ਸਿਹਤ-ਖਬਰਾਂਖਬਰਾਂ

ਲੂ ਦੇ ਕਹਿਰ ਤੋਂ ਬਚਣ ਲਈ ਸੌਖੇ ਉਪਾਅ…

ਅੱਤ ਦੀ ਪੈ ਰਹੀ ਗਰਮੀ ਵਿਚ ਤੇਜ਼ ਗਰਮ ਹਵਾਵਾਂ ਦੇ ਚੱਲਣ ਨਾਲ ਕਈ ਵਾਰ ਲੂ ਲੱਗ ਜਾਂਦੀ ਹੈ। ਲੂ ਲੱਗਣ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਲੂ ਧੁੱਪ ਵਿਚ ਨਿਕਲਣ ਨਾਲ ਲੱਗੇ, ਘਰ ‘ਚ ਰਹਿਣ ‘ਤੇ ਵੀ ਲੂ ਲੱਗ ਸਕਦੀ ਹੈ ਅਤੇ ਪ੍ਰੇਸ਼ਾਨ ਕਰ ਸਕਦੀ ਹੈ। ਵਧੇਰੇ ਤਾਪਮਾਨ ਵਾਲੇ ਕਮਰੇ ‘ਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਵੀ ਲੂ ਲੱਗ ਸਕਦੀ ਹੈ।
ਲੂ ਲੱਗਣ ‘ਤੇ ਕੁਝ ਲੋਕ ਸਰੀਰ ‘ਤੇ ਬਰਫ਼ ਮਲ ਕੇ ਲੂ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੁੰਦੇ ਹਨ ਪਰ ਇਸ ਦਾ ਲੂ ਲੱਗੇ ਵਿਅਕਤੀ ‘ਤੇ ਕੋਈ ਅਸਰ
ਨਹੀਂ ਹੁੰਦਾ ਕਿਉਂਕਿ ਰੋਮਾਂ ਦੇ ਕੰਮ ਕਰਨ ਦੀ ਸਮਰੱਥਾ ਇਸ ਸਮੇਂ ਪ੍ਰਭਾਵਿਤ ਨਹੀਂ ਹੁੰਦੀ। ਸ਼ੁਰੂਆਤੀ ਇਲਾਜ ਕਰ ਰਹੇ ਕੁਝ ਵਿਅਕਤੀ ਇਹ ਨਹੀਂ ਜਾਣਦੇ ਕਿ ਕਿਸ ਹੱਦ ਤੱਕ ਸਰੀਰ ਦਾ ਤਾਪਮਾਨ ਠੰਢਕ ਪਹੁੰਚਾ ਕੇ ਘੱਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਤਾਪਮਾਨ 37 ਡਿਗਰੀ ਫਾਰਨਹਾਈਟ ਹੋ ਗਿਆ ਤਾਂ ਖੂਨ ਦਾ ਦਬਾਅ ਏਨਾ ਘੱਟ ਹੋ ਜਾਂਦਾ ਹੈ ਕਿ ਝਟਕੇ ਲੱਗਣ ਨਾਲ ਵੀ ਮੌਤ ਹੋ ਸਕਦੀ ਹੈ।
ਗਰਮੀਆਂ ਦੇ ਦਿਨਾਂ ਵਿਚ ਲਗਭਗ ਤਾਪਮਾਨ 50 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ, ਜਦੋਂ ਕਿ ਸਰੀਰ ਦਾ ਆਮ ਤਾਪਮਾਨ 37 ਡਿਗਰੀ ਹੀ ਰਹਿੰਦਾ ਹੈ। ਧੁੱਪ ਵਿਚ ਰੱਖੀਆਂ ਵਸਤਾਂ ਏਨੀਆਂ ਗਰਮ ਹੋ ਜਾਂਦੀਆਂ ਹਨ ਕਿ ਹੱਥ ਲਾਉਂਦਿਆਂ ਹੀ ਹੱਥ ਸੜਨ ਲਗਦਾ ਹੈ ਪਰ ਨਿਯੰਤਰਣ-ਕੇਂਦਰ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਵਧਣ ਨਹੀਂ ਦਿੰਦਾ। ਬਹੁਤੀ ਗਰਮੀ ਸਰੀਰ ‘ਚੋਂ ਨਿਕਲਦੀ ਰਹਿੰਦੀ ਹੈ ਅਤੇ ਨਾਲ-ਨਾਲ ਚਮੜੀ ਵਿਚਲੇ ਰੋਮਾਂ ਰਾਹੀਂ ਬਹੁਤ ਸਾਰਾ ਪਸੀਨਾ ਕੱਢ ਦਿੰਦੀ ਹੈ, ਜੋ ਵਾਤਾਵਰਨ ‘ਚ ਵਾਸ਼ਪੀਕਰਨ ਦੇ ਅਨੁਕੂਲ ਹੁੰਦਾ ਹੈ, ਜਿਸ ਨਾਲ ਚਮੜੀ ਨੂੰ ਠੰਢਕ ਪਹੁੰਚਦੀ ਰਹਿੰਦੀ ਹੈ ਅਤੇ ਬਾਹਰੀ ਚਮੜੀ ਦਾ ਤਾਪਮਾਨ ਨਹੀਂ ਵਧਦਾ। ਇਹ ਨਿਯੰਤਰਣ-ਕੇਂਦਰ ਦਿਮਾਗ ‘ਚ ਹੀ ਸਥਿਤ ਰਹਿੰਦਾ ਹੈ ਅਤੇ ਉਸੇ ਦੇ ਆਦੇਸ਼ ‘ਤੇ ਕੰਮ ਕਰਦਾ ਰਹਿੰਦਾ ਹੈ।
ਸਰੀਰ ਦੇ ਗਰਮੀ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਉਸ ਸਮੇਂ ਹੁੰਦੀ ਹੈ ਜਦੋਂ ਵਿਅਕਤੀ ਵਿਸ਼ੇਸ਼ ਬਿਨਾਂ ਕੁਝ ਖਾਧੇ-ਪੀਤੇ ਅਤੇ ਬਿਨਾਂ ਸਿਰ ਢਕੇ ਤੇਜ਼ ਧੁੱਪ ਵਿਚ ਬਾਹਰ ਨਿਕਲ ਜਾਂਦਾ ਹੈ ਅਤੇ ਦੇਰ ਤੱਕ ਗਰਮ ਵਾਤਾਵਰਨ ‘ਚ ਰਹਿੰਦਾ ਹੈ। ਸਿਰ ਨਾ ਢਕਣ ਕਰਕੇ ਸਿਰ ‘ਤੇ ਪੈ ਰਹੀ ਗਰਮੀ ਨਾਲ ਖੂਨ ਵਾਲੀਆਂ ਨਾੜੀਆਂ ਦੇ ਨਿਯੰਤਰਣ-ਕੇਂਦਰ ‘ਤੇ ਅਸਰ ਪੈਂਦਾ ਹੈ ਤਾਂ ਪ੍ਰਭਾਵਿਤ ਵਿਅਕਤੀ ਦੀ ਮੌਤ ਤੱਕ ਹੋ ਸਕਦੀ ਹੈ।
ਲੂ ਬਹੁਤ ਹੀ ਗੰਭੀਰ ਤਰ੍ਹਾਂ ਦਾ ਰੋਗ ਹੈ, ਜਿਸ ਦਾ ਹਮਲਾ ਅਚਾਨਕ ਹੁੰਦਾ ਹੈ ਅਤੇ ਰੋਗੀ ਬੇਹੋਸ਼ ਹੋਣ ਲਗਦਾ ਹੈ। ਸਰੀਰ ਦਾ ਤਾਪਮਾਨ ਵੀ 103 ਡਿਗਰੀ ਤੋਂ ਵਧੇਰੇ ਹੋ ਜਾਂਦਾ ਹੈ, ਜਿਸ ਨਾਲ ਸਰੀਰ ਬੁਰੀ ਤਰ੍ਹਾਂ ਤਪਣ ਲਗਦਾ ਹੈ ਪਰ ਪਸੀਨਾ ਨਹੀਂ ਨਿਕਲਦਾ ਅਤੇ ਇਸ ਕਾਰਨ ਸਰੀਰਕ ਤਾਪਮਾਨ ਹੋਰ ਵਧੇਰੇ ਵਧ ਜਾਂਦਾ ਹੈ। ਰੋਗੀ ਬਹੁਤ ਪ੍ਰੇਸ਼ਾਨ ਜਿਹਾ ਦਿਖਾਈ ਦਿੰਦਾ ਹੈ ਅਤੇ ਬਿਨਾਂ ਕਿਸੇ ਉਦੇਸ਼ ਦੇ ਹਰਕਤਾਂ ਕਰਦਾ ਹੈ। ਸਾਹ ਤੇਜ਼ ਚੱਲਣ ਲਗਦੇ ਹਨ, ਸਰੀਰਕ ਗਰਮੀ ਵਧਣ ਲਗਦੀ ਹੈ। ਖੂਨ ਵਾਲੀਆਂ ਨਾੜੀਆਂ ਫੈਲਣ ਦੀ ਥਾਂ ਵੱਧ ਸੁੰਗੜ ਜਾਂਦੀਆਂ ਹਨ, ਜਿਸ ਨਾਲ ਸਰੀਰ ਦੀ ਗਰਮੀ ਬਾਹਰ ਨਹੀਂ ਨਿਕਲ ਪਾਉਂਦੀ ਅਤੇ ਤਾਪਮਾਨ ਵਧਦਾ-ਵਧਦਾ 110 ਡਿਗਰੀ ਤੱਕ ਪਹੁੰਚ ਜਾਂਦਾ ਹੈ। ਅਜਿਹੀ ਸਥਿਤੀ ‘ਚ ਦੋ ਘੰਟੇ ਦੇ ਅੰਦਰ ਹੀ ਰੋਗੀ ਦੀ ਮੌਤ ਹੋ ਸਕਦੀ ਹੈ।
ਗਰਮੀ ਨਾਲ ਜੋ ਵਧੇਰੇ ਪ੍ਰਭਾਵਿਤ ਹੁੰਦੇ ਹਨ :
* ਵਧੇਰੇ ਦਵਾਈਆਂ ਖਾਣ ਵਾਲੇ ਵਿਅਕਤੀ ਗਰਮੀਆਂ ‘ਚ ਲੂ ਦੇ ਪ੍ਰਭਾਵ ਹੇਠ ਆ ਸਕਦੇ ਹਨ। ਜੋ ਵਿਅਕਤੀ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਦੀਆਂ ਗ੍ਰੰਥੀਆਂ ਦੇ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਣ ਨਾਲ ਬਹੁਤ ਸਾਰਾ ਪਸੀਨਾ ਬਾਹਰ ਨਹੀਂ ਨਿਕਲ ਪਾਉਂਦਾ, ਜਿਸ ਨਾਲ ਚਮੜੀ ਠੰਢੀ ਨਾ ਹੋਣ ਕਾਰਨ ਅੰਦਰੂਨੀ ਗਰਮੀ ਨੂੰ ਬਾਹਰ ਨਹੀਂ ਕੱਢ ਪਾਉਂਦੀ ਅਤੇ ਅਜਿਹੇ ਵਿਅਕਤੀ ਗਰਮੀ ਤੋਂ ਪ੍ਰੇਸ਼ਾਨ ਹੋ ਕੇ ਲੂ ਦੀ ਲਪੇਟ ਵਿਚ ਆ ਜਾਂਦੇ ਹਨ।
* ਕੁਝ ਵਿਅਕਤੀ ਜ਼ਿਆਦਾ ਸ਼ਰਾਬ ਪੀਣ ਦੇ ਆਦੀ ਹੁੰਦੇ ਹਨ। ਸ਼ਰਾਬ ਪੀਣ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਹੈ। ਉਹ ਪਾਣੀ ਵਧੇਰੇ ਨਹੀਂ ਪੀਂਦੇ ਅਤੇ ਸਰੀਰ ਦਾ ਪਾਣੀ ਹੌਲੀ-ਹੌਲੀ ਘਟਦਾ ਰਹਿੰਦਾ ਹੈ। ਨਤੀਜਾ ਉਹ ਲੂਹ ਦੀ ਲਪੇਟ ‘ਚ ਆ ਜਾਂਦੇ ਹਨ।
* ਸੂਤੀ ਕੱਪੜਿਆਂ ਦੀ ਵਰਤੋਂ ਨਾ ਕਰਨ ਨਾਲ, ਸਰੀਰ ‘ਤੇ ਕੱਸੇ ਹੋਏ ਸਿੰਥੈਟਿਕ ਕੱਪੜੇ ਪਹਿਨਣ ਨਾਲ, ਛਾਤੀ ‘ਤੇ ਠੰਢਾ ਪਾਣੀ ਨਾ ਪਾਉਣ ‘ਤੇ ਵੀ ਘਰ ਬੈਠਿਆਂ ਲੂ ਲੱਗ ਸਕਦੀ ਹੈ।
* ਗਰਮੀਆਂ ਦੇ ਦਿਨਾਂ ‘ਚ ਭੱਜ-ਨੱਠ, ਨੱਚਣ-ਟੱਪਣ, ਜ਼ਿਆਦਾ ਕਸਰਤ ਆਦਿ ਕਰਨ ਨਾਲ ਵੀ ਲੂ ਲੱਗਣ ਦਾ ਸਬੱਬ ਬਣ ਸਕਦਾ ਹੈ।
ਲੂ ਦਾ ਇਲਾਜ
ਰੋਗੀ ਨੂੰ ਠੰਢੀ ਜਗ੍ਹਾ ‘ਤੇ ਲਿਟਾ ਦੇਣਾ ਚਾਹੀਦਾ ਹੈ। ਉਸ ਦੇ ਸਾਰੇ ਕੱਪੜੇ ਲਾਹ ਦੇਣੇ ਚਾਹੀਦੇ ਹਨ ਅਤੇ ਪਾਣੀ ‘ਚ ਭਿਉਂ ਕੇ ਚਾਦਰ ਰੋਗੀ ਉੱਪਰ ਦੇਣੀ ਚਾਹੀਦੀ ਹੈ। ਰੋਗੀ ਦੇ ਉੱਪਰ ਲਗਾਤਾਰ ਠੰਢਾ ਪਾਣੀ ਪਾ ਕੇ ਚਾਦਰ ਨੂੰ ਗਿੱਲਾ ਕਰਦੇ ਰਹਿਣਾ ਚਾਹੀਦਾ ਹੈ। ਸਿਰ ‘ਤੇ ਠੰਢੇ ਪਾਣੀ ਦੀ ਪੱਟੀ ਰੱਖ ਦੇਣੀ ਚਾਹੀਦੀ ਹੈ। ਪੱਖਾ ਪੂਰੀ ਰਫ਼ਤਾਰ ਨਾਲ ਚਲਾ ਦੇਣਾ ਚਾਹੀਦਾ ਹੈ ਨਹੀਂ ਤਾਂ ਹੱਥ ਵਾਲੀ ਪੱਖੀ ਨਾਲ ਹਵਾ ਦੇਣੀ ਚਾਹੀਦੀ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿਧੀਆਂ ਨਾਲ ਸਰੀਰ ਦਾ ਤਾਪਮਾਨ 102 ਡਿਗਰੀ ਤੋਂ ਹੇਠਾਂ ਨਾ ਆਵੇ, ਨਹੀਂ ਤਾਂ ਬਲੱਡ ਪ੍ਰੈਸ਼ਰ ਘਟਣ ਨਾਲ ਮੌਤ ਹੋ ਸਕਦੀ ਹੈ। ਰੋਗੀ ਨੂੰ ਹੋਸ਼ ਆਉਣ ‘ਤੇ ਹੇਠ ਲਿਖੇ ਪਦਾਰਥਾਂ ਦੇਣੇ ਚਾਹੀਦੇ ਹਨ:
* ਲੱਸੀ, ਸ਼ਰਬਤ, ਜਲਜ਼ੀਰਾ ਆਦਿ ਪੀਣ ਵਾਲੇ ਪਦਾਰਥ ਪਿਲਾਉਣੇ ਚਾਹੀਦੇ ਹਨ ਪਰ ਧਿਆਨ ਰਹੇ ਕਿ ਪਿਲਾਇਆ ਜਾਣ ਵਾਲਾ ਪਦਾਰਥ ਜ਼ਿਆਦਾ ਗਰਮੀ ਪੈਦਾ ਕਰਨ ਵਾਲਾ ਨਾ ਹੋਵੇ।
* ਗੰਨੇ ਦਾ ਤਾਜ਼ਾ ਰਸ ਰੋਗੀ ਨੂੰ ਪਿਲਾਇਆ ਜਾਵੇ। ਗੰਨਾ ਚੂਪਣਾ ਵਧੇਰੇ ਲਾਭਦਾਇਕ ਹੈ।
* ਗਰਮੀ ਆਉਂਦਿਆਂ ਹੀ ਪਾਣੀ ਜ਼ਿਆਦਾ ਮਾਤਰਾ ਵਿਚ ਪੀਣਾ ਚਾਹੀਦਾ ਹੈ। ਧੁੱਪ ‘ਚ ਨਿਕਲਦੇ ਸਮੇਂ ਪਾਣੀ ਪੀ ਲੈਣਾ ਜ਼ਿਆਦਾ ਫਾਇਦੇਮੰਦ ਹੈ।
* ਕੱਚੇ ਅੰਬ ਨੂੰ ਅੱਗ ‘ਚ ਪਕਾ ਕੇ ਉਸ ‘ਤੇ ਨਮਕ ਪਾ ਕੇ, ਉਸ ਦਾ ਸ਼ਰਬਤ ਪੀਣਾ ਚਾਹੀਦਾ ਹੈ, ਇਹ ਲੂ ਦੀ ਰਾਮਬਾਣ ਦਵਾਈ ਹੈ।
* ਧੁੱਪ ‘ਚ ਨਿਕਲਦੇ ਸਮੇਂ ਸਿਰ ‘ਤੇ ਟੋਪੀ, ਤੌਲੀਆ ਜਾਂ ਹੋਰ ਕੱਪੜਾ ਜ਼ਰੂਰ ਰੱਖਣਾ ਚਾਹੀਦਾ ਹੈ।
* ਗਰਮੀਆਂ ‘ਚ ਸੂਤੀ ਅਤੇ ਖੁੱਲ੍ਹੇ-ਡੁੱਲ੍ਹੇ ਕੱਪੜੇ ਹੀ ਪਹਿਨਣੇ ਚਾਹੀਦੇ ਹਨ।

-ਪੇਸ਼ਕਸ਼-ਸਰੋਜਨੀ ਸ਼ਰਮਾ

Comment here