ਅਪਰਾਧਸਿਆਸਤਖਬਰਾਂ

ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਈਂਡ ਦੀ ਹੋਈ ਪਛਾਣ

ਦੋਸ਼ੀ ਦੀ ਕਾਂਸਟੇਬਲ ਮਹਿਲਾ ਦੋਸਤ ਹਿਰਾਸਤ ’ਚ

ਧਮਾਕੇ ਦਾ ਮਕਸਦ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ—ਡੀਜੀਪੀ
ਚੰਡੀਗੜ੍ਹ-ਲੁਧਿਆਣਾ ਕੋਰਟ ਕੰਪਲੈਕਸ ’ਚ ਹੋਏ ਬੰਬ ਧਮਾਕੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਦੌਰਾਨ ਡੀ. ਜੀ. ਪੀ. ਚਟੋਪਾਧਿਆਏ ਨੇ ਕਿਹਾ ਕਿ ਸਾਡੀ ਪੰਜਾਬ ਪੁਲਸ ਅਤੇ ਇੰਟੈਲੀਜੈਂਸ ਵਿੰਗ ਨੇ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਧਮਾਕੇ ’ਚ ਮਾਰੇ ਗਏ ਵਿਅਕਤੀ ਦੀ ਬਾਂਹ ’ਤੇ ਟੈਟੂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬੰਬ ਲਗਾਉਂਦੇ ਸਮੇਂ ਗਗਨਦੀਪ ਮਾਰਿਆ ਗਿਆ ਸੀ। ਪੰਜਾਬ ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਨੇ 24 ਘੰਟਿਆਂ ਅੰਦਰ ਇਹ ਕੇਸ ਟਰੇਸ ਕੀਤਾ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗਗਨਦੀਪ ਗੱਗੀ ਦੇ ਤੌਰ ’ਤੇ ਹੋਈ ਹੈ, ਜੋ ਕਿ ਪੰਜਾਬ ਪੁਲਸ ਦਾ ਮੁਅੱਤਲ ਮੁਲਾਜ਼ਮ ਸੀ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੈਰੋਇਨ ਸਮੇਤ ਫੜਿ੍ਹਆ ਗਿਆ ਸੀ ਅਤੇ 2 ਸਾਲ ਜੇਲ੍ਹ ’ਚ ਰਹਿਣ ਤੋਂ ਬਾਅਦ ਬਾਹਰ ਆਇਆ ਸੀ।  ਗਗਨਦੀਪ ਨੂੰ 2019 ’ਚ ਨਸ਼ੀਲੇ ਪਦਾਰਥਾਂ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਡੀਜੀਪੀ ਸਿਧਾਰਥ ਚਟੋਪਾਧਿਆਏ ਦਾ ਕਹਿਣਾ ਹੈ ਕਿ ਧਮਾਕੇ ਦਾ ਮਕਸਦ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਸੀ, ਪਰ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਘਟਨਾ ਦੇ ਮਾਸਟਰਮਾਈਂਡ ਨੂੰ ਲੱਭ ਲਿਆ।
ਮਾਸਟਰਮਾਈਂਡ ਗਗਨਦੀਪ ਦੀ ਕਾਂਸਟੇਬਲ ਮਹਿਲਾ ਦੋਸਤ ਹਿਰਾਸਤ ’ਚ
ਬਲਾਸਟ ਮਾਮਲੇ ਵਿਚ ਇਕ ਮਹਿਲਾ ਪੁਲਿਸ ਮੁਲਾਜ਼ਮ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਇਹ ਮਹਿਲਾ ਮੁਲਾਜਮ ਵੀ ਖੰਨਾ ਐਸਐਸਪੀ ਦਫ਼ਤਰ ਵਿਖੇ ਤਾਇਨਾਤ ਦੱਸੀ ਜਾ ਰਹੀ ਹੈ। ਇਹ ਮੁਲਾਜ਼ਮ ਗਗਨਪ੍ਰੀਤ ਸਿੰਘ ਦੀ ਪ੍ਰੇਮਿਕਾ ਦੱਸੀ ਜਾ ਰਹੀ ਹੈ। ਜਿਸ ਨੂੰ ਟੀਮ ਵੱਲੋਂ ਜਾਂਚ ਲਈ ਕਾਬੂ ਕੀਤਾ ਗਿਆ ਹੈ। ਹਾਲਾਂਕਿ ਉਸ ਦੀ ਗ੍ਰਿਫਤਾਰੀ ਅਧਿਕਾਰਤ ਤੌਰ ’ਤੇ ਨਹੀਂ ਕੀਤੀ ਗਈ ਹੈ। ਇਨ੍ਹਾਂ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਸ ਦੇ ਨਾਲ ਹੀ ਜਾਂਚ ਏਜੰਸੀਆਂ ਨੂੰ ਬੰਬ ਧਮਾਕੇ ਦੇ ਨਾਰਕੋ ਅੱਤਵਾਦ ਨਾਲ ਜੁੜੇ ਸੁਰਾਗ ਮਿਲੇ ਹਨ। ਬੰਬ ਧਮਾਕੇ ਦੌਰਾਨ ਸ਼ਹੀਦ ਹੋਏ ਖੰਨਾ ਦੇ ਸਾਬਕਾ ਪੁਲੀਸ ਮੁਲਾਜ਼ਮ ਗਗਨਦੀਪ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਏਜੰਸੀਆਂ ਦੀ ਜਾਂਚ ਦਾ ਕੋਣ ਵੀ ਉਲਟ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਕੋਣ ਗਗਨਦੀਪ ਦੇ ਡਰੱਗ ਸਮੱਗਲਰ ਜਗਦੀਸ਼ ਭੋਲਾ ਨਾਲ ਸਬੰਧਾਂ ਦਾ ਪਤਾ ਲਗਾਉਣਾ ਹੈ।
ਇਸ ਨਵੇਂ ਐਂਗਲ ਨੂੰ ਲੈ ਕੇ ਏਜੰਸੀਆਂ ਦੀ ਚੌਕਸੀ ਵੀ ਵਧ ਗਈ ਹੈ ਕਿਉਂਕਿ ਗਗਨਦੀਪ ਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਨਸ਼ਾ ਤਸਕਰ ਭੋਲਾ ਦਾ ਅਖਾੜਾ ਵੀ ਹੈ। ਗਗਨਦੀਪ ਦਾ ਵੱਡਾ ਭਰਾ ਪਹਿਲਵਾਨ ਹੈ ਅਤੇ ਗਗਨਦੀਪ ਕੁਸ਼ਤੀ ਅਤੇ ਸਰੀਰਕ ਕਸਰਤ ਦਾ ਵੀ ਸ਼ੌਕੀਨ ਸੀ। ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਜਗਦੀਸ਼ ਭੋਲਾ ਦੇ ਗਿਰੋਹ ਨਾਲ ਸੰਪਰਕ ਹੋਣ ਤੋਂ ਬਾਅਦ ਹੀ ਗਗਨਦੀਪ ਨਸ਼ਾ ਤਸਕਰੀ ਅਤੇ ਫਿਰ ਖਾਲਿਸਤਾਨ ਪੱਖੀ ਸੰਗਠਨ ਵਿਚ ਫਸਿਆ?
ਪੁਲਿਸ ਗਗਨਦੀਪ ਦੇ ਦੋ ਸਾਥੀਆਂ ਨੂੰ ਰਿਮਾਂਡ ’ਤੇ ਲੈਣ ਦੀ ਤਿਆਰੀ ਚ
ਪੁਲਿਸ ਗਗਨਦੀਪ ਦੇ ਦੋ ਸਾਥੀਆਂ ਨੂੰ ਲੁਧਿਆਣਾ ਜੇਲ੍ਹ ਤੋਂ ਰਿਮਾਂਡ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਨਾਈਜੀਰੀਅਨ ਹੈਰੀਸਨ ਅਤੇ ਦੂਜਾ ਅਨਮੋਲ ਹੈ। ਇਹ ਦੋਵੇਂ ਗਗਨਦੀਪ ਸਮੇਤ ਹੈਰੋਇਨ ਸਮੇਤ ਫੜੇ ਗਏ ਸਨ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਗਗਨਦੀਪ ਜੇਲ੍ਹ ਵਿੱਚ ਕਿਸ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਆਇਆ ਸੀ।
ਪੁਲਿਸ ਗਗਨਦੀਪ ਦੇ ਭਰਾ ਪ੍ਰੀਤਮ ਨੂੰ ਲੁਧਿਆਣਾ ਲੈ ਗਈ
ਇਸੇ ਦੌਰਾਨ ਲੁਧਿਆਣਾ ਪੁਲੀਸ ਸ਼ੁੱਕਰਵਾਰ ਰਾਤ ਹੀ ਗਗਨਦੀਪ ਦੇ ਭਰਾ ਪ੍ਰੀਤਮ ਨੂੰ ਆਪਣੇ ਨਾਲ ਲੁਧਿਆਣਾ ਲੈ ਗਈ। ਇਸ ਦਾ ਕਾਰਨ ਗਗਨਦੀਪ ਦੀ ਲਾਸ਼ ਦੀ ਪਛਾਣ ਦੱਸੀ ਗਈ। ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਵੀ ਖੰਨਾ ’ਚ ਹੀ ਕੀਤਾ ਜਾ ਸਕਦਾ ਹੈ। ਸ਼ਨੀਵਾਰ ਨੂੰ ਵੀ ਪੁਲਸ ਅਤੇ ਜਾਂਚ ਏਜੰਸੀਆਂ ਦੇ ਅਧਿਕਾਰੀ ਪ੍ਰੋਫੈਸਰ ਕਲੋਨੀ ਸਥਿਤ ਗਗਨਦੀਪ ਦੀ ਰਿਹਾਇਸ਼ ’ਤੇ ਮੌਜੂਦ ਸਨ।
ਬੇਅਦਬੀ ਮਾਮਲਿਆਂ ਦੀ ਜਾਂਚ ਦੀ ਰਿਪੋਰਟ ਛੇਤੀ ਹੋਵੇਗੀ ਨਸ਼ਰ
ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ’ਚ ਹੋਈ ਬੇਅਦਬੀ ਦੀ ਜਾਂਚ ਰਿਪੋਰਟ ਜਲਦ ਹੀ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਚਟੋਪਾਧਿਆਏ ਅਨੁਸਾਰ ਫਿਲਹਾਲ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜਾਂਚ ਟੀਮ ਨੂੰ ਕਈ ਸੁਰਾਗ ਮਿਲੇ ਹਨ।
ਡੀਜੀਪੀ ਨੇ ਕਿਹਾ ਕਿ ਕਪੂਰਥਲਾ ਵਿੱਚ ਹੋਈ ਬੇਅਦਬੀ ਦੀ ਵੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਉਹ ਵਿਅਕਤੀ ਚੋਰੀ ਦੀ ਨੀਅਤ ਨਾਲ ਅੰਦਰ ਗਿਆ ਸੀ। ਫਿਲਹਾਲ ਜਾਂਚ ’ਚ ਬੇਅਦਬੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਅਸੀਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਸਾਡੇ ਸਾਹਮਣੇ ਇੱਕ ਵਿਕਲਪ ਹੈ। ਇਹ ਸਾਡੀ ਤਾਕਤ ਹੈ ਕਿ ਕੋਈ ਡਰ ਨਹੀਂ ਹੈ। ਅਸੀਂ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਪੰਜਾਬ ਪੁਲਿਸ ਨੇ ਕਪੂਰਥਲਾ ਦੇ ਇੱਕ ਗੁਰਦੁਆਰੇ ਦੇ ਮੈਨੇਜਰ (ਕੇਅਰਟੇਕਰ) ਨੂੰ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਕਥਿਤ ਤੌਰ ’ਤੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਤੋਂ ਇਕ ਦਿਨ ਬਾਅਦ, ਪਿੰਡ ਨਿਜ਼ਾਮਪੁਰ ਦੇ ਗੁਰਦੁਆਰੇ ’ਚ ‘ਨਿਸ਼ਾਨ ਸਾਹਿਬ’ ਦੀ ਬੇਅਦਬੀ ਕਰਨ ਦੇ ਦੋਸ਼ ’ਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਨੁਸਾਰ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ-295ਏ (ਧਾਰਮਿਕ ਸਮੂਹਾਂ ਪ੍ਰਤੀ ਨਫ਼ਰਤ ਪੈਦਾ ਕਰਨ), ਧਾਰਾ-307 (ਕਤਲ ਦੀ ਕੋਸ਼ਿਸ਼) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਹਰਿਮੰਦਰ ਸਾਹਿਬ ਵਿੱਚ ਲੱਗੇ ਸਾਰੇ ਕੈਮਰਿਆਂ ਦੀ ਫੁਟੇਜ ਲੈ ਲਈ ਗਈ ਹੈ ਅਤੇ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ’ਚ ਲੈਣ ਦਾ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਅਫ਼ਸਰ ਬਹੁਤ ਸੀਨੀਅਰ ਹਨ। ਉਨ੍ਹਾਂ ਕਿਹਾ ਕਿ ਜਿਸ ਬੇਰਹਿਮੀ ਨਾਲ ਕਪੂਰਥਲਾ ’ਚ ਸ਼ਖਸ ਨੂੰ ਮਾਰਿਆ ਗਿਆ, ਇਹ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ’ਚ ਸ਼ਾਂਤੀਪੂਰਨ ਵੋਟਾਂ ਕਰਵਾਈਆਂ ਜਾਣ ਅਤੇ ਭੈਅ ਦਾ ਕੋਈ ਕਾਰਨ ਨਾ ਹੋਵੇ। ਡੀ. ਜੀ. ਪੀ. ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੇ ਕਮਿਸ਼ਨਰਾਂ ਅਤੇ ਪੁਲਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਹੈ।
ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਜਨਤਾ ਦਾ ਪੂਰਾ ਸਹਿਯੋਗ ਚਾਹੀਦਾ ਹੈ ਤਾਂ ਹੀ ਅਜਿਹੀਆਂ ਵਾਰਦਾਤਾਂ ’ਤੇ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਗਤੀਵਿਧੀ ਦਿਖਦੀ ਹੈ ਤਾਂ ਲੋਕਾਂ ਨੂੰ ਤੁਰੰਤ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਗੁੰਮਰਾਹ ਹੋ ਰਹੇ ਹਨ, ਜਿਨ੍ਹਾਂ ਨੂੰ ਅਸੀਂ ਬਚਾਉਣਾ ਹੈ। ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਤੋਂ ਸੋਹਣੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਪਰਾਧ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Comment here