ਚੰਡੀਗੜ੍ਹ-ਪੰਜਾਬ ਵਿਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੇ ਐਲਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਆਗਤ ਕੀਤਾ ਤੇ ਕਿਹਾ ਕਿ ਪੰਜਾਬ ਵਿਚ ਅਰਾਜਕਤਾ, ਹਫੜਾ ਦਫੜੀ, ਭੰਬਲਭੂਸੇ ਤੇ ਕੁਸ਼ਾਸਨ ਦਾ ਖ਼ਾਤਮਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਲੋਕ ਤਾਂ ਪਹਿਲਾਂ ਹੀ ਅਕਾਲੀ ਦਲ ਤੇ ਬਸਪਾ ਦੀ ਮਜ਼ਬੂਤ, ਸਥਿਰ ਤੇ ਵਿਕਾਸ ਮੁਖੀ ਸਰਕਾਰ ਵੱਲ ਵੇਖ ਰਹੇ ਹਨ ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸ਼ਾਸਕਾਂ ਨੇ ਸਰਕਾਰ ਚਲਾਉਣ ਦਾ ਮਖ਼ੌਲ ਬਣਾ ਦਿੱਤਾ ਸੀ। ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿ ਹੁਣ ਇਸਦਾ ਖ਼ਾਤਮਾ ਹੋ ਗਿਆ ਹੈ ਤੇ ਸੂਬੇ ਨੂੰ ਮੁੜ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸੰਜੀਦਾ ਤੇ ਕੰਮ ਪ੍ਰਤੀ ਗੰਭੀਰ ਸਰਕਾਰ ਮਿਲੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਨੇ ਸੰਕੇਤ ਦਿੱਤੇ ਹਨ ਕਿ ਪਿਛਲੇ ਪੰਜ ਸਾਲਾਂ ਦੀ ਬਰਬਾਦੀ ਖ਼ਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਫਿਰ ਤੋਂ ਉਸ ਸਰਕਾਰ ਵੱਲ ਪਰਤੇਗਾ ਜੋ ਲੋਕਾਂ ਦਾ ਖਿਆਲ ਰੱਖਦੀ ਹੋਵੇ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ-ਨਾਲ ਲੋਕਾਂ ਦੀ ਭਲਾਈ ਜਿਸਦੀ ਸਰਵਉੱਚ ਤਰਜੀਹ ਹੋਵੇਗੀ। ਅਕਾਲੀ ਦਲ ਇਸ ਚੋਣ ਪ੍ਰੋਗਰਾਮ ਦੇ ਐਲਾਨ ਲਈ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਤੋਂ ਵੱਧ ਖ਼ੁਸ਼ ਹਾਂ। ਅਸੀਂ ਐਕਸ਼ਨ ਲਈ ਤਿਆਰ ਹਾਂ ਤੇ ਸਿਰਫ਼ ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਜਿੱਥੇ ਦੂਜੇ ਹਾਲੇ ਤਿਆਰੀਆਂ ਕਰਦੇ ਫਿਰਦੇ ਹਨ, ਅਸੀਂ ਤਿਆਰੀਆਂ ਤੇ ਜ਼ਮੀਨੀ ਹਕੀਕਤਾਂ ਦੇ ਮਾਮਲੇ ਵਿਚ ਦੂਜਿਆਂ ਨਾਲੋਂ ਕਿਤੇ ਅੱਗੇ ਹਾਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਕੇਡਰ ਚੋਣਾਂ ਲਈ ਪੱਬਾਂ ਭਾਰ ਹੈ ਤੇ ਅਸੀਂ ਪਹਿਲਾਂ ਹੀ ਫੀਲਡ ਵਿਚ ਨਿਤਰੇ ਹੋਏ ਹਾਂ।
ਲੋਕ ਚਾਹੁੰਦੈ ਅਕਾਲੀ ਦਲ ਦੀ ਸਰਕਾਰ-ਸੁਖਬੀਰ ਬਾਦਲ

Comment here