ਲੁਧਿਆਣਾ-ਇੱਥੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕਾ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਇਕ ਸੁਰਾਗ ਹੱਥ ਲੱਗਾ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਖੰਨਾ ਸਿਵਲ ਹਸਪਤਾਲ ਦੀ ਪਾਰਕਿੰਗ ’ਚ ਐਕਟਿਵਾ ਖੜ੍ਹੀ ਕਰਨ ਤੋਂ ਬਾਅਦ ਗਗਨਦੀਪ ਬੱਸ ਜ਼ਰੀਏ ਲੁਧਿਆਣਾ ਪੁੱਜਾ ਸੀ। ਲੁਧਿਆਣਾ ਪੁੱਜਣ ਤੋਂ ਬਾਅਦ ਉਹ ਪੈਦਲ ਹੀ ਕੋਰਟ ਕੰਪਲੈਕਸ ਦੇ ਅੰਦਰ ਗਿਆ ਸੀ। ਉਸ ਸਮੇਂ ਉਸ ਦੇ ਕੋਲ ਇਕ ਬੈਗ ਵੀ ਸੀ, ਉਸ ਦੇ ਬੈਗ ਵਿਚ ਵਿਸਫੋਟਕ ਸਮੱਗਰੀ ਸੀ। ਦਰਅਸਲ ਬੰਬ ਧਮਾਕੇ ਤੋਂ ਬਾਅਦ ਪੁਲਸ ਇਸੇ ਵਿਚ ਉਲਝੀ ਹੋਈ ਸੀ ਕਿ ਆਖ਼ਰ ਗਗਨਦੀਪ ਸਿੰਘ ਖੰਨਾ ਤੋਂ ਲੁਧਿਆਣਾ ਕਿਵੇਂ ਪੁੱਜਾ ਸੀ।
ਉਸ ਦੇ ਨਾਲ ਕੋਈ ਹੋਰ ਵੀ ਸੀ ਜਾਂ ਨਹੀਂ ਪਰ ਹੁਣ ਪੁਲਸ ਨੂੰ ਇਸ ਤਰ੍ਹਾਂ ਦਾ ਕੋਈ ਪੁਖ਼ਤਾ ਸਬੂਤ ਮਿਲਿਆ ਹੈ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਖੰਨਾ ਤੋਂ ਲੁਧਿਆਣਾ ਗਗਨ ਬੱਸ ’ਤੇ ਪੁੱਜਾ ਸੀ। ਘਟਨਾ ਵਾਲੇ ਦਿਨ ਉਹ ਸਵੇਰੇ ਘਰੋਂ ਐਕਟਿਵਾ ’ਤੇ ਨਿਕਲਿਆ ਸੀ ਤਾਂ ਉਸ ਨਾਲ ਉਸ ਦੀ ਪਤਨੀ ਵੀ ਸੀ ਅਤੇ ਉਸ ਕੋਲ ਇਕ ਬੈਗ ਸੀ। ਉਸ ਨੇ ਪਤਨੀ ਨੂੰ ਕਿਤੇ ਛੱਡ ਦਿੱਤਾ ਸੀ। ਇਸ ਤੋਂ ਬਾਅਦ ਖ਼ੁਦ ਸਿਵਲ ਹਸਪਤਾਲ ਪੁੱਜ ਗਿਆ ਸੀ, ਜਿੱਥੇ ਉਸ ਨੇ ਸਿਵਲ ਹਸਪਤਾਲ ਦੀ ਪਾਰਕਿੰਗ ਵਿਚ ਆਪਣੀ ਐਕਟਿਵਾ ਖੜ੍ਹੀ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਕੁੱਝ ਦੂਰ ਚੌਂਕ ਤੋਂ ਲੁਧਿਆਣਾ ਦੀ ਬੱਸ ਫੜ੍ਹੀ ਸੀ ਤਾਂ ਉਸ ਦੇ ਹੱਥ ਵਿਚ ਬੈਗ ਸੀ, ਜਿਸ ਵਿਚ ਵਿਸਫੋਟਕ ਸਮੱਗਰੀ ਸੀ।
ਇੱਥੇ ਦੱਸ ਦੇਈਏ ਕਿ 23 ਦਸੰਬਰ ਨੂੰ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਬਣੇ ਬਾਥਰੂਮ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਕਿ 4 ਜਨਾਨੀਆਂ ਸਮੇਤ 6 ਲੋਕ ਜ਼ਖਮੀ ਹੋ ਗਏ ਸਨ। ਪਹਿਲਾਂ ਮ੍ਰਿਤਕ ਦੀ ਪਛਾਣ ਨਹੀਂ ਹੋਈ ਸੀ ਪਰ ਬਾਅਦ ਵਿਚ ਮ੍ਰਿਤਕ ਦਾ ਪਤਾ ਲੱਗ ਗਿਆ ਸੀ ਕਿ ਉਹ ਖੰਨਾ ਦਾ ਰਹਿਣ ਵਾਲਾ ਗਗਨਦੀਪ ਸਿੰਘ ਸੀ, ਜੋ ਕਿ ਪੰਜਾਬ ਪੁਲਸ ਵਿਚ ਕਾਂਸਟੇਬਲ ਸੀ ਅਤੇ ਸਾਲ 2019 ਵਿਚ ਨਸ਼ੇ ਸਮੇਤ ਫੜਿ੍ਹਆ ਗਿਆ ਸੀ।
ਇਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-5 ਵਿਚ ਮੁਲਜ਼ਮ ਗਗਨਦੀਪ ਸਿੰਘ ਅਤੇ ਅਣਪਛਾਤੇ ਲੋਕਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਐੱਨ. ਆਈ. ਏ. ਨੇ ਕੇਸ ਦਰਜ ਕਰ ਕੇ ਜਾਂਚ ਆਪਣੇ ਹੱਥਾਂ ’ਚ ਲੈ ਲਈ ਹੈ।
Comment here