ਅਪਰਾਧਸਿਆਸਤਖਬਰਾਂ

ਲੁਧਿਆਣਾ ਬੰਬ ਧਮਾਕਾ- ਐੱਨ ਆਈ ਏ ਵੱਲੋਂ ਨਵੀਂ ਐੱਫ ਆਈ ਆਰ ਦਰਜ

ਲੁਧਿਆਣਾ – ਇੱਥੇ 23 ਦਸੰਬਰ ਨੂੰ ਜ਼ਿਲਾ ਕਚਹਿਰੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ  ਨੇ ਪੰਜਾਬ ਪੁਲਿਸ ਤੋਂ ਲੈ ਲਈ ਹੈ। ਏਜੰਸੀ ਨੇ ਇਸ ਮਾਮਲੇ ਵਿੱਚ ਨਵੀਂ ਐਫਆਈਆਰ ਵੀ ਦਰਜ ਕੀਤੀ ਹੈ। ਇਸ ਧਮਾਕੇ ‘ਚ ਬੰਬ ਰੱਖਣ ਵਾਲੇ ਬਰਖਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਏਜੰਸੀ ਨੇ ਜਾਂਚ ਸ਼ੁਰੂ ਕੀਤੀ ਹੈ। ਸ਼ੁਰੂਆਤੀ ਜਾਂਚ ਵਿੱਚ ਗਗਨਦੀਪ ਦੇ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਸਬੰਧ ਪਾਏ ਗਏ ਸਨ। ਉਹ ਜੇਲ੍ਹ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਸੀ। ਉਸ ਨੂੰ 2019 ਵਿਚ ਡਰੱਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਉਹ ਦੋ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਪਿਛਲੇ ਸਾਲ ਸਤੰਬਰ ਵਿੱਚ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਜਾਂਚ ਏਜੰਸੀ ਨੇ ਪਿਛਲੇ ਸਾਲ 31 ਦਸੰਬਰ ਨੂੰ ਜਰਮਨੀ ‘ਚ ਬੈਠੇ ਕੁਝ ਖਾਲਿਸਤਾਨ ਸਮਰਥਕਾਂ ਅਤੇ ਸਿੱਖਸ ਫਾਰ ਜਸਟਿਸ ਦੇ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ ਖਿਲਾਫ ਮਾਮਲਾ ਦਰਜ ਕੀਤਾ ਸੀ। ਮੁਲਤਾਨੀ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਇਸ਼ਾਰੇ ‘ਤੇ ਦਿੱਲੀ ਅਤੇ ਮੁੰਬਈ ‘ਚ ਅੱਤਵਾਦੀ ਹਮਲਿਆਂ ਦੀ ਤਿਆਰੀ ਦਾ ਦੋਸ਼ ਹੈ। ਉਸ ਦੀ ਕੜੀ ਲੁਧਿਆਣਾ ਬੰਬ ਧਮਾਕਿਆਂ ਵਿੱਚ ਵੀ ਸਾਹਮਣੇ ਆਈ ਸੀ। ਮੁਲਤਾਨੀ ਨੂੰ ਪਿਛਲੇ ਮਹੀਨੇ ਜਰਮਨੀ ਵਿਚ ਵੀ ਹਿਰਾਸਤ ਵਿਚ ਲਿਆ ਗਿਆ ਸੀ, ਪਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਐੱਨ ਆਈ ਏ ਨੇ ਕਿਹਾ ਸੀ ਕਿ ਮੁਲਤਾਨੀ ਤੋਂ ਇਲਾਵਾ ਬੱਬਰ ਖਾਲਸਾ ਦਾ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਵੀ ਲੁਧਿਆਣਾ ਧਮਾਕਿਆਂ ‘ਚ ਸ਼ਾਮਲ ਸੀ। ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਅਤੇ ਗ੍ਰੇਨੇਡ ਆਉਣ ਦੇ ਮਾਮਲੇ ਵਿੱਚ ਵੀ ਮੁਲਤਾਨੀ ਦੀ ਮੁੱਖ ਭੂਮਿਕਾ ਹੈ। ਉਹ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਦਾ ਸਬੰਧ ਖਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਮਾ, ਸਾਬੀ ਸਿੰਘ ਅਤੇ ਕੁਲਵੰਤ ਸਿੰਘ ਨਾਲ ਵੀ ਹੈ। ਹਾਲੇ ਹੋਰ ਵੀ ਖੁਲਾਸੇ ਇਸ ਕੇਸ ਚ ਹੋਣ ਦੀ ਸੰਭਾਵਨਾ ਹੈ।

Comment here