ਸਿਆਸਤਖਬਰਾਂਦੁਨੀਆ

ਲੋਕਤੰਤਰ ਸੰਮੇਲਨ ’ਚ ਰੂਸ ਅਤੇ ਚੀਨ ਨੂੰ ਛੱਡ ਕੇ 110 ਦੇਸ਼ ਹੋਣਗੇ ਸ਼ਾਮਲ

ਵਾਸ਼ਿੰਗਟਨ-ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ’ਤੇ ਇਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਅਮਰੀਕਾ ਨੇ ਲੋਕਤੰਤਰ ਲਈ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਰੂਸ ਅਤੇ ਚੀਨ ਨੂੰ ਛੱਡ ਕੇ 110 ਦੇਸ਼ਾਂ ਨੂੰ ਸੱਦਾ ਦਿੱਤਾ ਹੈ। ਸੱਦਾ ਪਾਉਣ ਵਾਲੇ ਦੇਸ਼ਾ ਦੀ ਸੂਚੀ ਵਿਚ ਅਮਰੀਕਾ ਨੇ ਤਾਈਵਾਨ ਨੂੰ ਵੀ ਸ਼ਾਮਲ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਕਈ ਮੌਕਿਆਂ ’ਤੇ ਜ਼ਿਕਰ ਕੀਤਾ ਹੈ ਕਿ ਜੇਕਰ ਚੀਨ ਦੁਆਰਾ ਹਮਲਾ ਕੀਤਾ ਜਾਂਦਾ ਹੈ ਤਾਂ ਤਾਇਵਾਨ ਦੀ ਮਦਦ ਲਈ ਅਮਰੀਕਾ ਹਮੇਸ਼ਾ ਤਿਆਰ ਰਹੇਗਾ।
ਸੰਮੇਲਨ ਵਿੱਚ ਹਿੱਸਾ ਲੈਣ ਦੇ ਸੱਦੇ ਸਾਬਕਾ ਸੋਵੀਅਤ ਯੂਨੀਅਨ ਦੇ ਰਾਜਾਂ ਜਿਵੇਂ ਕਿ ਅਰਮੀਨੀਆ, ਐਸਟੋਨੀਆ, ਜਾਰਜੀਆ, ਲਾਤਵੀਆ, ਲਿਥੁਆਨੀਆ, ਮੋਲਡੋਵਾ ਅਤੇ ਯੂਕਰੇਨ ਨੂੰ ਵੀ ਭੇਜੇ ਗਏ ਹਨ। ਜਦੋਂ ਕਿ ਅਜ਼ਰਬੈਜਾਨ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਨੂੰ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਯੂਰਪੀ ਸੰਘ ਦੇ ਇਕਲੌਤੇ ਦੇਸ਼ ਹੰਗਰੀ ਨੂੰ ਵੀ ਸੰਮੇਲਨ ’ਚ ਹਿੱਸਾ ਲੈਣ ਦਾ ਸੱਦਾ ਨਹੀਂ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਈਰਾਨ ਅਤੇ ਕਈ ਵੱਡੇ ਖਾੜੀ ਦੇਸ਼ਾਂ ਸਮੇਤ ਉੱਤਰੀ ਕੋਰੀਆ, ਵੈਨੇਜ਼ੁਏਲਾ, ਨਿਕਾਰਾਗੁਆ, ਸੂਡਾਨ ਅਤੇ ਇਥੋਪੀਆ ਨੂੰ ਵੀ ਸੱਦਾ ਦੇਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਲੋਕਤੰਤਰ ਲਈ ਸੰਮੇਲਨ 9 ਅਤੇ 10 ਦਸੰਬਰ ਨੂੰ ਹੋਵੇਗਾ। ਰਾਸ਼ਟਰਪਤੀ ਬਾਈਡੇਨ ਇਸ ਦੀ ਵਰਚੁਅਲੀ ਮੇਜ਼ਬਾਨੀ ਕਰਨਗੇ। ਸਿਖਰ ਸੰਮੇਲਨ ਲੋਕਤੰਤਰੀ ਦੇਸ਼ਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਉਹਨਾਂ ਦੇ ਮੌਕਿਆਂ ’ਤੇ ਕੇਂਦਰਿਤ ਹੋਵੇਗਾ। ਇਸ ਦੌਰਾਨ ਭਾਗ ਲੈਣ ਵਾਲੇ ਦੇਸ਼ਾਂ ਦੇ ਨੇਤਾ ਲੋਕਤੰਤਰ ਦਾ ਸਮਰਥਨ ਕਰਨ ਲਈ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਚਨਬੱਧਤਾਵਾਂ ਦਾ ਐਲਾਨ ਕਰਨ, ਕਿਸੇ ਸੁਧਾਰ ਜਾਂ ਯਤਨ ਦਾ ਜ਼ਿਕਰ ਕਰਨ ਅਤੇ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕਰਨ ਦੇ ਯੋਗ ਹੋਣਗੇ।

Comment here