ਲੁਧਿਆਣਾ-ਲੁੱਟਾਂ-ਖੋਹਾਂ ਕਾਰਨ ਤੰਗ ਆਏ ਲੋਕਾਂ ਦਾ ਗੁੱਸਾ ਸ਼ੁੱਕਰਵਾਰ ਉਸ ਸਮੇਂ ਹੱਦਾਂ ਪਾਰ ਕਰ ਲਿਆ। ਜਦੋਂ ਲੋਕਾਂ ਨੇ ਦੋ ਨੌਜਵਾਨਾਂ ਨੂੰ ਮੋਬਾਈਲ ਖੋਹਣ ਦੇ ਸ਼ੱਕ ਵਿੱਚ ਫੜ ਲਿਆ ਅਤੇ ਉਨ੍ਹਾਂ ਨੂੰ ਪੁਲਿਸ ਹਵਾਲੇ ਕਰਨ ਦੀ ਭਜਾ ਭਜਾ ਕੇ ਕੁੱਟਿਆ। ਲੋਕਾਂ ਨੇ ਹੱਦਾਂ ਪਾਰ ਕਰਦੇ ਹੋਏ ਦੋਵੇਂ ਨੌਜਵਾਨਾਂ ਨੂੰ ਨੰਗਾ ਕਰਕੇ ਭਜਾਇਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮਾਮਲਾ ਲੁਧਿਆਣਾ ਦੇ ਸ਼ੇਰਪੁਰ ਫੌਜੀ ਕਾਲੋਨੀ ਦਾ ਦੱਸਿਆ ਜਾ ਰਿਹਾ ਹੈ, ਜਿਥੇ ਲੋਕਾਂ ਨੇ 2 ਨੌਜਵਾਨਾਂ ਨੂੰ ਲੁੱਟ ਖੋਹ ਦੇ ਸ਼ੱਕ ਵਿੱਚ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਫੌਜੀ ਕਾਲੋਨੀ ਦੇ ਵਸਨੀਕ ਸੁਨੀਲ ਗੋਇਲ ਅਤੇ ਜਤਿਨ ਦਵਾਈ ਲੈ ਕੇ ਰੇਲਵੇ ਲਾਈਨਾਂ ਕੋਲ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਦੋਵਾਂ ਨੂੰ ਦੋ ਨੌਜਵਾਨਾਂ ਨੇ ਰੋਕ ਲਿਆ ਅਤੇ ਮੋਬਾਈਲ ਤੇ ਪੈਸੇ ਖੋਹਣ ਲੱਗੇ। ਜਦੋਂ ਦੋਵੇਂ ਨੌਜਵਾਨਾਂ ਨੇ ਰੋਲਾ ਪਾਇਆ ਤਾਂ ਆਸੇ ਪਾਸੇ ਲੋਕ ਇਕੱਠੇ ਹੋ ਗਏ, ਜਿਸ ਨੂੰ ਵੇਖ ਕੇ ਲੁੱਟ ਖੋਹ ਕਰਨ ਵਾਲੇ ਭੱਜਣ ਲੱਗੇ, ਪਰ ਲੋਕਾਂ ਨੇ ਦੋਵੇਂ ਕਥਿਤ ਦੋਸ਼ੀ ਨੌਜਵਾਨਾਂ ਨੂੰ ਫੜ ਲਿਆ ਅਤੇ ਖੁਦ ਸਜ਼ਾ ਦੇਣਾ ਯਕੀਨੀ ਬਣਾਇਆ।
ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਕੁਟਾਪਾ ਚਾੜਿਆ। ਦੋਵੇਂ ਹੱਥ ਜੋੜ ਕੇ ਛੱਡਣ ਦੀ ਅਪੀਲ ਵੀ ਕਰ ਰਹੇ ਸਨ, ਪਰੰਤੂ ਗੁੱਸੇ ‘ਚ ਆਏ ਲੋਕਾਂ ਨੇ ਇੱਕ ਨਹੀਂ ਸੁਣੀ ਅਤੇ ਉਨ੍ਹਾਂ ਦੇ ਕੱਪੜੇ ਉਤਰਵਾ ਲਏ। ਇਸ ਪਿੱਛੋਂ ਭੀੜ ਨੇ ਉਨ੍ਹਾਂ ਨੂੰ ਕਾਲੋਨੀ ਵਿੱਚ ਨੰਗਾ ਹੀ ਭਜਾ ਭਜਾ ਕੇ ਕੁੱਟਿਆ। ਕਥਿਤ ਦੋਸ਼ੀ ਨੌਜਵਾਨ ਅੱਗੇ ਅੱਗੇ ਸਨ ਅਤੇ ਲੋਕ ਪਿੱਛੇ ਪਿੱਛੇ ਭੱਜ ਰਹੇ ਸਨ। ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾ ਕੇ ਵਾਇਰਲ ਕਰ ਦਿੱਤੀ। ਹਾਲਾਂਕਿ ਪੁਲਿਸ ਵੱਲੋਂ ਵੀਡੀਓ ਬਾਰੇ ਕੋਈ ਗੱਲ ਨਹੀਂ ਕਹੀ ਗਈ ਹੈ। ਪਰੰਤੂ ਵੀਡੀਓ ਵਿੱਚ ਇੱਕ ਨੌਜਵਾਨ ਸ਼ੇਰਪੁਰ ਫੌਜੀ ਕਾਲੋਨੀ ਬੋਲਦਾ ਸੁਣਾਈ ਦੇ ਰਿਹਾ ਹੈ।
Comment here