ਅਪਰਾਧਸਿਆਸਤਖਬਰਾਂ

ਲੁਧਿਆਣਾ ਧਮਾਕਾ ਕੇਸ ’ਚ ਸੁਰੱਖਿਆ ਏਜੰਸੀਆਂ ਨੂੰ ਮਿਲੇ ਅਹਿਮ ਸੁਰਾਗ

ਡੋਂਗਲ ਸਮੇਤ ਇਕ ਲੈਪਟਾਪ ਜ਼ਬਤ
ਲੁਧਿਆਣਾ-ਇੱਥੇ 23 ਦਸੰਬਰ ਨੂੰ ਅਦਾਲਤੀ ਕੰਪਲੈਕਸ ਵਿਚ ਬੰਬ ਧਮਾਕਾ ਹੋਇਆ ਸੀ। ਕੋਰਟ ਕੰਪਲੈਕਸ ’ਚ ਹੋਏ ਬੰਬ ਧਮਾਕੇ ਦੀ ਜਾਂਚ ਕਰਦੇ ਹੋਏ ਸੁਰੱਖਿਆ ਏਜੰਸੀਆਂ ਜਰਮਨ ਤੱਕ ਪੁੱਜ ਗਈਆਂ ਹਨ। ਘਟਨਾ ਤੋਂ ਬਾਅਦ ਮੌਕੇ ਤੋਂ ਸੁਰੱਖਿਆ ਏਜੰਸੀਆਂ ਨੂੰ ਇਕ ਡੋਂਗਲ ਮਿਲਿਆ ਸੀ। ਉਸ ਡੋਂਗਲ ਦੀ ਮਦਦ ਨਾਲ ਉਨ੍ਹਾਂ ਨੂੰ ਕਈ ਅਹਿਮ ਸੁਰਾਗ ਹੱਥ ਲੱਗੇ ਸਨ। ਇਸ ਤੋਂ ਇਲਾਵਾ ਗਗਨ ਦੇ ਘਰ ਇਕ ਲੈਪਟਾਪ ਮਿਲਿਆ ਸੀ। ਏਜੰਸੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਚੈੱਕ ਕੀਤਾ ਅਤੇ ਉਸ ਦੇ ਅੰਦਰ ਕਈ ਸੁਰਾਗ ਮਿਲੇ ਸਨ।
ਬੰਬ ਧਮਾਕੇ ਤੋਂ 6 ਦਿਨਾਂ ਬਾਅਦ ਵੀ ਸੁਰੱਖਿਆ ਏਜੰਸੀਆਂ ਨੇ ਹੁਣ ਤੱਕ ਬਾਥਰੂਮ ਦਾ ਮਲਬਾ ਨਹੀਂ ਹਟਵਾਇਆ। ਘਟਨਾ ਸਥਾਨ ਨੂੰ ਉਸੇ ਦਿਨ ਸੀਲ ਕਰ ਦਿੱਤਾ ਗਿਆ ਸੀ। ਬੀਤੇ ਸੋਮਵਾਰ ਨੂੰ ਵੀ ਸੁਰੱਖਿਆ ਏਜੰਸੀਆਂ ਨੇ ਮੌਕੇ ’ਤੇ ਪੁੱਜ ਕੇ ਮਲਬੇ ਦੀ ਜਾਂਚ ਕੀਤੀ ਸੀ ਤਾਂ ਕਿ ਕੋਈ ਹੋਰ ਵੀ ਸਬੂਤ ਹੱਥ ਲੱਗ ਸਕੇ। ਹਾਲਾਂਕਿ ਉਥੇ ਕਿਸੇ ਹੋਰ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।
ਬਲਾਸਟ ਤੋਂ ਬਾਅਦ ਪੰਨੂ ਦੀ ਰਿਕਾਰਡਿੰਗ ਵਾਲੀਆਂ ਕਾਲਾਂ
23 ਦਸੰਬਰ ਨੂੰ ਅਦਾਲਤੀ ਕੰਪਲੈਕਸ ਵਿਚ ਬੰਬ ਧਮਾਕਾ ਹੋਇਆ ਸੀ। ਉਸੇ ਦਿਨ ਤੋਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੀ ਆਵਾਜ਼ ਵਾਲੀ ਰਿਕਾਰਡਿੰਗ ਦੀਆਂ ਪੰਜਾਬ ਦੇ ਲੋਕਾਂ ਨੂੰ ਕਾਲਾਂ ਆਉਣ ਲੱਗੀਆਂ ਸਨ, ਜੋ ਕਿ ਵਿਦੇਸ਼ੀ ਨੰਬਰਾਂ ਤੋਂ ਆਉਂਦੀਆਂ ਸਨ। ਉਸ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਇਆ ਜਾਂਦਾ ਸੀ ਅਤੇ ਗਲਤ ਕੰਮ ਲਈ ਉਕਸਾਇਆ ਜਾਂਦਾ ਸੀ। ਏਜੰਸੀਆਂ ਨੇ ਉਕਤ ਕਾਲਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਗਨਦੀਪ ਦਾ ਜੇਲ ’ਚ ਰਹਿੰਦਿਆਂ ਪਾਕਿ ਨਾਲ ਹੋਇਆ ਸੀ ਸੰਪਰਕ
ਬੰਬ ਧਮਾਕੇ ਦਾ ਮੁੱਖ ਮੁਲਜ਼ਮ ਗਗਨਦੀਪ ਦੋ ਸਾਲ ਤੱਕ ਜੇਲ ’ਚ ਰਿਹਾ ਸੀ। ਇਸ ਦੌਰਾਨ ਉਸ ਦਾ ਸੰਪਰਕ ਨਸ਼ਾ ਸਮੱਗਲਰਾਂ ਨਾਲ ਹੋਇਆ ਸੀ। ਨਸ਼ਾ ਸਮੱਗਲਿੰਗ ਵਿਚ ਫੜੇ ਜਾਣ ਤੋਂ ਬਾਅਦ ਗਗਨ ਦੀ ਨੌਕਰੀ ਚਲੀ ਗਈ ਸੀ ਅਤੇ ਉਸ ਦੀ ਜ਼ਿੰਦਗੀ ਖਰਾਬ ਹੋ ਗਈ ਸੀ। ਇਸ ਸੋਚ ਨਾਲ ਉਹ ਕਾਫੀ ਗੁੱਸੇ ਵਿਚ ਸੀ। ਇਸ ਲਈ ਨਸ਼ਾ ਸਮੱਗਲਰਾਂ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਗਗਨ ਦਾ ਸੰਪਰਕ ਪਾਕਿਸਤਾਨ ਵਿਚ ਬੈਠੇ ਕੁਝ ਲੋਕਾਂ ਨਾਲ ਕਰਵਾਇਆ ਸੀ, ਜਿਸ ਵਿਚ ਰਿੰਦਾ ਵੀ ਸ਼ਾਮਲ ਹੈ। ਅੱਤਵਾਦੀਆਂ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਉਸ ਨੂੰ ਮੋਹਰਾ ਬਣਾ ਲਿਆ ਅਤੇ ਉਸ ਜ਼ਰੀਏ ਫਿਰ ਲੁਧਿਆਣਾ ਵਿਚ ਬੰਬ ਧਮਾਕਾ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਜੇਲ ਤੋਂ ਬਾਹਰ ਆ ਕੇ ਗਗਨ ਅੰਮ੍ਰਿਤਸਰ ਵੀ ਇਕ-ਦੋ ਵਾਰ ਗਿਆ ਸੀ। ਹਾਲਾਂਕਿ ਪੁਲਸ ਇਸ ਐਂਗਲ ’ਤੇ ਵੀ ਜਾਂਚ ਕਰ ਰਹੀ ਹੈ।
ਰਣਜੀਤ ਅਤੇ ਸੁਖਵਿੰਦਰ ਤੋਂ ਪੁੱਛਗਿੱਛ ਜਾਰੀ
ਜੇਲ ਦੇ ਅੰਦਰ ਗਗਨ ਦੇ ਸਭ ਤੋਂ ਨੇੜੇ ਰਹਿਣ ਵਾਲੇ ਰਣਜੀਤ ਅਤੇ ਸੁਖਵਿੰਦਰ ਸਿੰਘ ਤੋਂ ਸੀ. ਆਈ. ਏ.-1 ਵਿਚ ਲਗਾਤਾਰ ਪੁੱਛਗਿਛ ਜਾਰੀ ਹੈ। ਹਾਲਾਂਕਿ ਏਜੰਸੀਆਂ ਅਤੇ ਪੁਲਸ ਨੂੰ ਬਹੁਤ ਕੁਝ ਪਤਾ ਲੱਗਾ ਹੈ ਪਰ ਇਸ ਸਬੰਧੀ ਅਜੇ ਕੋਈ ਬੋਲਣ ਲਈ ਤਿਆਰ ਨਹੀਂ ਹੈ।

Comment here