ਸਿਆਸਤਖਬਰਾਂ

ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਦੇ ਨਿਸ਼ਾਨੇ ਤੇ ਰਹੀ ਕਾਂਗਰਸ

ਰਾਜਾ ਵੜਿੰਗ ਨੂੰ ਕੀਤਾ ਸੁਆਲ – ਅਕਾਲੀਆਂ ਦੀਆਂ ਬੱਸਾਂ ’ਤੇ ਹੀ ਐਕਸ਼ਨ ਕਿਉਂ?
ਸਿੱਖ ਕਤਲੇਆਮ ਲਈ ਪੰਜਾਬੀ ਕਾਂਗਰਸ ਦਾ ਬਾਈਕਾਟ ਕਰਨ
ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੇ ਮੱਦੇਨਜ਼ਰ ਲੁਧਿਆਣਾ ਪੁੱਜੇ। ਇਥੇ ਉਨ੍ਹਾਂ ਨੇ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਹਮਲਾ ਕੀਤਾ। ਨਾਲ ਹੀ ਉਨ੍ਹਾਂ ਨੇ ਰਾਜਨੀਤਕ ਯੋਜਨਾਕਾਰ ਪ੍ਰਸ਼ਾਂਤ ਕਿਸ਼ੋਰ ਦੀ ਮੁੜ ਪੰਜਾਬ ਕਾਂਗਰਸ ਵਿੱਚ ਨਿਯੁਕਤੀ ਨੂੰ ਲੈ ਕੇ ਟਿੱਪਣੀ ਕੀਤੀ। ਸੁਖਬੀਰ ਬਾਦਲ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਕਾਂਗਰਸੀ ਆਗੂਆਂ ਦੀਆਂ ਬਸਾਂ ਕਿਉਂ ਨਹੀਂ ਬੰਦ ਕਰ ਰਹੇ? ਸਿਰਫ਼ ਅਕਾਲੀ ਆਗੂਆਂ ਦੀਆਂ ਬਸਾਂ ’ਤੇ ਹੀ ਐਕਸ਼ਨ ਕਿਉਂ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਜਨੀਤਕ ਬਦਲਾਖੋਰੀ ਹੈ ਅਤੇ ਉਹ ਜੋ ਚਾਹੁੰਦਾ ਹੈ ਕਰੀ ਜਾਵੇ।
ਸਿੱਖ ਕਤਲੇਆਮ ਦੇ ਪੀੜਤਾਂ ਲਈ ਕੀਤਾ ਐਲਾਨ
ਨਵੀਂ ਦਿੱਲੀ 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ਕਤਲ ਕੀਤੇ ਗਏ ਸਿੱਖਾਂ ਪਰਿਵਾਰਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠ ਵਿੱਚ ਸੁਖਬੀਰ ਬਾਦਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਪਹੁੰਚੇ। ਇਸ ਦੌਰਾਨ ਉਸ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜੋ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕੀਤਾ ਉਸੇ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਰੇ ਪੰਜਾਬੀਆਂ ਨੂੰ ਕਾਂਗਰਸ ਨੂੰ ਨਕਾਰਨਾ ਚਾਹੀਦਾ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪਹਿਲੀ ਹੀ ਕੈਬਨਿਟ ਵਿੱਚ ਪੀੜਿਤ ਪਰਿਵਾਰਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ। ਇਸ ਮੌਕੇ ਵਿਸ਼ਵਕਰਮਾ ਦਿਵਸ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਆਉਣ ’ਤੇ ਲੁਧਿਆਣਾ ਵਿੱਚ ਇੱਕ ਵੱਡਾ ਵਿਸ਼ਵਕਰਮਾ ਸਕਿਲ ਸੈਂਟਰ ਖੋਲ੍ਹਿਆ ਜਾਵੇਗਾ।
ਸਿੱਧੂ ਮਿਸ ਗਾਈਡਡ ਮਿਜ਼ਾਈਲ
ਸੁਖਬੀਰ ਬਾਦਲ ਨੇ ਇਸ ਮੌਕੇ ਪੈਟਰੋਲ ਡੀਜ਼ਲ ਦੇ ਮੁੱਦੇ ਤੇ ਕਿਹਾ ਕਿ ਹੁਣ ਕੇਂਦਰ ਤੋਂ ਬਾਅਦ ਪੰਜਾਬ ਸਰਕਾਰ ਵੀ ਘੱਟੋ ਘੱਟ ਪੈਟਰੋਲ ਤੇ ਡੀਜ਼ਲ ’ਤੇ 10 ਰੁਪਏ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ। ਪ੍ਰਸ਼ਾਂਤ ਕਿਸ਼ੋਰ ਦੀ ਤੈਨਾਤੀ ਨੂੰ ਲੈ ਕੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਇਨ੍ਹਾਂ ਕਾਂਗਰਸੀਆਂ ਵੱਲੋਂ ਸਰਕਾਰ ਬਣਾਈ ਗਈ ਸੀ ਅਤੇ ਅੱਜ ਫੇਰ ਅਜਿਹਾ ਹੀ ਕੀਤਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਿਸ ਗਾਈਡਿਡ ਮਿਜ਼ਾਈਲ ਹੈ ਉਸ ਦਾ ਨਹੀਂ ਪਤਾ ਕਿ ਉਸ ਨੇ ਕਿੱਥੇ ਫਟਣਾ ਹੈ।

Comment here