ਨਾਭਾ-ਬੀਤੇ ਦਿਨੀਂ ਲੁਧਿਆਣਾ ਵਿੱਚ ਕੋਰਟ ਕੰਪਲੈਕਸ ਵਿਚ ਜੋ ਬੰਬ ਧਮਾਕਾ ਹੋਇਆ ਸੀ, ਉਸ ਉਤੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਵੱਲੋਂ ਮੁਸਤੈਦੀ ਨਾਲ ਕੰਮ ਕਰਦੇ ਹੋਏ ਚਾਰ ਦਿਨਾਂ ਵਿੱਚ ਹੀ ਜਰਮਨੀ ਤੋਂ ਧਮਾਕੇ ਦੇ ਮਾਸਟਰਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਦਿੱਤੀ।
ਮਨਿੰਦਰਜੀਤ ਸਿੰਘ ਬਿੱਟਾ ਨੇ ਪੰਜਾਬ ਪੁਲਿਸ ਅਤੇ ਏਜੰਸੀਆਂ ਦੀ ਇਸ ਕੰਮ ਲਈ ਸ਼ਲਾਘਾ ਕੀਤੀ। ਬਿੱਟਾ ਨੇ ਬੇਅਦਬੀਆਂ ਉਤੇ ਬੋਲਦੇ ਹੋਏ ਕਿਹਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਜੋ ਬੇਅਦਬੀ ਹੋਈ ਹੈ, ਉਹ ਇਕ ਵੱਡੀ ਸਾਜ਼ਿਸ਼ ਹੈ, ਪਰ ਕਪੂਰਥਲਾ ਵਿੱਚ ਹੋਈ ਬੇਅਦਬੀ ਨੂੰ ਲੈ ਕੇ ਬਿੱਟਾ ਕਿਹਾ ਕਿ ਇਕ ਨਿਹੱਥੇ ਬੰਦੇ ਦਾ ਕਤਲ ਕੀਤਾ ਗਿਆ, ਇਸੇ ਕਰਕੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਵਿਚ ਪਰਚਾ ਦਰਜ ਕੀਤਾ ਗਿਆ ਹੈ।
ਬਿੱਟਾ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਿਰਫ਼ ਕੁਰਸੀ ਪਿੱਛੇ ਹੀ ਭੱਜਦੀਆਂ ਹਨ। ਬਿੱਟਾ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਵੱਡੇ ਵੱਡੇ ਫ਼ੈਸਲੇ ਲਏ, ਜਿਵੇਂ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਈ, ਰਾਮ ਜਨਮ ਭੂਮੀ ਦਾ ਨਿਰਮਾਣ ਹੋਇਆ, ਕਰਤਾਰਪੁਰ ਸਾਹਿਬ ਦਾ ਕੋਰੀਡੋਰ, ਹੁਣ ਚਾਰੋਂ ਗੁਰਧਾਮਾਂ ਦੀ ਯਾਤਰਾ ਲਈ ਕੰਮ ਹੋ ਰਿਹਾ ਹੈ।
ਨਵਜੋਤ ਸਿੰਘ ਵੱਲੋਂ ਪਿਛਲੇ ਦਿਨੀਂ ਪੁਲਿਸ ਉਤੇ ਕੀਤੀ ਟਿੱਪਣੀ ਬਾਰੇ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਜੇ ਅਸੀਂ ਅੱਜ ਸੁਰੱਖਿਅਤ ਹਾਂ, ਸਾਡਾ ਪੰਜਾਬ ਸੁਰੱਖਿਅਤ ਹੈ ਤਾਂ ਪੰਜਾਬ ਪੁਲਿਸ ਕਰਕੇ ਹੀ ਅੱਜ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ।
ਬਿੱਟਾ ਨੇ ਕਿਹਾ ਕਿ ਸਿੱਧੂ ਸਾਹਿਬ ਨੂੰ ਅਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਇਕ ਅੱਛੇ ਸਿਆਸਤਦਾਨ ਦੇ ਬੇਟੇ ਹਨ। ਅਜਿਹੀਆਂ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ। ਕੇਂਦਰ ਵੱਲੋਂ ਪੰਜਾਬ ਵਿੱਚ ਬੀਐੱਸਐੱਫ ਦਾ ਦਾਇਰਾ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਉਤੇ ਬਿੱਟਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ। ਜੇ ਪੰਜਾਬ ਵਿਚ ਨਸ਼ਾ ਅਤੇ ਅਤਿਵਾਦ ਖ਼ਤਮ ਹੁੰਦਾ ਹੈ ਤਾਂ ਬਹੁਤ ਚੰਗੀ ਗੱਲ ਹੈ।
ਬੀਐਸਐਫ ਦੇ ਜਵਾਨ ਹਿੰਦੁਸਤਾਨ ਦਾ ਹਿੱਸਾ ਹੀ ਹਨ। ਬਿੱਟਾ ਨੇ ਕਿਹਾ ਬੀਐਸਐਫ ਦਾ ਘੇਰਾ 50 ਨਹੀਂ ਸਗੋਂ 100 ਕਿਲੋਮੀਟਰ ਹੋਰ ਵਧਾਉਣਾ ਚਾਹੀਦਾ ਹੈ। ਉਹ ਲੋਕ ਜੋ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਸਿਆਸੀ ਮਕਸਦ ਹਨ।
Comment here