ਅਪਰਾਧਸਿਆਸਤਖਬਰਾਂ

ਲੁਧਿਆਣਾ ਕਚਹਿਰੀ ਚ ਬੰਬ ਧਮਾਕਾ, ਪੰਜਾਬ ’ਚ ਹਾਈ ਅਲਰਟ ਜਾਰੀ

2 ਲੋਕਾਂ ਦੀ ਹੋਈ ਮੌਤ ਤੇ 6 ਗੰਭੀਰ ਜ਼ਖਮੀ, ਫਿਦਾਈਨ ਹਮਲੇ ਦਾ ਖ਼ਦਸ਼ਾ
ਐੱਨ. ਆਈ. ਏ. ਦੀ ਟੀਮ ਫਾਰੈਂਸਿਕ ਟੀਮ ਨਾਲ ਮਿਲ ਕੇ ਕਰੇਗੀ ਧਮਾਕੇ ਦੀ ਜਾਂਚ
ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
ਵਿਸ਼ੇਸ਼ ਰਿਪੋਰਟ (ਜਸਪਾਲ ਸਿੰਘ)-ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ਦੀ ਤੀਜੀ ਮੰਜ਼ਿਲ ’ਚ ਹੋਏ ਵੱਡੇ ਧਮਾਕੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਦੀ ਜਾਣਕਾਰੀ ਲੁਧਿਆਣਾ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਦਿੱਤੀ ਗਈ ਹੈ। ਪੁਲਸ ਮੁਤਾਬਕ ਇਹ ਧਮਾਕਾ ਕਚਹਿਰੀ ਦੀ ਦੂਜੀ ਮੰਜ਼ਿਲ ’ਚ ਬਣੇ ਬਾਥਰੂਮ ’ਚ ਹੋਇਆ। ਜਿਸ ਸਮੇਂ ਧਮਾਕਾ ਹੋਇਆ, ਉਸ ਸਮੇਂ ਕਚਹਿਰੀ ’ਚ ਕੰਮਕਾਜ ਚੱਲ ਰਿਹਾ ਸੀ। ਫਿਲਹਾਲ ਪੁਲਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਸੂਤਰ ਦੱਸਦੇ ਹਨ ਕਿ ਜਿਸ ਬਾਥਰੂਮ ਵਿਚ ਇਹ ਧਮਾਕਾ ਹੋਇਆ, ਉਥੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼ ਬਰਾਮਦ ਹੋਈ ਹੈ ਅਤੇ ਇਹ ਲਾਸ਼ ਬੰਬ ਲੈ ਕੇ ਆਉਣ ਵਾਲੇ ਦੀ ਹੀ ਹੋ ਸਕਦੀ ਹੈ। ਜਾਂਚ ਲਈ ਐੱਨ. ਆਈ. ਏ. ਦੀ ਦੋ ਮੈਂਬਰੀ ਟੀਮ ਵੀ ਚੰਡੀਗੜ੍ਹੋਂ ਮੌਕੇ ’ਤੇ ਪਹੁੰਚੀ ਹੈ। ਐੱਨ. ਆਈ. ਏ. ਦੀ ਟੀਮ ਪੰਜਾਬ ਪੁਲਸ ਦੀ ਫਾਰੈਂਸਿਕ ਟੀਮ ਨਾਲ ਮਿਲ ਕੇ ਧਮਾਕੇ ਦੀ ਜਾਂਚ ਕਰੇਗੀ।
ਫਾਰੈਂਸਿਕ ਟੀਮਾਂ ਲੁਧਿਆਣਾ ਲਈ ਰਵਾਨਾ
ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਫਾਰੈਂਸਿਕ ਟੀਮਾਂ ਧਮਾਕੇ ਵਾਲੀ ਥਾਂ ’ਤੇ ਪਹੁੰਚ ਰਹੀਆਂ ਹਨ, ਜੋ ਘਟਨਾ ਵਾਲੀ ਥਾਂ ਤੋਂ ਸੈਂਪਲ ਲੈਣਗੀਆਂ। ਇਸ ਘਟਨਾ ਦੀ ਮੁੱਢਲੀ ਜਾਂਚ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਪੁਲਸ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਕੁੱਝ ਵੀ ਕਹਿਣਾ ਮੁਸ਼ਕਲ ਹੈ ਅਤੇ ਜਾਂਚ ਚੱਲ ਰਹੀ ਹੈ।
ਇਲਾਕੇ ਅੰਦਰ ਹੋਰ ਸਖ਼ਤ ਕੀਤੇ ਗਏ ਸੁਰੱਖਿਆ ਪ੍ਰਬੰਧ
ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਰਾਜ ਬਚਨ ਸਿੰਘ ਸੰਧੂ ਵੱਲੋਂ ਵੀ ਲੁਧਿਆਣਾ ਦਿਹਾਤੀ ਦੇ ਇਲਾਕੇ ਅੰਦਰ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ। ਮੁੱਲਾਂਪੁਰ ਦਾਖਾ ਵਿਖੇ ਕਾਂਗਰਸੀ ਰੈਲੀ ਦੌਰਾਨ ਐੱਸ. ਐੱਸ. ਪੀ. ਰਾਜ ਬਚਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਰੈਲੀ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਸਮਾਨ ਜਾ ਸ਼ੱਕੀ ਵਿਅਕਤੀ ਨਜ਼ਰ ਆਵੇ ਤਾ ਉਸ ਦੀ ਸੂਚਨਾ ਤੁਰੰਤ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਜਾਵੇ।
ਫਿਦਾਈਨ ਹਮਲੇ ਦਾ ਖ਼ਦਸ਼ਾ
ਸੂਤਰਾਂ ਮੁਤਾਬਕ ਇਸ ਹਮਲੇ ਨੂੰ ਫਿਦਾਈਨ ਹਮਲੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਦੋਵੇਂ ਵਿਅਕਤੀ ਹੀ ਬੋਮਰ ਸਨ। ਸੂਤਰਾਂ ਮੁਤਾਬਕ ਮ੍ਰਿਤਕ ਬਾਥਰੂਮ ਦੇ ਅੰਦਰ ਉਹ ਬੰਬ ਆਪਰੇਟ ਕਰਨ ਗਏ ਸਨ, ਇਸ ਦੌਰਾਨ ਬੰਬ ਬਲਾਸਟ ਹੋ ਗਿਆ। ਇਹ ਬਲਾਸਟ ਲਗਭਗ 12.15 ਵਜੇ ਹੋਇਆ, ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਾਥਰੂਮ ਦੇ ਨਾਲ ਲੱਗਦੀਆਂ ਕੰਧਾਵਾਂ ਵੀ ਢਹਿ ਢੇਰੀ ਹੋ ਗਈਆਂ। ਉਧਰ ਧਮਾਕ ਤੋਂ ਬਾਅਦ ਪੁਲਸ ਵਲੋਂ ਕੋਰਟ ਕੰਪਲੈਕਸ ਅਤੇ ਨਾਲ ਲੱਗਦੇ ਡੀ. ਸੀ. ਕੰਪਲੈਕਸ ਨੂੰ ਵੀ ਖਾਲ੍ਹੀ ਕਰਵਾ ਲਿਆ ਗਿਆ ਪਰ ਇਸ ਦੌਰਾਨ ਧਰਨੇ ’ਤੇ ਬੈਠੇ ਕਿਸਾਨ ਉਥੇ ਹੀ ਬੈਠੇ ਰਹੇ।
ਧਮਾਕੇ ਤੋਂ ਬਾਅਦ ਜਾਰੀ ਹੋਇਆ ਹਾਈ ਅਲਰਟ
ਇਸ ਧਮਾਕੇ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪਠਾਨਕੋਟ ਏਅਰਬੇਸ ਨੇੜੇ ਵੀ ਧਮਾਕਾ ਹੋਇਆ ਸੀ। ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਵਿਚ ਹਥਿਆਰ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ। ਇਸ ਤੋਂ ਬਾਅਦ ਪੰਜਾਬ ਵਿਚ ਅਲਰਟ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੋਰਟ ਕੰਪਲੈਕਸ ਵਿਚ ਇੰਨਾ ਜ਼ਬਰਦਸਤ ਧਮਾਕਾ ਹੋਣਾ ਪੁਲਸ ਅਤੇ ਖੁਫੀਆ ਏਜੰਸੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ—ਚਰਨਜੀਤ ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਵੀ ਸੁਚੇਤ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਥੇ ਇਹ ਵੀ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਹੁਣ ਲੁਧਿਆਣਾ ਜਾਣਗੇ, ਜਿੱਥੇ ਉਹ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣ ਵਾਲੇ ਹਨ। ਚੰਨੀ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਮੁਲਜ਼ਮ ਸਫ਼ਲ ਨਾ ਹੋ ਸਕੇ ਅਤੇ ਹੁਣ ਲੁਧਿਆਣਾ ’ਚ ਧਮਾਕਾ ਕੀਤਾ ਗਿਆ। ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ’ਚ ਹੋਏ ਵੱਡੇ ਧਮਾਕੇ ਸਬੰਧੀ ਕੇਂਦਰ ਸਰਕਾਰ ਨੇ ਪੰਜਾਬ ਤੋਂ ਰਿਪੋਰਟ ਮੰਗ ਲਈ ਹੈ। ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਤੋਂ ਧਮਾਕੇ ਦੀ ਘਟਨਾ ਨੂੰ ਲੈ ਕੇ ਰਿਪੋਰਟ ਮੰਗੀ ਗਈ ਹੈ।
ਸੂਬੇ ਦਾ ਮਾਹੌਲ ਖਰਾਬ ਕਰਨ ਸਾਜ਼ਿਸ਼—ਨਵਜੋਤ ਸਿੱਧੂ
ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਨੂੰ  ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਭ ਕੁੱਜ ਪੰਜਾਬ ਦੀ ਅਮਨ ਸ਼ਾਂਤੀ ਨਾਲ ਨੂੰ ਭੰਗ ਕਰਨ ਦੀ ਸਾਜਿਸ਼ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਵੋਟਾਂ ਨੇੜੇ ਆਉਣ ‘ਤੇ ਹੀ ਕਿਉਂ ਹੁੰਦੀਆਂ ਹਨ। ਸਿੱਧੂ ਨੇ ਟਵਿਟ ਕੀਤਾ ਹੈ ਕਿ  ਲੁਧਿਆਣਾ ਦੀ ਅਦਾਲਤ ਵਿੱਚ ਹੋਏ ਧਮਾਕੇ ਵਿੱਚ ਕੋਈ ਸ਼ੱਕ ਦਾ ਪਰਛਾਵਾਂ ਨਹੀਂ ਰਹਿ ਜਾਂਦਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਕਰਨ ਲਈ ਨਿਹਿਤ ਹਿੱਤਾਂ ਦੁਆਰਾ ਸ਼ਾਂਤੀ ਭੰਗ ਕਰਨ ਵਾਲੀਆਂ ਗਤੀਵਿਧੀਆਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਗਈ ਹੈ। ਜਾਨਾਂ ਗੁਆਉਣ ਵਾਲਿਆਂ ਪ੍ਰਤੀ ਹਮਦਰਦੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਦਿਲੀ ਅਰਦਾਸ।
ਪੰਜਾਬ ਪੁਲਸ ਮਾਮਲੇ ਦੀ ਤਹਿ ਤੱਕ ਜਾਵੇ—ਕੈਪਟਨ
ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ’ਚ ਹੋਏ ਵੱਡੇ ਧਮਾਕੇ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਦੁਖਦਾਈ ਘਟਨਾ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਧਮਾਕੇ ਦੌਰਾਨ 2 ਲੋਕਾਂ ਦੀ ਮੌਤ ਦੀ ਖ਼ਬਰ ਬਾਰੇ ਜਾਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਧਮਾਕੇ ਦੌਰਾਨ ਜ਼ਖਮੀ ਹੋਣ ਵਾਲੇ ਲੋਕਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਪੁਲਸ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ।
ਚੋਣਾਂ ਦੇ ਮੱਦੇਨਜ਼ਰ ਹੋ ਰਹੇ ਨੇ ਬੰਬ ਧਮਾਕੇ—ਬਾਦਲ
ਲੁਧਿਆਣਾ ਵਿਖੇ ਅਦਾਲਤ ਵਿੱਚ ਬੰਬ ਧਮਾਕਾ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਸਭ ਪੰਜਾਬ ਚੋਣਾਂ 2022 ਨੂੰ ਮੱਦੇਨਜ਼ਰ ਰੱਖ ਕੇ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾ ਵਿੰਨ੍ਹਦੇ ਕਿਹਾ ਕਿ ਕਾਂਗਰਸ ਰਾਜ ਵਿੱਚ ਪੰਜਾਬ ਵਿੱਚ ਕਾਨੂੰਨ ਅਤੇ ਲਾਅ-ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਏਜੰਸੀਆਂ ਦਾ ਵਿਅਕਤੀ ਹੈ, ਉਹ ਪੰਜਾਬ ਵਿੱਚ ਕੁੱਝ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇੰਨਾ ਸਮਾਂ ਹੋ ਗਿਆ, ਪੰਜਾਬ ਵਿੱਚ ਕਦੇ ਵੀ ਸੁਸਾਇਡ ਬੰਬ ਨਹੀਂ ਆਇਆ। ਚੋਣਾਂ ਆਉਂਦੇ ਹੀ ਏਜੰਸੀ ਦਾ ਕੰਮ ਸ਼ੁਰੂ ਹੁੰਦਾ ਹੈ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਕੁਝ ਲੋਕ—ਕੇਜਰੀਵਾਲ
ਪੰਜਾਬ ’ਚ ਬੇਅਦਬੀ ਮਾਮਲਿਆਂ ਤੋਂ ਬਾਅਦ ਹੁਣ ਲੁਧਿਆਣਾ ਦੇ ਕੋਰਟ ਕੰਪਲੈਕਸ ’ਚ ਹੋਏ ਧਮਾਕੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਖ਼ ਜ਼ਾਹਰ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, ‘‘ਪਹਿਲਾਂ ਬੇਅਦਬੀ, ਹੁਣ ਧਮਾਕਾ। ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਪੰਜਾਬ ਦੇ 3 ਕਰੋੜ ਲੋਕ ਇਨ੍ਹਾਂ ਦੀ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਾਨੂੰ ਇਕ-ਦੂਜੇ ਦਾ ਹੱਥ ਫੜ ਕੇ ਰੱਖਣਾ ਹੈ। ਖ਼ਬਰ ਸੁਣ ਕੇ ਦੁਖ਼ ਹੋਇਆ, ਮ੍ਰਿਤਕਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਅਤੇ ਸਾਰੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹੈ।’’
ਬਾਰ ਕੌਂਸਲ ਨੇ ਡੀਜੀਪੀ ਨੂੰ ਲਿਖਿਆ ਪੱਤਰ
ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਐਸ.ਆਈ.ਟੀ. ਤੋਂ ਜਾਂਚ ਕਰਵਾਉਣ ਲਈ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਹੈ। ਇਸ ਧਮਾਕੇ ਨੂੰ ਲੈ ਕੇ ਬਾਰ ਕੌਂਸਲ ਨੇ ਡੀਜੀਪੀ ਨੂੰ ਇੱਕ ਮੰਗ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਦੋ ਵਕੀਲਾਂ ਦੇ ਮੌਤ ਹੋਣ ਬਾਰੇ ਵੀ ਕਿਹਾ ਹੈ। ਬਾਰ ਕੌਂਸਲ ਦੇ ਚੇਅਰਮੈਨ ਮਿੰਦਰਜੀਤ ਯਾਦਵ ਨੇ ਡੀ.ਜੀ.ਪੀ. ਇਸ ਪੂਰੇ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ। ਅਧਿਕਾਰੀਆਂ ਦੀ ਐਸ.ਆਈ.ਟੀ ਦਾ ਗਠਨ ਕਰਕੇ ਜਾਂਚ ਕੀਤੀ ਜਾਵੇ।
ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਨੇ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਬੰਬ ਧਮਾਕੇ ਵਿੱਚ ਦੋ ਵਕੀਲਾਂ ਦੀ ਮੌਤ ’ਤੇ ਵੀ ਸ਼ੋਕ ਪ੍ਰਗਟ ਕੀਤਾ ਹੈ।
ਪੰਜਾਬ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਚੰਨੀ ਦੀ—ਸ਼ੇਖਾਵਤ
ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਦੀ ਨਿੰਦਾ ਕਰਦਿਆਂ ਇਸ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਬੀਤੇ ਦਿਨੀਂ ਜਿਹੜੀ ਬੇਅਦਬੀ ਦੀ ਘਟਨਾਵਾਂ ਹੋਈਆਂ ਉਨ੍ਹਾਂ ਦੀ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਵੀ ਵਿਧਾਨ ਸਭਾ ਚੋਣਾਂ ਮੌਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਮੁੜ ਫਿਰ ਉਹੀ ਮਾਹੌਲ ਬਣਾਇਆ ਜਾ ਰਿਹਾ ਹੈ।
ਸ਼ੇਖਾਵਤ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਸੀ। ਜੀਡੀਪੀ ਦੇ ਹਿਸਾਬ ਨਾਲ ਪੰਜਾਬ ਪਹਿਲੇ ਨੰਬਰ ਉਤੇ ਸੀ ਪਰ ਅੱਜ 16ਵੇਂ ਨੰਬਰ ਉਤੇ ਆ ਗਿਆ ਹੈ। ਅੱਜ ਹਰ ਬੱਚਾ 1 ਲੱਖ ਦਾ ਕਰਜਾ ਲੈਕੇ ਪੈਦਾ ਹੁੰਦਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਹਰ ਇੰਡਸਟਰੀ ਪਿੱਛੇ ਜਾ ਰਹੀ ਹੈ। ਚੋਣਾਂ ਬਾਰੇ ਗੱਲ ਕਰਦਿਆਂ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ  ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣਾਂ ਲੜੇਗੀ। ਭਾਜਪਾ ਜਿੱਥੇ ਵੀ ਇੱਕਲਿਆਂ ਚੋਣਾਂ ਲੜਦੀ ਹੈ ਜਾਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰਦੀ ਹੈ ਤਾਂ ਮੁੱਖ ਮੰਤਰੀ ਦੇ ਚਿਹਰੇ ਉਤੇ ਚੋਣ ਨਹੀਂ ਲੜਦੀ ਹੈ। ਉਨ੍ਹਾਂ ਚੰਨੀ ਸਰਕਾਰ ਉਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦਾ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਚੰਨੀ ਦੀ ਹੈ। ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਹਨ।

Comment here