ਰੁਪਇਆਂ ਦਾ ਯੋਗਦਾਨ ਉਸ ਦੇ ਖ਼ਜ਼ਾਨੇ ਵਿਚ ਪਾਇਆ ਸੀ। ਯੂਕਰੇਨ ਅੰਦਰ ਨਿਊ ਨਾਜ਼ੀਵਾਦੀਆਂ, ਗੋਰੇ ਨਸਲਵਾਦੀਆਂ ਹੀ ਨਹੀਂ ਬਲਕਿ ਪੁਲਿਸ, ਫ਼ੌਜ, ਸਰਹੱਦੀ ਸੁਰੱਖਿਆ ਬਲਾਂ ਨੇ ਭਾਰਤੀਆਂ ਨੂੰ ਤੰਗ-ਪਰੇਸ਼ਾਨ ਕੀਤਾ, ਕੁੱਟ-ਮਾਰ ਕੀਤੀ ਅਤੇ ਡਰਾਇਆ-ਧਮਕਾਇਆ ਗਿਆ। ਉਨ੍ਹਾਂ ਦੀ ਸੁਰੱਖਿਆ, ਖਾਣ-ਪੀਣ, ਅਤਿ ਦੀ ਠੰਢ ਤੋਂ ਬਚਾਅ ਤੇ ਗੁਆਂਢੀ ਦੇਸ਼ਾਂ ਵਿਚ ਜਾਣ ਦਾ ਪ੍ਰਬੰਧ ਵੀ ਨਾ ਕੀਤਾ ਗਿਆ। ਸੈਂਕੜੇ ਕਿਲੋਮੀਟਰ ਉਨ੍ਹਾਂ ਨੂੰ ਤੁਰਨਾ ਪਿਆ। ਅਨੇਕਾਂ ਭਾਰਤੀਆਂ ਨੂੰ ਕਾਰਾਂ ਵਿਚ ਨਿੱਘ ਲੈਣਾ ਪਿਆ ਕਿਉਂਕਿ ਉਨ੍ਹਾਂ ਨੂੰ ਘਰਾਂ ਵਿਚ ਥਾਂ ਨਹੀਂ ਦਿੱਤੀ ਗਈ। ਸਰਹੱਦਾਂ ’ਤੇ ਪਹਿਲਾਂ ਯੂਕਰੇਨੀ ਅਤੇ ਦੂਸਰੇ ਗੋਰਿਆਂ ਨੂੰ ਗੁਆਂਢੀ ਦੇਸ਼ਾਂ ਵਿਚ ਦਾਖ਼ਲ ਹੋਣ ਦਾ ਪ੍ਰਬੰਧ ਕੀਤਾ। ਭਾਰਤੀਆਂ ਦੀਆਂ ਵੱਖਰੀਆਂ ਲਾਈਨਾਂ ਬਣਾ ਕੇ 10-10 ਘੰਟੇ ਸਰਦੀ ਵਿਚ ਬਗੈਰ ਰੋਟੀ-ਟੁੱਕ, ਚਾਹ-ਪਾਣੀ ਦੇ ਖੜ੍ਹੇ ਹੋਣ ਲਈ ਮਜਬੂਰ ਕੀਤਾ। ਜੇ ਗਹੁ ਨਾਲ ਵੇਖਿਆ ਜਾਵੇ ਤਾਂ ਬਿ੍ਰਟੇਨ ਅਤੇ ਯੂਰਪੀਅਨ ਯੂਨੀਅਨ ਦੀ ਇਮੀਗ੍ਰੇਸ਼ਨ ਨੀਤੀ ਵਿਚ ਕਾਲੇ-ਭੂਰੇ ਲੋਕਾਂ ਦੀ ਸਨਮਾਨਯੋਗ ਥਾਂ ਨਹੀਂ ਹੈ। ਇਹ ਉਹੀ ਦੇਸ਼ ਹਨ ਜੋ ਅਫ਼ਗਾਨ, ਸੀਰੀਆ, ਇਰਾਕ ਸ਼ਰਨਾਰਥੀਆਂ ਲਈ ਤਾਂ ਸਰਹੱਦਾਂ ’ਤੇ ਕੰਧਾਂ ਉਸਾਰ ਰਹੇ ਸਨ ਪਰ ਯੂਕਰੇਨੀਆਂ ਨੂੰ ਬਾਹਾਂ ਉਲਾਰ ਕੇ ‘ਜੀ ਆਇਆਂ’ ਕਹਿ ਰਹੇ ਸਨ।
ਜਰਮਨੀ ਨੇ ਗ਼ੈਰ-ਗੋਰੇ ਸ਼ਰਨਾਰਥੀਆਂ ਨੂੰ 23 ਮਈ 2022 ਤਕ ਦੇਸ਼ ਛੱਡਣ ਦਾ ਹੁਕਮ ਸੁਣਾ ਦਿੱਤਾ ਸੀ। ਦੂਸਰੇ ਪਾਸੇ ਸਿੱਖ ਭਾਈਚਾਰੇ ਦੇ ਪ੍ਰਭਾਵ ਕਾਰਨ ਇਕ ਯੂਕਰੇਨੀਅਨ ਜੋੜਾ ਜਿਸ ਵਿਚ ਔਰਤ ਭਾਵੇਂ ਗਰਭਵਤੀ ਸੀ, ਲੰਬੇ ਸਮੇਂ ਤੋਂ ਵਾਰਸਾ ਗੁਰਦੁਆਰੇ ਦੇ ਦਰਸ਼ਨ ਲਈ ਆ ਰਿਹਾ ਹੈ। ਸੇਵਾ ਲਈ ਆਪਣੇ ਨਾਲ ਫਲ-ਫਰੂਟ, ਸਬਜ਼ੀ, ਆਟਾ-ਦਾਲ ਲੈ ਕੇ ਆਉਂਦਾ ਹੈ। ਲੰਗਰ ਪਕਾਉਣ ਅਤੇ ਵਰਤਾਉਣ ਵਿਚ ਮਦਦ ਕਰਦਾ ਹੈ। ਉਨ੍ਹਾਂ ਦਾ ਮਤ ਹੈ ਕਿ ਸਿੱਖ ਇਕ ਅਜਬ ਭਾਈਚਾਰਾ ਹੈ। ਇਕ-ਦੂਜੇ ਨਾਲ ਸਨੇਹ ਕਰਨਾ, ਹਰ ਮਾਈ-ਭਾਈ ਨੂੰ ਸਤਿਕਾਰ ਦੇਣਾ, ਕੰਠ ਲਾਉਣਾ, ਲੋੜਵੰਦਾਂ ਦੀ ਸੇਵਾ-ਸੰਭਾਲ ਕਰਨਾ ਅਤੇ ਸਭ ਨੂੰ ਇਕ ਸਮਝਣਾ ਇਨ੍ਹਾਂ ਦਾ ਅਤਿ ਪ੍ਰਭਾਵਸ਼ਾਲੀ ਵਰਤਾਰਾ ਹੈ। ਇਹ ਵਿਸ਼ਵ ਦੇ ਬਹੁਤ ਹੀ ਖ਼ੂਬਸੂਰਤ ਲੋਕ ਹਨ ਜੋ ਨਾਨਕ ਨਾਮਲੇਵਾ ਸ਼ਰਧਾਲੂਆਂ ਵਜੋਂ ਇਸ ਧਰਤੀ ’ਤੇ ਵਿਚਰ ਰਹੇ ਹਨ।
-ਦਰਬਾਰਾ ਸਿੰਘ ਕਾਹਲੋਂ

Comment here