ਸਾਹਿਤਕ ਸੱਥਵਿਸ਼ੇਸ਼ ਲੇਖ

ਲੋਕਾਂ ਦਾ ਸਾਹਿਤ ਕਿਸ ਨੂੰ ਕਹਿੰਦੇ ਹਨ ?

-ਮੁਕਤੀਬੋਧ
ਜ਼ਿੰਦਗੀ ਦੇ ਦੌਰਾਨ ਜੋ ਤਜਰਬੇ ਹਾਸਲ ਹੁੰਦੇ ਹਨ, ਉਨ੍ਹਾਂ ਤੋਂ ਨਸੀਹਤਾਂ ਲੈਣ ਦਾ ਸਬਕ ਤਾਂ ਸਾਡੇ ਇੱਥੇ ਸੈਂਕੜੇ ਵਾਰ ਪੜ੍ਹਾਇਆ ਗਿਆ ਹੈ। ਹੁਸ਼ਿਆਰ ਅਤੇ ਬੇਵਕੂਫ ’ਚ ਫਰਕ ਦੱਸਦਿਆਂ ਇੱਕ ਬਹੁਤ ਵੱਡੇ ਵਿਚਾਰਕ ਨੇ ਇਹ ਕਿਹਾ, ‘ਗਲਤੀਆਂ ਸਭ ਕਰਦੇ ਹਨ, ਪਰ ਹੁਸ਼ਿਆਰ ਉਹ ਹੈ ਜੋ ਘੱਟੋ-ਘੱਟ ਗਲਤੀਆਂ ਕਰੇ ਅਤੇ ਗਲਤੀ ਕਿੱਥੇ ਹੋਈ ਇਹ ਜਾਣ ਲਵੇ ਅਤੇ ਇਹ ਸਾਵਧਾਨੀ ਵਰਤੇ ਕਿ ਕਿਤੇ ਪਹਿਲਾਂ ਵਰਗੀ ਗਲਤੀ ਫਿਰ ਤਾਂ ਨਹੀਂ ਹੋ ਰਹੀ।’ ਜੋ ਆਦਮੀ ਆਪਣੀਆਂ ਗਲਤੀਆਂ ਨਾਲ਼ ਪੱਖਪਾਤ ਕਰਦਾ ਹੈ ਉਸ ਦਾ ਦਿਮਾਗ ਸਾਫ ਨਹੀ ਰਹਿ ਸਕਦਾ।

ਗਲਤੀਆਂ ਦੇ ਪਿੱਛੇ ਇੱਕ ਮਨੋਵਿਗਿਆਨ ਹੁੰਦਾ ਹੈ। ਜਾਂ ਇਉਂ ਕਹੀਏ ਕਿ ਗਤੀਆਂ ਦਾ ਖੁਦ ਇੱਕ ਆਪਣਾ ਮਨੋਵਿਗਿਆਨ ਹੈ। ਅਨੁਭਵ ਤੋਂ ਨਸੀਹਤਾਂ ਲੈਂਦੇ ਸਮੇਂ ਆਪਣੀਆਂ ਗਲਤੀਆਂ ਵਾਲ਼ੇ ਮਨੋਵਿਗਿਆਨ ਦੇ ਕੋਹਰੇ ਨੂੰ ਤੋੜਨਾ

ਪੈਂਦਾ ਹੈ। ਜਿਹੜਾ ਜਿੰਨਾ ਤੋੜੇਗਾ, ਓਨਾ ਹੀ ਪ੍ਰਾਪਤ ਕਰੇਗਾ। ਪਰ ਪ੍ਰਾਪਤ ਕਰਨ ਦੀ ਇਹ ਜਿਹੜੀ ਪ੍ਰਕਿਰਿਆ ਹੈ ਉਹ ਸਾਨੂੰ ਕੁੱਝ ਸਿਧਾਂਤਾਂ ਦੇ ਕੰਢੇ ਤੱਕ ਲੈ ਜਾਂਦੀ ਹੈ, ਕੁੱਝ ਸਾਧਾਰਣੀਕਰਣਾਂ ਨੂੰ ਜਨਮ ਦਿੰਦੀ ਹੈ। ਯਾਨੀ, ਅਨੁਭਵ ਦੀ ਕੁੱਖ ’ਚੋਂ ਸਿਧਾਂਤਾਂ ਦਾ ਜਨਮ ਹੁੰਦਾ ਹੈ।

ਮੈਂ ਆਪਣੇ ਅਨੁਭਵ ਨਾਲ਼ ਕਿਹੜਾ ਸਿੱਟਾ ਕੱਢਾਂ, ਇਹ ਇੱਕ ਸਵਾਲ ਹੈ ਅਤੇ ਤਜਰਬਾ ਇਹ ਹੈ।

ਇੱਕ ਉਤਸ਼ਾਹੀ ਸੱਜਣ ਨੂੰ ਜਦ ਮੈਂ ਇਹ ਕਿਹਾ ਕਿ ਫਲਾਣੀ ਪਾਰਟੀ ਛੂਈਖਦਾਨ ਗੋਲ਼ੀ ਕਾਂਡ ’ਤੇ ਏਨੀ ਦੇਰ ਤੋਂ ਕਿਉਂ ਬਿਆਨ ਦਾਗ ਰਹੀ ਹੈ, ਤਾਂ ਉਸ ਦਾ ਉੱਤਰ ਦਿੰਦਿਆਂ ਉਨ੍ਹਾਂ ਨੇ ਇਹ ਕਿਹਾ ਕਿ ਬਿਆਨ ਮੈਂ ਲਿਖਿਆ (ਉਹ ਉਸ ਪਾਰਟੀ ਦੇ ਹਨ) ਅਤੇ ਪਾਰਟੀ ਉਸ ਨੂੰ ਪਾਸ ਕਰਨ ਜਾ ਰਹੀ ਹੈ। ਤੁਹਾਡਾ ਵੀ ਇਹ ਕੰਮ ਸੀ ਕਿ ਤੁਸੀਂ ਉਸ ਦੇ ਬਿਆਨ ਨੂੰ ਛੇਤੀ ਤੋਂ ਛੇਤੀ ਲਿਖਦੇ ਅਤੇ ਪਾਸ ਕਰਵਾ ਲੈਂਦੇ।

ਮੈਂ ਇਸਦਾ ਜਵਾਬ ਇਹ ਦਿੱਤਾ ਕਿ ਉਹ ਮੇਰਾ ਕੰਮ ਨਹੀਂ ਹੈ। ਮੇਰੇ ਕੰਮ ’ਚ ਹਿੱਸਾ ਵੰਡਾਉਣ ਦੇ ਲਈ ਕੀ ਉਹ ਲੋਕ ਆਉਦੇ ਨੇ? ਮੇਰੇ ਕੰਮ ਤੋਂ ਮੇਰਾ ਭਾਵ ਸਾਹਿਤਕ ਕੰਮ ਤੋਂ ਸੀ ਉਨ੍ਹਾਂ ਉਸ ਦਾ ਜਵਾਬ ਇਹ ਕਹਿ ਕੇ ਦਿੱਤਾ ਕਿ ਇਹ ਤਾਂ ਨਿੱਜੀ ਕੰਮ ਹੈ ਅਤੇ ਉਹ ਸਮੂਹਿਕ।

ਇਸ ਦਾ ਇਹ ਭਾਵ ਹੋਇਆ ਕਿ ਸਾਹਿਤ ਇੱਕ ਨਿੱਜੀ ਕੰਮ ਹੈ ਅਤੇ ਰਾਜਨੀਤੀ ਸਮੂਹਿਕ ਕੰਮ ਅਤੇ ਸਮੂਹਿਕ ਕੰਮ ’ਚ ਨਿੱਜੀ ਸੁਆਰਥ ਦੀ ਕੋਈ ਮਹੱਤਤਾ ਨਹੀਂ।

ਪਰ ਕੀ ਇਹ ਸੱਚ ਹੈ? ਕੀ ਕਵੀ-ਕਰਮ ਸਿਰਫ ਨਿੱਜੀ ਹੈ? ਕੀ ਸਾਹਿਤਕ ਕੰਮ ਦੀ ਮੂਲ ਪ੍ਰੇਰਣਾ ਅਤੇ ਖੇਤਰ ਖਾਲਿਸ ਨਿੱਜੀ ਹੈ?

ਮਜੇਦਾਰ ਗੱਲ ਇਹ ਹੈ ਕਿ ਸਾਹਿਤ ਨੂੰ ਸਿਰਫ ਨਿੱਜੀ ਕਹਿ ਕੇ, ਨਿੱਜੀ ਜ਼ਿੰਮੇਵਾਰੀ ਕਹਿ ਕੇ, ਆਪਣੇ ਹੱਥ ਝਾੜ-ਪੂੰਝ ਕੇ ਸਾਫ ਕਰਨ ਵਾਲ਼ੇ ਠੀਕ ਉਹ ਹੀ ਲੋਕ ਹਨ, ਜਿਹੜੇ ਲੋਕਾਂ ਲਈ ਸਾਹਿਤ ਦਾ ਨਾਅਰਾ ਬੁਲੰਦ ਕਰਦੇ ਹਨ, ਜਿਵੇਂ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਜਿਹੜੇ ਸ਼ਬਦਾਂ ਨੂੰ ਉਹ ਵਾਰ-ਵਾਰ ਦੁਹਰਾ ਰਹੇ ਹਨ, ਉਨ੍ਹਾਂ ਦਾ ਅਰਥ ਕੀ ਹੈ?

ਇਹ ਛੋਟੀ ਜਿਹੀ ਗੱਲ ਸਾਡੇ ਹਿੰਦੁਸਤਾਨ ਦੇ ਪਛੜੇਪਣ ਨੂੰ ਹੀ ਸੂਚਿਤ ਕਰਦੀ ਹੈ। ਅਜ਼ਾਦ ਹੋਣ ’ਤੇ ਵੀ, ਸਾਡਾ ਦੇਸ਼ ਆਰਥਿਕ ਦਿ੍ਰਸ਼ਟੀ ਤੋਂ ਹਾਲੇ ਗੁਲਾਮ ਹੈ। ਬਸਤੀਵਾਦੀ ਦੇਸ਼ ਦੇ ਬੁੱਧੀਜੀਵੀ ਲਾਜਮੀ ਤੌਰ ’ਤੇ ਓਨੇ ਹੀ ਪਛੜੇ ਹੋਏ ਹਨ ਜਿੰਨਾਂ ਕਿ ਉਨ੍ਹਾਂ ਦਾ ਅਰਥ-ਤੰਤਰ।

ਯੂਰਪ ਵਿੱਚ ਇੱਕ ਇੱਕ ਵਿਚਾਰ ਰੱਖਣ ਦੇ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਪਰ ਹਿੰਦੁਸਤਾਨ ਨੂੰ ਪੱਕਿਆ-ਪਕਾਇਆ ਮਿਲ਼ ਰਿਹਾ ਹੈ। ਕਿਉਂਕਿ ਉਸ ਦੇ ਪਿੱਛੇ ਆਪਣੇ-ਆਪ ਉਦਯੋਗ ਨਹੀਂ ਹੈ, ਇਸਲਈ ਬਹੁਤ ਸਾਰੇ ਵਿਚਾਰ ਹਜ਼ਮ ਨਹੀਂ ਹੋ ਸਕਦੇ। ਸਰੀਰ ’ਚ ਉਨ੍ਹਾਂ ਦਾ ਖੂਨ ਨਹੀਂ ਬਣ ਸਕਦਾ। ਇਸੇ ਲਈ ਵਿਚਾਰਾਂ ’ਚ ਬਚਪਨਾ ਰਹਿੰਦਾ ਹੈ ਅਤੇ ਕੰਮ ਵਿਚਾਰਾਂ ਦੀ ਨਕਲ ਨਹੀਂ ਕਰ ਸਕਦੇ। ਇਹ ਗੱਲ ਹਿੰਦੁਸਤਾਨ ਦੇ ਬਸਤੀਵਾਦੀ ਰੂਪ ’ਤੇ ਹੀ ਸਾਡੀ ਦਿ੍ਰਸ਼ਟੀ ਲੈ ਜਾਂਦੀ ਹੈ।

ਅਸੀਂ ਆਪਣੇ ਮੂਲ ਪ੍ਰਸ਼ਨ ’ਤੇ ਆਈਏ। ਕੀ ਸਾਹਿਤ-ਕਾਰਜ ਕੇਵਲ ਨਿੱਜੀ ਕਾਰਜ ਹੈ, ਸਿਰਫ ਨਿੱਜੀ ਜ਼ਿੰਮੇਵਾਰੀ ਹੈ?
ਇਸਦਾ ਉੱਤਰ ਇਉ ਹੈ।

1) ਸਾਹਿਤ ਦਾ ਸਬੰਧ ਤੁਹਾਡੀ ਹੋਂਦ ਨਾਲ਼ ਹੈ, ਤੁਹਾਡੀ ਭੁੱਖ-ਪਿਆਸ ਨਾਲ਼ ਹੈ- ਮਾਨਸਿਕ ਅਤੇ ਸਮਾਜਿਕ। ਇਸ ਲਈ ਕਿਸੇ ਤਰ੍ਹਾਂ ਦਾ ਵੀ ਆਦਰਸ਼ਾਤਮਕ ਸਾਹਿਤ ਲੋਕਾਂ ਤੋਂ ਅਲੱਗ ਨਹੀਂ।

2) ਲੋਕਾਂ ਦਾ ਸਾਹਿਤ ਦਾ ਅਰਥ ਲੋਕਾਂ ਨੂੰ ਤੁਰੰਤ ਸਮਝ ’ਚ ਆਉਣ ਵਾਲ਼ੇ ਸਾਹਿਤ ਤੋਂ ਬਿਲਕੁਲ ਨਹੀਂ। ਜੇ ਇਉਂ ਹੁੰਦਾ ਤਾਂ ਕਿੱਸਾ ਤੋਤਾ ਮੈਨਾ ਅਤੇ ਨੌਟੰਕੀ ਹੀ ਸਾਹਿਤ ਦੇ ਮੁੱਖ ਰੂਪ ਹੁੰਦੇ। ਸਾਹਿਤ ਦੇ ਅੰਦਰ ਸੱਭਿਆਚਾਰਕ ਭਾਵ ਹੁੰਦੇ ਹਨ। ਸੱਭਿਆਚਾਰਕ ਭਾਵਾਂ ਨੂੰ ਗ੍ਰਹਿਣ ਕਰਨ ਲਈ, ਬੁਲੰਦੀ ਬਾਰੀਕੀ ਅਤੇ ਖੂਬਸੂਰਤੀ ਨੂੰ ਪਛਾਣਨ ਦੇ ਲਈ ਉਸ ਅਸਲੀਅਤ ਪ੍ਰਾਪਤ ਕਰਨ ਲਈ ਜਿਸ ਦਾ ਨਕਸ਼ਾ ਸਾਹਿਤ ’ਚ ਰਹਿਣਾ ਹੈ, ਸੁਣਨ ਜਾਂ ਪੜ੍ਹਨ ਵਾਲ਼ੇ ਦੀ ਕੁੱਝ ਸਥਿਤੀ ਜਰੂਰੀ ਹੁੰਦੀ ਹੈ। ਉਹ ਸਥਿਤੀ ਹੈ ਉਸ ਦੀ ਸਿੱਖਿਆ, ਉਸ ਦੇ ਮਨ ਦੀ ਸੱਭਿਆਚਾਰਕ ਸੋਭਾ। ਸਾਹਿਤ ਦਾ ਉਦੇਸ਼ ਸੱਭਿਆਚਾਰਕ ਸੋਭਾ ਹੈ, ਮਾਨਸਿਕ ਸੋਭਾ ਹੈ। ਪਰ ਇਹ ਸੋਭਾ ਸਾਹਿਤ ਜਰੀਏ ਤਦੇ ਸੰਭਵ ਹੈ ਜਦ ਸੁਣਨ ਵਾਲ਼ਾ ਜਾਂ ਪੜ੍ਹਨ ਵਾਲ਼ੇ ਦੀ ਅਵਸਥਾ ਸਿੱਖਿਅਤ (ਦੀ) ਹੋਵੇ। ਇਹੀ ਕਾਰਣ ਹੈ ਕਿ ਮਾਰਕਸ ਦਾ ਡਾਸ ਕੈਪੀਟਲ, ਲੈਨਿਨ ਦੇ ਗ੍ਰੰਥ, ਰੋਮਾਂ ਰੋਲਾਂ ਦੇ, ਤਾਲਸਤਾਏ ਅਤੇ ਗੋਰਕੀ ਦੇ ਨਾਵਲ ਇਕਦਮ ਅਸਿੱਖਿਅਤ ਅਤੇ ਅਨਪੜ੍ਹਾਂ ਦੇ ਨਾ ਸਮਝ ਆ ਸਕਦੇ ਹਨ, ਨਾ ਉਹ ਉਨ੍ਹਾਂ ਦੇ ਪੜ੍ਹਨ ਲਈ ਹੁੰਦੇ ਹੀ ਹਨ। ‘ਲੋਕਾਂ ਦਾ ਸਾਹਿਤ’ ਦਾ ਅਰਥ ਲੋਕਾਂ ਦੇ ਲਈ ਸਾਹਿਤ ਤੋਂ ਹੈ, ਅਤੇ ਉਹ ਲੋਕ ਅਜਿਹੇ ਹੋਣ ਜੋ ਸਿੱਖਿਆ ਅਤੇ ਸੱਭਿਆਚਾਰ ਰਾਹੀਂ ਕੁੱਝ ਸਟੈਂਡਰਡ ਪ੍ਰਾਪਤ ਕਰ ਚੁੱਕੇ ਹੋਣ। ਧਿਆਨ ਰਹੇ ਕਿ ਰਾਜਨੀਤੀ ਦੇ ਮੂਲ ਪ੍ਰੰਥ ਬਹੁਤ ਵਾਰ ਬੁੱਧੀਜੀਵੀਆਂ ਨੂੰ ਵੀ ਸਮਝ ’ਚ ਨਹੀਂ ਆਉਂਦੇ, ਲੋਕਾਂ ਦਾ ਤਾਂ ਕਹਿਣਾ ਹੀ ਕੀ ਹੈ। ਪਰ ਉਹ ਸੱਭਿਆਚਾਰਕ ਵਿਰਾਸਤ ਹਨ। ਅਜਿਹੇ ਰਾਜਨੀਤੀਕ ਗ੍ਰੰਥਾਂ ਦੇ ਮੂਲ ਭਾਵ ਸਾਡੀਆਂ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਕਾਰਕੁਨ ਆਪਣੇ ਭਾਸ਼ਣਾਂ ਅਤੇ ਸੌਖੀ ਭਾਸ਼ਾ ’ਚ ਲਿਖੀਆਂ ਕਿਤਾਬਾਂ ਰਾਹੀਂ ਪ੍ਰਚਾਰਦੇ ਹਨ। ਕਿਉਂਕਿ ਅਜਿਹੇ ਗ੍ਰੰਥ ਲੋਕਾਂ ਦੇ ਇਕਦਮ ਸਮਝ ’ਚ ਨਹੀਂ ਆਉਂਦੇ (ਬਹੁਤ ਵਾਰ ਬੁੱਧੀਜੀਵੀਆਂ ਦੀ ਸਮਝ ’ਚ ਨਹੀਂ ਆਉਂਦੇ), ਇਸ ਲਈ ਉਹ ਗ੍ਰੰਥ ਲੋਕਾਂ ਲਈ ਨਹੀਂ, ਇਹ ਸਮਝਣਾ ਗਲਤ ਹੈ। ਅਗਿਆਨ ਅਤੇ ਸਿੱਖਿਆ ਤੋਂ ਆਪਣੀ ਮੁਕਤੀ ਲਈ ਲੋਕਾਂ ਨੂੰ ਅਜਿਹੇ ਗ੍ਰੰਥਾਂ ਦੀ ਜਰੂਰਤ ਹੈ। ਜੋ ਲੋਕ ‘ਲੋਕਾਂ ਦਾ ਸਾਹਿਤ’ ਤੋਂ ਭਾਵ ਇਹ ਲੈਂਦੇ ਹਨ ਕਿ ਉਹ ਸਾਹਿਤ ਲੋਕਾਂ ਦੇ ਇਕਦਮ ਸਮਝ ਆ ਜਾਵੇ, ਲੋਕ ਉਸ ਦਾ ਭੇਦ ਪਾ ਸਕਣ ਇਹੀ ਉਸ ਦੀ ਪਹਿਲੀ ਕਸਵੱਟੀ ਹੈ, ਉਹ ਲੋਕ ਇਹ ਭੁੱਲ ਜਾਂਦੇ ਹਨ ਕਿ ਲੋਕਾਂ ਨੂੰ ਪਹਿਲਾਂ ਸਿੱਖਿਅਤ ਅਤੇ ਸੱਭਿਅਕ ਬਣਾਉਦਾ। ਉਹ ਫਿਲਹਾਲ ਹਨੇਰੇ ’ਚ ਹਨ। ਲੋਕਾਂ ਨੂੰ ਅਗਿਆਨ ਮੁਕਤ ਕਰਨ ਲਈ ਸਾਨੂੰ ਪਹਿਲਾਂ ਉਨ੍ਹਾਂ ਨੂੰ ਸਿੱਖਿਆ ਦੇਣੀ ਪਵੇਗੀ। ਸਿੱਖਿਅਤ ਕਰਨ ਲਈ ਜਿਹੋ ਜਿਹੇ ਗ੍ਰੰਥਾਂ ਦੀ ਲੋੜ ਹੋਵੇਗੀ, ਉਹੋ ਜਿਹੇ ਗ੍ਰੰਥ ਕੱਢੇ ਜਾਣੇ ਚਾਹੀਦੇ ਹਨ। ਪਰ ਇਸ ਦਾ ਅਰਥ ਇਹ ਨਹੀਂ ਕਿ ਉਸ ਨੂੰ ਮੁੱਢਲੀ ਸਿੱਖਿਆ ਦੇਣ ਵਾਲ਼ੇ ਗ੍ਰੰਥ ਤਾਂ ਸ੍ਰੇਸ਼ਠ ਹਨ, ਸਰਵਉੱਚ ਸਿੱਖਿਆ ਦੇਣ ਵਾਲ਼ੇ ਗ੍ਰੰੰਥ ਸ੍ਰੇਸ਼ਠ ਨਹੀਂ ਹਨ। ਠੀਕ ਇਹੀ ਭੇਦ ਸਾਹਿਤ ’ਚ ਵੀ ਹੈ। ਕੁੱਝ ਸਾਹਿਤ ਤਾਂ ਨਿਸ਼ਚੇ ਹੀ ਮੁੱਢਲੀ ਸਿੱਖਿਆ ਦੇ ਅਨੁਕੂਲ ਹੋਵੇਗਾ, ਤਾਂ ਕੁੱਝ ਸਰਵਉੱਚ ਸਿੱਖਿਆ ਲਈ। ਮੁੱਢਲੀ ਸ਼੍ਰੇਣੀ ਲਈ ਸਹੀ ਸਾਹਿਤ ਤਾਂ ਸਾਹਿਤ ਹੈ ਅਤੇ ਸਰਵ-ਉੱਚ ਸ਼੍ਰੇਣੀ ਲਈ ਸਹੀ ਸਾਹਿਤ ਲੋਕਾਂ ਦਾ ਸਾਹਿਤ ਨਹੀਂ ਹੈ, ਇਹ ਕਹਿਣਾ ਲੋਕਾਂ ਨਾਲ਼ ਗੱਦਾਰੀ ਕਰਨਾ ਹੈ। ਤਾਂ ਫਿਰ ‘ਲੋਕਾਂ ਦਾ ਸਾਹਿਤ’ ਦਾ ਅਰਥ ਕੀ ਹੈ? ਲੋਕਾਂ ਦੇ ਸਾਹਿਤ ਦਾ ਭਾਵ ਇਹ ਹੈ ਕਿ ਅਜਿਹਾ ਸਾਹਿਤ ਦੇ ਲੋਕਾਂ ਦੇ ਜੀਵਨ-ਮੁੱਲਾਂ ਨੂੰ ਲੋਕਾਂ ਦੇ ਜੀਵਨ ਆਦਰਸਾਂ ਨੂੰ ਸਨਮਾਨਿਤ ਕਰਦਾ ਹੋਵੇ, ਉਸ ਨੂੰ ਆਪਣੇ ਮੁਕਤੀ ਮਾਰਗ ’ਤੇ ਤੋਰਦਾ ਹੋਵੇ। ਇਸ ਮੁਕਤੀ-ਮਾਰਗ ਦਾ ਭਾਵ ਰਾਜਨੀਤਕ ਮੁਕਤੀ ਤੋਂ ਲੈ ਕੇ ਅਗਿਆਨ ਤੋਂ ਮੁਕਤੀ ਤੱਕ ਹੈ। ਇਸ ਲਈ ਇਸ ਵਿੱਚ ਹਰੇਕ ਤਰ੍ਹਾਂ ਦਾ ਸਾਹਿਤ ਸ਼ਾਮਿਲ ਹੈ, ਪਰ ਸ਼ਰਤ ਹੈ ਕਿ ਉਹ ਸਚਮੁੱਚ ਉਸ ਨੂੰ ਮੁਕਤੀ ਮਾਰਗ ਵੱਲ ਤੋਰੇ।

ਲੋਕਾਂ ਦੀ ਮਾਨਸਿਕ ਸ਼ੁੱਧਤਾ, ਉਸ ਦੇ ਆਦਰਸ਼ ਮਨੋਰੰਜਨ ਤੇ ਲਗਾ ਕੇ ਇਨਕਲਾਬੀ ਮਾਰਗ ’ਤੇ ਮੋੜਨ ਵਾਲ਼ਾ ਸਾਹਿਤ, ਮਾਨਵੀ ਭਾਵਨਾਵਾਂ ਦਾ ਸ੍ਰੇਸ਼ਠ ਵਾਤਾਵਰਣ ਪੇਸ਼ ਕਰਨ ਵਾਲ਼ਾ ਸਾਹਿਤ, ਲੋਕਾਂ ਦਾ ਜੀਵਨ-ਚਿੱਤਰਣ ਕਰਨ ਵਾਲ਼ਾ ਸਾਹਿਤ, ਮਨ ਨੂੰ ਮਾਨਵੀ ਅਤੇ ਜਨ ਨੂੰ ਜਨ-ਜਨ ਕਰਨ ਵਾਲ਼ਾ ਸਾਹਿਤ, ਸੋਸ਼ਣ ਅਤੇ ਸੱਤ੍ਹਾ ਦੇ ਘਮੰਡ ਨੂੰ ਚੂਰ ਕਰਨ ਵਾਲ਼ੇ ਅਜ਼ਾਦੀ ਅਤੇ ਮੁਕਤੀ ਦੇ ਗੀਤਾਂ ਵਾਲ਼ਾ ਸਾਹਿਤ, ਕੁਦਰਤੀ ਸੋਭਾ ਅਤੇ ਸਨੇਹ ਦੇ ਨਾਜੁਕ ਦਿ੍ਰਸ਼ਾਂ ਵਾਲ਼ਾ ਸਾਹਿਤ ਸਾਰੇ ਤਰ੍ਹਾਂ ਦਾ ਸਾਹਿਤ ਸ਼ਾਮਿਲ ਹੈ ਸ਼ਰਤ ਹੈ ਕਿ ਉਹ ਮਨ ਨੂੰ ਮਾਨਵੀ, ਜਨ ਨੂੰ ਜਨ-ਜਨ ਬਣਾ ਸਕੇ ਅਤੇ ਲੋਕਾਂ ਨੂੰ ਮੁਕਤੀ ਮਾਰਗ ’ਤੇ ਤੋਰ ਸਕੇ। ਸਾਹਿਤ ਬਾਰੇ ਇਹ ਦਿ੍ਰਸ਼ਟੀਕੋਣ ਲੋਕਾਂ ਦਾ ਦਿ੍ਰਸ਼ਟੀਕੋਣ ਹੈ। ਫਰਾਂਸ ਦੇ ਲੁਈ ਏਰਗਾਂ ਨੇ ਦੂਜੀ ਸੰਸਾਰ ਜੰਗ ’ਚ ਲੋਕਾਂ ਵਿਚਕਾਰ ਕੰਮ ਕੀਤਾ ਅਤੇ ਯੁੱਧਬੰਦੀ ਤੋਂ ਬਾਅਦ ਰੋਮਾਂਟਿਕ ਨਾਵਲ ਲਿਖਿਆ। ਸ਼ਾਇਦ ਉਸ ਨੂੰ ਲੋਕ-ਸੰਘਰਸ਼ ਦੌਰਾਨ ਦੁਸ਼ਮਣਾਂ ਨਾਲ਼ ਲੜਦਿਆਂ ਰੋਮਾਂਟਿਕ ਅਨੁਭਵ ਵੀ ਹੋਏ ਹੋਣ। ਉਨ੍ਹਾਂ ਅਨੁਭਵਾਂ ਦੇ ਆਧਾਰ ’ਤੇ ਉਸ ਨੇ ਰੋਮਾਂਟਿਕ ਨਾਵਲ ਲਿਖੇ ਪਰ ਛੇਤੀ ਹੀ ਉਹ ਅਜਿਹੇ ਨਾਵਲ ਲੈ ਕੇ ਆਇਆ ਜਿਨ੍ਹਾਂ ’ਚ, ਇੱਕ ਰੋਮਾਂਟਿਕ ਧਾਰਾ ਦੇ ਇਲਾਵਾ, ਲੋਕਾਂ ਦੇ ਸੰਘਰਸ਼ ਦਾ ਸੁਹਜਾਤਮਕ ਚਿੱਤਰਣ ਸੀ। ਇਹੀ ਹਾਲ ਅਹਿਰੇਨਬਰਗ ਆਦਿ ਦਾ ਹੈ। ਉਸ ਦਾ ਨਾਵਲ ਸਟਾਰਮ (ਤੂਫਾਨ- ਇਸ ਦਾ ਹਿੰਦੀ ’ਚ ਅਨੁਵਾਦ ਹੋ ਚੁੱਕਿਆ ਹੈ) ਵੀ ਲੋਕ-ਸੰਘਰਸ਼ ਦੌਰਾਨ ਦਾ ਚਿੱਤਰਣ ਕਰਦਾ ਹੈ, ਜਿਸ ’ਚ ਕਈ ਮਾਨਵ-ਉਚਿਤ ਰੋਮਾਂਟਿਕ ਘਟਨਾਵਾਂ ਅਤੇ ਉਪਕਥਾਵਾਂ ਦਾ ਸਮੂਹ ਹੈ। ਉਸੇ ਤਰ੍ਹਾਂ ਸੋਵੀਅਤ ਸਾਹਿਤ ਅੰਦਰ ਦੂਜੀ ਸੰਸਾਰ ਜੰਗ ਦੇ ਵਿਸ਼ਾਲ ਸਾਹਿਤ-ਚਿੱਤਰਾਂ ’ਚ ਮਾਨਵ-ਉਚਿਤ ਨਾਜੁਕ ਰੋਮਾਂਟਿਕ ਕਥਾਵਾਂ ਅਤੇ ਕੁਦਰਤੀ ਸੁਹਜ-ਦਿ੍ਰਸ਼ਾਂ ਨੂੰ ਉਲੀਕਿਆ ਗਿਆ ਹੈ।

ਜੋ ਜਾਤ, ਜੋ ਰਾਸ਼ਟਰ ਜਿੰਨਾਂ ਅਜ਼ਾਦ ਹੈ, ਯਾਨਿ ਜਿੱਥੋਂ ਦੇ ਲੋਕ ਸੋਸ਼ਣ ਅਤੇ ਅਗਿਆਨ ਤੋਂ ਜਿੰਨੇ ਅੰਸ਼ਾਂ ਤੱਕ ਮੁਕਤੀ ਹਾਸਲ ਕਰ ਚੁੱਕੇ ਹੁੰਦੇ ਹਨ, ਓਨੇ ਹੀ ਅੰਸ਼ਾਂ ਤੱਕ ਉਹ ਸ਼ਕਤੀ ਅਤੇ ਸੁਹਜ ਅਤੇ ਮਨੁੱਖੀ ਆਦਰਸ਼ ਦੇ ਨੇੜੇ ਪਹੁੰਚੀ ਹੋਈ ਹੁੰਦੀ ਹੈ। ਅੱਜ ਦੀ ਦੁਨੀਆਂ ’ਚ ਜਿਸ ਹੱਦ ਤੱਕ ਸੋਸ਼ਣ ਵਧਿਆ ਹੋਇਆ ਹੈ, ਜਿਸ ਹੱਦ ਤੱਕ ਭੁੱਖ ਅਤੇ ਪਿਆਸ ਵਧੀ ਹੋਈ ਹੈ, ਉਸੇ ਹੱਦ ਤੱਕ ਮੁਕਤੀ-ਸੰਘਰਸ਼ ਵੀ ਵਧਿਆ ਹੋਇਆ ਹੈ ਅਤੇ ਉਸੇ ਹੱਦ ਤੱਕ ਬੁੱਧੀ ਅਤੇ ਦਿਲ ਦੀ ਭੁੱਖ ਪਿਆਸ ਵੀ ਵਧੀ ਹੋਈ ਹੈ।

ਅੱਜ ਦੇ ਯੁੱਗ ’ਚ ਸਾਹਿਤ ਦਾ ਇਹ ਕੰਮ ਹੈ ਕਿ ਉਹ ਲੋਕਾਂ ਦੀ ਬੁੱਧੀ ਅਤੇ ਦਿਲ ਦੀ ਇਸ ਭੁੱਖ-ਪਿਆਸ ਦਾ ਚਿੱਤਰਣ ਕਰੇ ਅਤੇ ਉਸ ਨੂੰ ਮੁਕਤੀ-ਮਾਰਗ ’ਤੇ ਅੱਗੇ ਤੋਰਨ ਲਈ ਅਜਿਹੀ ਕਲਾ ਦਾ ਵਿਕਾਸ ਕਰੇ ਜਿਸ ਤੋਂ ਲੋਕ ਪ੍ਰੇਰਣਾ ਲੈ ਸਕਣ ਅਤੇ ਜੋ ਖੁਦ ਲੋਕਾਂ ਤੋਂ ਪ੍ਰੇਰਣਾ ਲੈ ਸਕੇ। ਇਸ ਲਈ ਸਿੱਟਾ ਇਹ ਨਿਕਲਿਆ ਕਿ ਲੋਕਾਂ ਦੇ ਸਾਹਿਤ ਦੇ ਅੰਦਰ ਸਿਰਫ ਇੱਕੋ ਹੀ ਤਰ੍ਹਾਂ ਦਾ ਸਾਹਿਤ ਨਹੀਂ, ਸਭ ਤਰ੍ਹਾਂ ਦਾ ਸਾਹਿਤ ਹੈ। ਇਹ ਗੱਲ ਵੱਖਰੀ ਹੈ ਕਿ ਸਾਹਿਤ ’ਚ ਕਦੇ-ਕਦੇ ਲੋਕਾਂ ਦੇ ਅਨੁਕੂਲ ਇੱਕ ਵਿਸ਼ੇਸ਼ ਧਾਰਾ ਦਾ ਹੀ ਪ੍ਰਭਾਵ ਰਹੇ ਜਿਵੇਂ ਪ੍ਰਗਤੀਸ਼ੀਲ ਸਾਹਿਤ ’ਚ ਕਿਸਾਨ-ਮਜ਼ਦੂਰਾਂ ਦੀ ਕਵਿਤਾ ਦਾ।

ਇਸ ਪੜਤਾਲ ਦੇ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਲੋਕਾਂ ਦੇ ਜੀਵਨ-ਮੁੱਲਾਂ ਅਤੇ ਜੀਵਨ ਆਦਰਸ਼ਾਂ ਨੂੰ ਧਿਆਨ ’ਚ ਰੱਖ ਕੇ ਜੋ ਸਾਹਿਤ-ਨਿਰਮਾਣ ਹੁੰਦਾ ਹੈ, ਉਹ ਭਾਵੇਂ ਵਿਅਕਤੀ-ਵਿਅਕਤੀ ਦੀ ਲੇਖਣੀ ਰਾਹੀਂ ਪੈਦਾ ਹੁੰਦਾ ਹੈ, ਪਰ ਉਸ ਦੀ ਜ਼ਿੰਮੇਵਾਰੀ ਸਿਰਫ ਨਿੱਜੀ ਨਹੀਂ ਸਮੂਹਿਕ ਜ਼ਿੰਮੇਵਾਰੀ ਹੈ। ਜਿਸ ਤਰ੍ਹਾਂ ਇੱਕ ਵਿਗਿਆਨਕ ਆਪਣੀ ਪ੍ਰਯੋਗਸ਼ਾਲਾ ’ਚ ਖੋਜ ਕਰਦਾ ਹੈ ਅਤੇ ਖੋਜ ਕਰ ਲੈਣ ਤੋਂ ਬਾਅਦ ਇੱਕ ਫਾਰਮੂਲਾ ਤਿਆਰ ਕਰਦਾ ਹੈ, ਭਾਵੇਂ ਉਹ ਸਾਧਾਰਣ ਲੋਕਾਂ ਦੀ ਸਮਝ ’ਚ ਨਾ ਆਵੇ ਪਰ ਵਿਗਿਆਨਕ ਇਹ ਜਾਣਦਾ ਹੈ ਕਿ ਉਸ ਫਾਰਮੂਲੇ ਨੂੰ ਪੱਕਿਆਉਣ ’ਤੇ ਮਸ਼ੀਨਾਂ ਅਤੇ ਨਵੇਂ ਰਸਾਇਣ ਤਿਆਰ ਹੁੰਦੇ ਹਨ, ਜਿਹੜੇ ਮਨੁੱਖ ਲਈ ਉਪਯੋਗੀ ਹਨ ਤਾਂ ਉਸੇ ਤਰ੍ਹਾਂ ਲੋਕ ਇਹ ਵੀ ਜਾਣਦੇ ਹਨ ਕਿ ਉਹ ਵਿਗਿਆਨਕ ਲੋਕਾਂ ਲਈ ਹੀ ਕਾਰਜ ਕਰ ਰਿਹਾ ਹੈ। ਉਸੇ ਤਰ੍ਹਾਂ ਸਾਹਿਤ ਵੀ ਹੈ। ਉਦਾਹਰਣ ਦੇ ਤੌਰ ’ਤੇ ਸਾਹਿਤ-ਸ਼ਾਸਤਰ ਦਾ ਗ੍ਰੰਥ ਆਮ ਲੋਕਾਂ ਦੀ ਸਮਝ ’ਚ ਭਲੇ ਹੀ ਨਾ ਆਵੇ ਪਰ ਉਹ ਲੇਖਕਾਂ ਅਤੇ ਅਲੋਚਕਾਂ ਲਈ ਜਰੂਰੀ ਹੈ। ਉਨ੍ਹਾਂ ਲੇਖਕਾਂ ਅਤੇ ਅਲੋਚਕਾਂ ਲਈ ਜਿਹੜੇ ਲੋਕਾਂ ਦੇ ਜੀਵਨ-ਮੁੱਲਾਂ ਨੂੰ ਆਪਣੇ ਸਾਹਮਣੇ ਰੱਖਦੇ ਹਨ। ਇਹ ਗੱਲ ਅਜਿਹੇ ਸਾਹਿਤ ਲਈ ਵੀ ਸੱਚ ਹੈ ਜਿਸ ’ਚ ਮਨੋਭਾਵਾਂ ਦੇ ਚਿੱਤਰਣ ’ਚ ਬਰੀਕੀ ਨਾਲ਼ ਕੰਮ ਲਿਆ ਗਿਆ ਹੈ ਅਤੇ ਅਤਿ-ਆਧੁਨਿਕ ਵਿਚਾਰਧਾਰਾਵਾਂ ਦੇ ਤਾਜਾ ਰੂਪ ਦਾ ਚਿੱਤਰਣ ਕੀਤਾ ਗਿਆ ਹੈ।

ਦਰਅਸਲ ਗੱਲ ਇਹ ਹੈ ਕਿ ਸੋਸ਼ਣ ਖਿਲਾਫ ਸੰਘਰਸ਼ ਉਸ ਤੋਂ ਬਾਅਦ ਸੋਸ਼ਣ ਤੋਂ ਛੁਟਕਾਰਾ ਅਤੇ ਫਿਰ ਉਸਦੇ ਬਾਅਦ ਰੋਜ਼ਾਨਾ ਜੀਵਨ ਦੇ ਗੁਜਾਰੇ ਸਬੰਧੀ ਕੰਮ-ਧੰਦੇ ’ਚ ਘੱਟੋ-ਘੱਟ ਸਮਾਂ ਖਰਚ ਹੋਣ ਦੀ ਸਥਿਤੀ ਅਤੇ ਆਪਣੀ ਮਾਨਸਿਕ-ਸੱਭਿਆਚਾਰਕ ਤਰੱਕੀ ਲਈ ਸਮਾਂ ਅਤੇ ਅਰਾਮ ਦੀ ਸੁਵਿਧਾ-ਵਿਵਸਥਾ ਦੀ ਸਥਾਪਨਾ ਜਦ ਤੱਕ ਨਹੀਂ ਹੁੰਦੀ, ਤਦ ਤੱਕ ਸੌ ਫੀਸਦੀ ਲੋਕ ਸਾਹਿਤ ਅਤੇ ਸੱਭਿਆਚਾਰ ਦਾ ਪੂਰਾ ਉਪਯੋਗ ਨਹੀਂ ਕਰ ਸਕਦੇ, ਨਾ ਉਸ ਨਾਲ਼ ਆਪਣਾ ਪੂਰਾ ਮਨੋਰੰਜਨ ਹੀ ਕਰ ਸਕਦੇ ਹਨ।

ਇਸ ਸੰਪੂਰਨ ਮਨੁੱਖੀ ਸੱਤ੍ਹਾ ਦਾ ਨਿਰਮਾਣ ਕਰਨ ਦਾ ਇੱਕੋ ਇਕ ਰਾਹ ਰਾਜਨੀਤੀ ਹੈ, ਜਿਸ ਦਾ ਸਹਾਇਕ ਸਾਹਿਤ ਹੈ। ਤਾਂ ਉਹ ਰਾਜਨੀਤਕ ਪਾਰਟੀ ਲੋਕਾਂ ਲਈ ਆਪਣਾ ਫਰਜ਼ ਨਹੀਂ ਪੂਰਾ ਕਰਦੀ, ਜੋ ਕਿ ਲੇਖਕ ਦੇ ਸਾਹਿਤ-ਨਿਰਮਾਣ ਨੂੰ ਨਿੱਜੀ ਜ਼ਿੰਮੇਵਾਰੀ ਕਹਿ ਕੇ ਟਾਲ ਦਿੰਦੀ ਹੈ।

(ਨਯਾ ਖੂਨ, ਫਰਵਰੀ 1953 ’ਚ ਪ੍ਰਕਾਸ਼ਿਤ।)

Comment here