ਅਪਰਾਧਸਿਆਸਤਖਬਰਾਂਦੁਨੀਆ

ਲੁਧਿਆਣਾ ਦੇ 24 ਲੋਕ ਅਫਗਾਨਿਸਤਾਨ ਚ ਫਸੇ

ਲੁਧਿਆਣਾ- ਤਾਲਿਬਾਨਾਂ ਵਲੋਂ ਅਫਗਾਨਿਸਤਾਨ ਵਿਚ ਸੱਤਾ ਹਥਿਆ ਲੈਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਵਸਦੇ ਭਾਰਤੀ ਵੀ ਹਫੜਾ-ਦਫੜੀ ਵਿਚਕਾਰ ਫਸੇ ਹੋਏ ਹਨ। ਇਨ੍ਹਾਂ ਵਿੱਚੋਂ 24 ਲੋਕ ਲੁਧਿਆਣਾ ਦੇ ਵੀ ਹਨ। ਇਨ੍ਹਾਂ ਲੋਕਾਂ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਚ ਸ਼ਰਨ ਲਈ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 200 ਦੇ ਕਰੀਬ ਭਾਰਤੀਆਂ ਨੇ ਗੁਰਦੁਆਰਾ ਸਾਹਿਬ ਵਿਚ ਸ਼ਰਨ ਲਈ ਹੋਈ ਹੈ। ਇਹ ਲੋਕ ਕਿਸੇ ਭਾਰਤੀ ਉਡਾਣ ਦਾ ਇੰਤਜ਼ਾਰ ਕਰ ਰਹੇ ਹਨ। ਦਹਿਸ਼ਤ ਵਿਚ ਫਸੇ ਇਹ ਲੋਕ ਘਰ ਵਾਪਸ ਆਉਣਾ ਚਾਹੁੰਦੇ ਹਨ। ਇਸਦੇ ਲਈ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਮੰਗਲਵਾਰ ਸ਼ਾਮ ਤਕ ਭਾਰਤ ਸਰਕਾਰ ਦੁਆਰਾ ਉਨ੍ਹਾਂ ਨੂੰ ਇਕ ਉਡਾਣ ਮੁਹੱਈਆ ਕਰਵਾਈ ਜਾ ਸਕਦੀ ਹੈ, ਤਾਂ ਜੋ ਉਹ ਘਰ ਪਰਤ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਡਰ ਦਾ ਮਾਹੌਲ ਹੈ। ਸਾਰੇ ਬਾਜ਼ਾਰ ਬੰਦ ਹਨ। ਨਿਊ ਸ਼ਿਵਪੁਰੀ ਦੇ ਸੰਤੋਖ ਨਗਰ ਦੇ ਵਸਨੀਕ ਸ਼ੇਰ ਸਿੰਘ ਅਤੇ ਉਸਦੀ ਪਤਨੀ ਬੇਬੀ ਕੌਰ ਵੀ ਕਾਬੁਲ ਵਿਚ ਫਸੇ ਹੋਏ ਹਨ। ਉਨ੍ਹਾਂ ਦੇ ਬੱਚੇ ਲੁਧਿਆਣਾ ਵਿਚ ਹਨ। ਉਹ ਕਾਰੋਬਾਰ ਦੇ ਸਿਲਸਿਲੇ ਵਿਚ ਉੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਸ਼ੇਰ ਸਿੰਘ ਮੂਲ ਰੂਪ ਤੋਂ ਲੁਧਿਆਣਾ ਦੇ ਹਨ, ਪਰ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਜਨਮ ਕਾਬੁਲ ਵਿਚ ਹੋਇਆ ਸੀ। ਉਹ ਕਾਬੁਲ ਦੇ ਸ਼ੋਰ ਬਾਜ਼ਾਰ ਇਲਾਕੇ ਦੇ ਵਸਨੀਕ ਹਨ। ਉਨ੍ਹਾਂ ਦੀਆਂ ਦੋ ਧੀਆਂ ਪਰਮਜੀਤ ਕੌਰ ਉਰਫ ਚੰਦਾ, ਸਵੀ ਕੌਰ, ਦੋ ਪੁੱਤਰ ਅਮਰੀਕ ਸਿੰਘ ਉਰਫ ਜੈਕੀ ਅਤੇ ਹਰਦੇਵ ਸਿੰਘ ਉਰਫ ਜਿੰਮੀ ਹਨ। ਸਾਰਿਆਂ ਦਾ ਵਿਆਹ ਲੁਧਿਆਣਾ ਵਿਚ ਹੀ ਹੋਇਆ ਹੈ। ਉਨ੍ਹਾਂ ਦਾ ਕਾਬੁਲ ਵਿਚ ਮਸਾਲੇ ਅਤੇ ਸੁੱਕੇ ਮੇਵੇ ਦਾ ਕਾਰੋਬਾਰ ਹੈ। ਇਹ ਦੋਵੇਂ ਸਾਲ ਵਿਚ ਇਕ ਵਾਰ ਬੱਚਿਆਂ ਨੂੰ ਮਿਲਣ ਲੁਧਿਆਣਾ ਜਾਂਦੇ ਸਨ। ਜਿਵੇਂ ਹੀ ਕਾਬੁਲ ‘ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ, ਤਾਲਿਬਾਨ ਦੇ ਲੋਕ ਐਤਵਾਰ ਨੂੰ ਹਰ ਘਰ ਵਿਚ ਗਏ। ਉਨ੍ਹਾਂ ਦੇ ਘਰ ਵੀ ਗਏ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਕੋਲ ਕੋਈ ਹਥਿਆਰ ਹੈ? ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਉਹ ਵਾਪਸ ਚਲੇ ਗਏ। ਉਦੋਂ ਤੋਂ ਉਨ੍ਹਾਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਹ ਕਿਸੇ ਵੀ ਤਰੀਕੇ ਨਾਲ ਲੁਧਿਆਣਾ ਪਹੁੰਚਣਾ ਚਾਹੁੰਦੇ ਹਨ। ਉਨ੍ਹਾਂ ਦੇ ਨਾਲ ਲੁਧਿਆਣਾ ਵਾਸੀ ਦਰਸ਼ਨ ਸਿੰਘ, ਭੋਲੀ ਕੌਰ, ਮਾਨ ਸਿੰਘ, ਖਿੰਨਾ ਸਿੰਘ, ਡੋਡੀ ਸਿੰਘ, ਗੁਰਪ੍ਰੀਤ ਸਿੰਘ, ਰਾਜੇਸ਼ ਸਿੰਘ, ਮੋਂਟੂ ਸਿੰਘ, ਜੱਸੀ ਕੌਰ, ਗਾਮਾ ਸਿੰਘ, ਟਾਟੀ ਸਿੰਘ, ਨੌਨੂੰ ਸਿੰਘ, ਚੂਚਾ ਸਿੰਘ, ਹਰਦਿੱਤ ਸਿੰਘ ਹਾਰੋ, ਅਮਰੀਕ ਆਦਿ ਹਾਜ਼ਰ ਸਨ। ਬਾਦਲ ਸਿੰਘ, ਗੌਣ ਸਿੰਘ ਅਤੇ ਰੇਣੂ ਕੌਰ ਵੀ ਇਨ੍ਹਾਂ ਵਿਚ ਸ਼ਾਮਲ ਹਨ। ਉਹ ਉੱਥੇ ਕਾਰਪੇਟ, ​ਕੱਪੜੇ, ਭਾਂਡੇ ਅਤੇ ਹੌਜ਼ਰੀ ਚੀਜ਼ਾਂ ਵੇਚਣ ਦਾ ਕੰਮ ਕਰਦੇ ਹਨ। ਸਵੀ ਕੌਰ ਨੇ ਦੱਸਿਆ ਕਿ ਜਦੋਂ ਤੋਂ ਮਾਹੌਲ ਖ਼ਰਾਬ ਹੋਇਆ ਹੈ। ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਫ਼ੋਨ ‘ਤੇ ਲਗਾਤਾਰ ਸੰਪਰਕ ਵਿਚ ਹਨ। ਕਾਬੁਲ ਵਿਚ ਕਰਫਿਊ ਲਾਗੂ ਹੈ। ਸਾਰੇ ਬਾਜ਼ਾਰ ਬੰਦ ਹਨ। ਲੁਧਿਆਣਾ ਵਾਪਸ ਆਉਣ ਦੇ ਨਾਲ-ਨਾਲ ਉਹ ਖਾਣ-ਪੀਣ ਨੂੰ ਲੈ ਕੇ ਵੀ ਚਿੰਤਤ ਹੈ। ਉੱਥੇ ਰਹਿ ਰਹੇ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਗੁਰਦੁਆਰਾ ਸਾਹਿਬ ਵਿਚ ਲੋੜੀਂਦਾ ਰਾਸ਼ਨ ਨਹੀਂ ਹੈ। ਸਵੀ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮਾਪਿਆਂ ਨਾਲ ਫਸੇ ਸਾਰੇ ਭਾਰਤੀਆਂ ਨੂੰ ਘਰ ਲਿਆਂਦਾ ਜਾਵੇ। ਉੱਥੇ ਰਹਿਣ ਵਾਲੇ ਲੋਕਾਂ ਨੇ ਸੂਚੀ ਭਾਰਤ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉੱਥੋਂ ਕੱਢਣ ਦੀ ਬੇਨਤੀ ਵੀ ਕੀਤੀ ਗਈ ਹੈ। ਇਧਰ ਭਾਰਤ ਸਰਕਾਰ ਲਗਾਤਾਰ ਭਰੋਸਾ ਦੇ ਰਹੀ ਹੈ ਕਿ ਆਪਣੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਲਿਆਂਦਾ ਜਾਵੇਗਾ, ਚਾਰਾਜੋਈ ਜਾਰੀ ਹੈ।

Comment here