ਸਿਹਤ-ਖਬਰਾਂਖਬਰਾਂਦੁਨੀਆ

ਲੌਂਗ ਕੌਵਿਡ ਵੱਡਾ ਖਤਰਾ ਬਣਿਆ

ਲੰਡਨ-ਸਾਇੰਸਦਾਨਾਂ ਮੁਤਾਬਕ ਕਈ ਤਰ੍ਹਾਂ ਦੇ ਮੁਢਲੇ ਲੱਛਣ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਰਹਿਣ ਵਾਲੀ ਕੋਵਿਡ-19 ਦਾ ਕਾਰਨ ਬਣ ਸਕਦੇ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੋਂ ਅਜਿਹੇ ਸਥਿਤੀ ਤੋਂ ਪੀੜਤ ਕਰਮਚਾਰੀਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਕੁੱਲ 65 ਸੰਸਦ ਮੈਂਬਰਾਂ ਅਤੇ ਸਾਥੀਆਂ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਇੱਕ ਪੱਤਰ ’ਤੇ ਦਸਤਖਤ ਕੀਤੇ ਹਨ, ਜਿਸ ਵਿੱਚ ਇਸਨੂੰ ਡਾਕਟਰੀ ਕਿੱਤਾ ਵਿੱਚ ਹੋਣ ਕਾਰਨ ਲੱਗਣ ਵਾਲੀ ਬਿਮਾਰੀ ਵਜੋਂ ਮਾਨਤਾ ਦੇਣ ਲਈ ਕਿਹਾ ਗਿਆ ਹੈ।
ਜੂਨ 2020 ਤੋਂ ਪਹਿਲਾਂ, ਜੋ ਏਟਕੇਨ ਇੱਕ ਐੱਨਐੱਚਐੱਸ ਕਮਿਊਨਿਟੀ ਦਾਈ ਵਜੋਂ ਕੰਮ ਕਰ ਰਹੇ ਸਨ। ਪਰ ਹੁਣ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਲਈ ਵੀ ਇੱਕ ਵ੍ਹੀਲਚੇਅਰ ਦੀ ਲੋੜ ਪੈਂਦੀ ਹੈ।ਉਹ ਕਹਿੰਦੇ ਹਨ ਕਿ ਲੰਬੇ ਸਮੇਂ ਤੱਕ ਚੱਲੇ ਕੋਵਿਡ ਨੇ ਉਨ੍ਹਾਂ ਦੀ ਜ਼ਿੰਦਗੀ ਉੱਪਰੋਂ-ਥੱਲੇ ਕਰ ਦਿੱਤੀ ਹੈ।
ਬ੍ਰਿਟਿਸ਼ ਮੈਡੀਕਲ ਜਰਨਲ ਦੇ ਅਨੁਸਾਰ, ਇਹ ਲਾਗ ਵਾਲੇ ਲਗਭਗ 10% ਲੋਕਾਂ ਵਿੱਚ ਹੁੰਦਾ ਹੈ।50 ਸਾਲਾ ਜੋਅ ਇਸ ਕਾਰਨ ਪਿਛਲੇ ਜੂਨ ਮਹੀਨੇ ਤੋਂ ਦਾਈ ਦਾ ਆਪਣਾ ਕੰਮ ਨਹੀਂ ਕਰ ਪਾ ਰਹੀ। ਉਨ੍ਹਾਂ ਨੇ ਕਿਹਾ, ‘‘ਇਹ ਸੌਖਾ ਨਹੀਂ ਰਿਹਾ। ਹੁਣ ਮੈਂ ਮੁਸ਼ਕਲ ਨਾਲ ਹੀ ਬਾਹਰ ਜਾਂਦੀ ਹਾਂ, ਕਿਉਂਕਿ ਮੇਰੇ ਵਿਚ ਤਾਕਤ ਹੀ ਨਹੀਂ ਹੈ। ਇਸ ਹਫਤੇ ਦੇ ਅੰਤ ਵਿੱਚ ਮੈਂ  ਇੱਕ ਵ੍ਹੀਲਚੇਅਰ ਲੈ ਲਈ। ਮੈਂ ਆਰਾਮ ਕੀਤੇ ਬਿਨਾਂ 10 ਮੀਟਰ ਤੋਂ ਵੱਧ ਨਹੀਂ ਚੱਲ ਸਕਦੀ।’’
ਬੇਲਫਾਸਟ ਵਿੱਚ ਇੱਕ 32 ਸਾਲਾ ਜ਼ਿਲ੍ਹਾ ਨਰਸ ਐਮਾ ਦੋ ਵਾਰ ਕੋਰੋਨਵਾਇਰਸ ਲਈ ਪੌਜ਼ਿਟੀਵ ਆਏ ਸਨ। ਹਾਲਾਂਕਿ ਉਹ ਕਹਿੰਦੀ ਹੈ ਕਿ ਲੰਮਾ ਸਮਾਂ ਚੱਲਣ ਵਾਲਾ ਕੋਵਿਡ ਆਪਣੇ ਆਪ ਵਿੱਚ ਵਾਇਰਸ ਨਾਲੋਂ ‘‘ਬਹੁਤ ਮਾੜਾ’’ ਹੈ। ਉਸ ਨੇ ਦੱਸਿਆ, ‘‘ਮੈਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲੀ ਕੋਵਿਡ ਹੋਇਆ ਸੀ। ਮੈਂ ਬਹੁਤ ਬਿਮਾਰ ਸੀ, ਮੈਨੂੰ ਸਾਹ ਵਿਚ ਦਿੱਕਤ ਸੀ। 14 ਦਿਨਾਂ ਬਾਅਦ ਮੈਂ ਕੰਮ ’ਤੇ ਵਾਪਸ ਚਲੀ ਗਈ, ਪਰ ਛੇਤੀ ਹੀ ਦੁਬਾਰਾ ਬਿਮਾਰ ਹੋ ਗਈ ਅਤੇ ਹਸਪਤਾਲ ਵਿਚ ਦਾਖਲ ਹੋਣਾ ਪਿਆ। ਡਿਸਟ੍ਰਿਕਟ ਨਰਸ ਹੋਣ ਵਜੋਂ ਲੋਕਾਂ ਦੇ ਘਰਾਂ ਵਿੱਚ ਜਾਣਾ ਪੈਂਦਾ ਹੈ ਪਰ ਮੈਨੂੰ ਥਕਾਵਟ ਹੋ ਰਹੀ ਸੀ ਅਤੇ ਦਿਲ ਦੀ ਧੜਕਣ ਵਿਚ ਪਰੇਸ਼ਾਨੀ ਦੇ ਨਾਲ-ਨਾਲ ਦਰਦ ਵੀ ਸੀ।ਮੈਨੂੰ ਦਰਦ ਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਸਨ। ਉਸ ਨੇ ਕਿਹਾ, ‘‘ਮੈਂ ਪਹਿਲਾਂ ਹੀ ਆਪਣੀ ਵੈਕਸੀਨ ਲਵਾ ਲਈ ਸੀ, ਪਰ ਫਿਰ ਕਾਫ਼ੀ ਬਿਮਾਰ ਹੋ ਗਈ ਅਤੇ ਆਪਣੇ ਮਨ ਦੀ ਸੰਤੁਸ਼ਟੀ ਲਈ ਇੱਕ ਟੈਸਟ ਕਰਵਾਉਣ ਲਈ ਗਈ ਸੀ। ਇਸ ਦੀ ਵਜ੍ਹਾ ਸੀ ਕਿ ਮੈਨੂੰ ਕੋਵਿਡ ਦੇ ਲੱਛਣ ਲੰਮੇ ਸਮੇਂ ਤੋਂ ਸਨ, ਇਸ ਲਈ ਇਸ ਨੂੰ ਸਮਝਣਾ ਔਖਾ ਸੀ ਅਤੇ ਫਿਰ ਮੇਰਾ ਟੈਸਟ ਪੌਜ਼ਿਟਿਵ ਆ ਗਿਆ। ਇਸ ਨੇ ਕੋਵਿਡ ਦੇ ਸਾਰੇ ਲੰਬੇ ਲੱਛਣਾਂ ਨੂੰ ਹੋਰ ਵਧਾ ਦਿੱਤਾ।ਐਮਾ ਨੇ ਇਹ ਵੀ ਕਿਹਾ ਕਿ ਇਸ ਨੇ ਉਨ੍ਹਾਂ ਦੀਆਂ ਭਵਿੱਖੀ ਯੋਜਵਾਨਾਂ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੈਂ ਅਤੇ ਮੇਰਾ ਜੀਵਨ ਸਾਥੀ ਇੱਕ ਹੋਰ ਬੱਚਾ ਚਾਹੁੰਦੇ ਸੀ ਪਰ ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਰਨ ਲਈ ਕਦੇ ਠੀਕ ਹੋ ਸਕਾਂਗੀ ਜਾਂ ਨਹੀਂ। ਇਸ ਨੇ ਮੇਰੇ ਪੇਸ਼ੇ ਤੇ ਤਰੱਕੀ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਬਰਕਸ਼ਾਇਰ ਦੇ ਰਹਿਣ ਵਾਲੇ 48 ਸਾਲਾ ਸ਼ੇਨ, ਇੱਕ ਹਾਊਸਿੰਗ ਐਸੋਸੀਏਸ਼ਨ ਲਈ ਇੱਕ ਸੰਪਰਕ ਕੇਂਦਰ ਵਿੱਚ ਕੰਮ ਕਰਦੀ ਹੈ। ਉਹ ਕਹਿੰਦੀ ਹੈ, ‘‘ਪਿਛਲੇ ਸਾਲ ਦੇ ਮਾਰਚ ਵਿੱਚ ਮੈਨੂੰ ਉਹੀ ਹੋ ਗਿਆ ਸੀ ਜਿਸਨੂੰ ਮੈਂ ਆਮ ਜਿਹਾ ਜ਼ੁਕਾਮ ਜਾਂ ਫਲੂ ਸਮਝਦੀ ਸੀ, ਫਿਰ ਮੈਂ ਦੋ ਹਫ਼ਤਿਆਂ ਲਈ ਮੈਂ ਕੰਮ ’ਤੇ ਨਹੀਂ ਜਾ ਸਕੀ। ਮੈਂ ਕੰਮ ’ਤੇ ਵਾਪਸ ਗਈ ਅਤੇ ਮੈਂ ਹੌਲੀ-ਹੌਲੀ ਹੋਰ ਮਾੜਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਮੈਂ ਬੇਹੱਦ ਥੱਕ ਗਈ ਸੀ, ਮੈਨੂੰ ਅਜਿਹੀਆਂ ਸਮੱਸਿਆਵਾਂ ਹੋ ਰਹੀਆਂ ਸਨ ਜੋ ਪਹਿਲਾਂ ਕਦੇ ਨਹੀਂ ਹੋਈਆਂ ਸਨ। ਦਿਲ ਦੀ ਧੜਕਣ ਬਹੁਤ ਜ਼ਿਆਦਾ ਵਧਣਾ ਅਤੇ ਮੈਨੂੰ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਬਹੁਤ ਸਾਰੀਆਂ ਹੋਰ ਚੀਜ਼ਾਂ ਹੋ ਗਈਆਂ, ਜੋ ਆਮ ਤੌਰ ’ਤੇ ਠੀਕ ਹੀ ਨਹੀਂ ਹੋ ਰਹੀਆਂ ਹਨ। ਮੈਂ ਅਗਸਤ 2020 ਤੋਂ ਕੰਮ ’ਤੇ ਨਹੀਂ ਜਾ ਰਹੀ , ਕਿਉਂਕਿ ਅਜਿਹੀ ਕਮਜ਼ੋਰੀ ਵਾਲੀ ਸਥਿਤੀ ਵਿੱਚ ਲੋਕਾਂ ਨਾਲ ਮਿਲਣਾ ਮੇਰੇ ਲਈ ਅਸੁਰੱਖਿਅਤ ਸੀ। ਉਨ੍ਹਾਂ ਨੂੰ ਇੱਕ ਲੰਬੇ ਕੋਵਿਡ ਵਾਲੇ ਕਲੀਨਿਕ ਵਿੱਚ ਭੇਜਿਆ ਗਿਆ, ਜਿਸਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਸਨੂੰ ਬਿਮਾਰੀ ਹੈ। ਉਸ ਨੇ ਕਿਹਾ, ‘‘ਨਵੰਬਰ ਵਿੱਚ ਮੈਨੂੰ ਇੱਕ ਛੋਟਾ ਜਿਹਾ ਦਿਲ ਦਾ ਦੌਰਾ ਪਿਆ। ਉਸ ਕਾਰਨ ਮੈਂ ਹਸਪਤਾਲ ਪਹੁੰਚ ਗਈ ਅਤੇ ਉੱਦੋਂ ਤੋਂ ਹੀ ਇਹ ਸਭ ਚੱਲਦਾ ਆ ਰਿਹਾ ਹੈ। ਕੁਝ ਵੀ ਬਿਹਤਰ ਨਹੀਂ ਹੋਇਆ ਹੈ। ਮੇਰੀ ਡਾਕਟਰ ਨੇ ਮੈਨੂੰ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਲੰਮੇ ਸਮੇਂ ਵਾਲਾ ਕੋਵਿਡ ਹੈ, ਪਰ ਕੁਝ ਡਾਕਟਰ ਸਨ ਜਿਨ੍ਹਾਂ ਨੇ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਸੀ। ਮੈਂ ਬਿਨਾਂ ਕਿਸੇ ਥਕਾਵਟ ਤੋਂ ਚਾਰ-ਚਾਰ ਘੰਟੇ ਦੀ ਸੈਰ ਕਰਦੀ ਸੀ, ਪਰ ਹੁਣ ਮੈਂ ਕੂੜਾ ਸੁੱਟਣ ਵੀ ਜਾਂਦੀ ਹਾਂ ਅਤੇ ਥੱਕ ਜਾਂਦੀ ਹਾਂ।’’
27 ਸਾਲਾ ਨਰਸ ਸੋਫੀ ਇਵਾਂਸ ਦਾ ਕਹਿਣਾ ਹੈ ਕਿ ਉਹ ਵੀ ਆਪਣੀ ਹਾਲਤ ਕਾਰਨ ਕੰਮ ਕਰਨ ਤੋਂ ਅਸਮਰੱਥ ਰਹੀ ਹੈ। ਉਹ ਕਹਿੰਦੀ ਹੈ ਕਿ ‘‘ਮੈਨੂੰ ਨਹੀਂ ਪਤਾ ਕਿ ਕੀ ਕਰਾਂ। ਸੋਚੋ ਇੱਕ ਅਜਿਹੀ ਮੈਰਾਥਨ ਦੌੜ, ਜੋ ਕਿਤੇ ਖ਼ਤਮ ਨਹੀਂ ਹੁੰਦੀ। ਮੈਨੂੰ ਲੱਗਦਾ ਹੈ ਕਿ ਮੈਂ ਹਰ ਦਿਨ ਦੌੜ ਰਹੀ ਹਾਂ, ਪੂਰੀ ਤਰ੍ਹਾਂ ਥੱਕੀ ਹੋਈ ਅਤੇ ਮੈਨੂੰ ਨਹੀਂ ਪਤਾ ਕਿ ਇਹ ਕਦੋਂ ਖਤਮ ਹੋਵੇਗਾ।’’
ਲੌਂਗ-ਕੋਵਿਡ ਕੀ ਹੁੰਦਾ ਹੈ?
ਸਾਇੰਸਦਾਨਾਂ ਦਾ ਕਹਿਣਾ ਹੈ ਕਿ ਕਈ ਤਰ੍ਹਾਂ ਦੇ ਮੁਢਲੇ ਲੱਛਣ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਰਹਿਣ ਵਾਲੀ ਕੋਵਿਡ-19 ਦਾ ਕਾਰਨ ਬਣ ਸਕਦੇ ਹਨ। ਇਕ ਸਰਚ ਮੁਤਾਬਕ 20 ਵਿੱਚੋਂ ਇੱਕ ਮਰੀਜ਼ ਅੱਠ ਹਫ਼ਤਿਆਂ ਤੋਂ ਜ਼ਿਆਦਾ ਦੇਰ ਤੱਕ ਕੋਰੋਨਾ ਤੋਂ ਪੀੜਤ ਰਹਿ ਸਕਦਾ ਹੈ। ਕਿੰਗਸ ਕਾਲਜ ਲੰਡਨ ਦੇ ਇੱਕ ਅਧਿਐਨ ਮੁਤਾਬਕ ਇਸ ਤੋਂ ਔਰਤਾਂ, ਮੋਟੇ ਲੋਕ ਅਤੇ ਦਮੇ ਦੇ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਰਹਿੰਦਾ ਹੈ। ਮੈਡੀਕਲ ਰੂਪ ਵਿੱਚ ਲੌਂਗ ਕੋਵਿਡ ਦੀ ਕੋਈ ਸਪਸ਼ਟ ਪਰਿਭਾਸ਼ਾ ਜਾਂ ਲੱਛਣ-ਸੂਚੀ ਨਹੀਂ ਹੈ ਜੋ ਸਾਰੇ ਮਰੀਜ਼ਾਂ ਵਿੱਚ ਪਾਏ ਜਾਂਦੇ ਹੋਣ। ਲੌਂਗ ਕੋਵਿਡ ਦੇ ਹਰ ਮਰੀਜ਼ ਦਾ ਤਜ਼ਰਬਾ ਵੱਖਰਾ ਹੋ ਸਕਦਾ ਹੈ। ਫਿਰ ਵੀ ਸਭ ਤੋਂ ਆਮ ਚੀਜ਼- ਤੋੜ ਦੇਣ ਵਾਲੀ ਥਕਾਨ ਹੈ। ਇਸ ਦੇ ਦੂਜੇ ਲੱਛਣਾਂ ਵਿੱਚ- ਸਾਹ ਚੜ੍ਹਨਾ, ਠੀਕ ਨਾ ਹੋਣ ਵਾਲੀ ਖੰਘ, ਜੋੜਾਂ ਦਾ ਦਰਦ, ਮਾਂਸਪੇਸ਼ੀਆਂ ਦਾ ਦਰਦ, ਸੁਣਨ ਅਤੇ ਦੇਖਣ ਵਿੱਚ ਮੁਸ਼ਕਲ, ਸਿਰਦਰਦ, ਸੁਆਦ ਅਤੇ ਸੁੰਘਣ ਸ਼ਕਤੀ ਦਾ ਗੁਆਚ ਜਾਣ ਤੋਂ ਇਲਾਵਾ ਦਿਲ, ਫੇਫੜਿਆਂ, ਗੁਰਦਿਆਂ ਅਤੇ ਪੇਟ ਦੀ ਬੀਮਾਰੀ। ਮਾਹਰਾਂ ਮੁਤਾਬਕ ਸਾਨੂੰ ਉਨ੍ਹਾਂ ਲੋਕਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਇਹ ਜਲਦੀ ਠੀਕ ਨਹੀਂ ਹੋ ਰਿਹਾ।ਕੁਝ ਮਰੀਜ਼ਾਂ ਵਿੱਚ ਮਾਨਸਿਕ ਸਿਹਤ ਨਾਲ ਜੁੜੇ ਵਿਗਾੜ ਜਿਵੇਂ- ਤਣਾਅ, ਅਤੇ ਸਪਸ਼ਟਤਾ ਨਾਲ ਸੋਚ ਸਕਣ ਵਿੱਚ ਦਿੱਕਤ ਵੀ ਦੇਖੀ ਗਈ ਹੈ।
ਲੌਂਗ-ਕੋਵਿਡ ਇਹੀ ਨਹੀਂ ਹੈ ਕਿ ਲੋਕਾਂ ਨੂੰ ਸਿਰਫ਼ ਠੀਕ ਹੋਣ ਵਿੱਚ ਜ਼ਿਆਦਾ ਲੰਬਾ ਸਮਾਂ ਲਗਦਾ ਹੈ ਅਤੇ ਉਨ੍ਹਾਂ ਨੂੰ ਲੰਬਾ ਸਮਾਂ ਇੰਟੈਂਸਿਵ ਕੇਅਰ ਵਿੱਚ ਰਹਿਣਾ ਪੈਂਦਾ ਹੈ। ਸਗੋਂ ਹਲਕੇ ਲੱਛਣਾਂ ਵਾਲਿਆਂ ਉੱਪਰ ਵੀ ਦੂਰ-ਰਸੀ ਅਸਰ ਪੈ ਸਕਦੇ ਹਨ ਅਤੇ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਯੂਨੀਵਰਸਿਟੀ ਆਫ਼ ਐਕਸਟਰ ਪਹਿਲਾਂ ਤੋਂ ਹੀ ਆਪਣੇ ਕਰੋਨਿਕ ਸਿੰਡਰੋਮ ਕਲੀਨਿਕ ਵਿੱਚ ਕੋਵਿਡ ਮਰੀਜ਼ ਦੇਖ ਰਹੇ ਪ੍ਰੋਫ਼ੈਸਰ ਡੇਵਿਡ ਸਟਰੇਨ ਨੇ  ਦੱਸਿਆ, ‘‘ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਲੌਂਗ-ਕੋਵਿਡ ਅਸਲ ਵਿੱਚ ਹੈ।ਹਾਲਾਂਕਿ ਇਸ ਲੰਬਾ ਸਮਾਂ ਰਹਿਣ ਵਾਲੇ ਕੋਵਿਡ ਦੇ ਲੱਛਣ ਹਰ ਮਰੀਜ਼ ਵਿੱਚ ਵੱਖੋ-ਵੱਖ ਹੋ ਸਕਦੇ ਹਨ ਪਰ ਥਕਾਨ ਇੱਕ ਆਮ ਲੱਛਣ ਜ਼ਰੂਰ ਹੈ। ਕਿੰਗਜ਼ ਕਾਲਜ ਦੇ ਵਿਗਿਆਨੀਆਂ ਨੇ ਇੱਕ ਕੰਪਿਊਟਰ ਕੋਡ ਵਿਕਸਿਤ ਕੀਤਾ ਹੈ ਜੋ ਕੋਰੋਨਾਵਾਇਰਸ ਦੀ ਲਾਗ ਦੇ ਸ਼ੁਰੂ ਵਿੱਚ ਹੀ ਪਤਾ ਲਾ ਸਕਦਾ ਹੈ ਕਿ ਕਿਸ ਨੂੰ ਇਹ ਬੀਮਾਰੀ ਲੰਬਾ ਸਮਾਂ ਰਹਿ ਸਕਦੀ ਹੈ ਜਾਂ ਦੂਜੇ ਸ਼ਬਦਾਂ ਵਿੱਚ ਕਿਸ ਨੂੰ ਲਾਂਗ ਕੋਵਿਡ ਹੋ ਸਕਦਾ ਹੈ। ਇਹ ਹਾਲੇ ਪੂਰਾ ਸਟੀਕ ਨਹੀਂ ਹੈ। ਇਹ 69 ਫ਼ੀਸਦੀ ਅਜਿਹੇ ਲੋਕਾਂ ਦੀ ਸਟੀਕ ਪਛਾਣ ਕਰ ਸਕਿਆ। ਇਸ ਦੇ ਨਾਲ ਹੀ ਇਸ ਨੇ ਲਗਭਗ ਇੱਕ ਚੌਥਾਈ ਅਜਿਹੇ ਮਰੀਜ਼ਾਂ ਦੀ ਨਿਸ਼ਾਨਦੇਹੀ ਕੀਤੀ ਜੋ ਇਸ ਤੋਂ ਜਲਦੀ ਠੀਕ ਹੋਣ ਵਾਲੇ ਸਨ,ਉਨ੍ਹਾਂ ਨੂੰ ਵੀ ਲੌਂਗ ਕੋਵਿਡ ਹੋ ਸਕਦਾ ਸੀ।

Comment here