ਅਪਰਾਧਸਿਆਸਤਖਬਰਾਂ

‘ਲੋਕਾਂ ਦੇ ਟੈਕਸ ਦਾ ਪੈਸਾ ਖਾਣ ਵਾਲਿਆਂ ‘ਤੇ ਕੋਈ ਰਹਿਮ ਨਹੀਂ-ਮਾਨ

ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਨੇ ਜਾਂਚ ਤੋਂ ਬਾਅਦ ਬੀਤੀ ਦੇਰ ਰਾਤ ਗਿ੍ਫ਼ਤਾਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਦੇ ਪੀਏ ਨੂੰ ਪੰਜਾਬ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿਚ ਚਾਰ ਲੱਖ ਸਮੇਤ ਗਿ੍ਫ਼ਤਾਰ ਕਰ ਲਿਆ ਸੀ।
ਉਧਰ, ਇਸ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰਕੇ ਆਖਿਆ ਹੈ ਕਿ ਰਿਸ਼ਵਤਖ਼ੋਰੀ ਭਾਵੇਂ ਕਿਸੇ ਨੇ ਵੀ ਤੇ ਕਿਸੇ ਵੀ ਤਰੀਕੇ ਨਾਲ ਕੀਤੀ ਹੋਵੇ,ਕਾਨੁੂੰਨ ਸਭ ਲਈ ਬਰਾਬਰ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ- ‘ਰਿਸ਼ਵਤਖ਼ੋਰੀ ਭਾਂਵੇ ਕਿਸੇ ਨੇ ਵੀ ..ਕਿਸੇ ਵੀ ਤਰੀਕੇ ਨਾਲ ਕੀਤੀ ਹੋਵੇ …ਬਰਦਾਸ਼ਤ ਨਹੀਂ ਕੀਤੀ ਜਾਵੇਗੀ…ਪੰਜਾਬ ਦੇ ਲੋਕਾਂ ਦਾ ਵਿਸ਼ਵਾਸ, ਪਿਆਰ ਅਤੇ ਉਮੀਦਾਂ ਮੇਰਾ ਹੌਸਲਾ ਬੁਲੰਦ ਰੱਖਦੀਆਂ ਨੇ..ਲੋਕਾਂ ਦੇ ਟੈਕਸ ਦਾ ਪੈਸਾ ਖਾਣ ਵਾਲਿਆਂ ਤੇ ਕੋਈ ਰਹਿਮ ਜਾਂ ਤਰਸ ਨਹੀਂ ..ਕਾਨੂੰਨ ਸਭ ਲਈ ਬਰਾਬਰ…”
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤ ਕਾਂਡ ਦੇ ਮਾਮਲੇ ਨੂੰ ਲੈ ਕੇ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਖਿਲਾਫ਼ ਕਾਰਵਾਈ ਲਈ ਹਰੀ ਝੰਡੀ ਦੇਣ ਪਿੱਛੋਂ ਗ੍ਰਿਫਤਾਰੀ ਹੋਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਰਿਸ਼ਵਤ ਕਾਂਡ ਨਾਲ ਸਬੰਧਤ ‘ਕਾਲ ਰਿਕਾਰਡ’ ਫੋਰੈਂਸਿਕ ਜਾਂਚ ਲਈ ਮੁਹਾਲੀ ਭੇਜਿਆ ਗਿਆ ਸੀ, ਜਿੱਥੋਂ ਕਾਲ ਵਿਚਲੀ ਆਵਾਜ਼ ਵਿਧਾਇਕ ਅਮਿਤ ਰਤਨ ਦੀ ਹੋਣ ਬਾਰੇ ਪੁਸ਼ਟੀ ਹੋ ਗਈ ਹੈ।
ਮੁੱਖ ਮੰਤਰੀ ਨੇ ਲੈਬ ਰਿਪੋਰਟ ਮਗਰੋਂ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਲੰਘੇ ਕੱਲ੍ਹ ਹੀ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਸਭ ਸਬੂਤ ਇਕੱਠੇ ਕਰਨ ਲਈ ਆਖ ਦਿੱਤਾ ਸੀ। ਵਿਜੀਲੈਂਸ ਵੱਲੋਂ ਵਿਧਾਇਕ ਦੇ ਜਮਾਤੀ ਦੋਸਤਾਂ ਦੀ ਤਿੱਕੜੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਵਿਜੀਲੈਂਸ ਅਧਿਕਾਰੀ ਅੰਦਰੋਂ ਅੰਦਰੀਂ ਵਿਧਾਇਕ ਦਾ ਰਿਕਾਰਡ ਵੀ ਛਾਣ ਰਹੇ ਹਨ ਤਾਂ ਜੋ ਵਿਧਾਇਕ ਦੇ ਦੋਸਤਾਂ ਦੀ ਤਿੱਕੜੀ ਦੀ ਆਪਸੀ ਤੰਦ ਨੂੰ ਜੋੜਿਆ ਜਾ ਸਕੇ। ਅਮਿਤ ਰਤਨ ਨੇ 2022 ਦੀਆਂ ਚੋਣਾਂ ਵਿਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਹੈ।

Comment here