ਖਾਲੀ ਜੇਬਾਂ ਦੇਖ ਕੇ ਭੜਕੇ ਲੁਟੇਰੇ
ਅੰਮ੍ਰਿਤਸਰ – ਪੰਜਾਬ ਵਿੱਚ ਚੋਰ ਲੁਟੇਰੇ ਬੇਖੌਫ ਘੁੰਮ ਰਹੇ ਹਨ। ਆਏ ਦਿਨ ਅਪਰਾਧਕ ਵਾਰਦਾਤਾਂ ਕਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਰਹੀਆਂ ਹਨ। ਲੰਘੀ ਦੇਰ ਰਾਤ ਮਜੀਠਾ ਰੋਡ ’ਤੇ ਸਥਿਤ ਜਗਦੰਬੇ ਕਾਲੋਨੀ ’ਚ ਕੰਮ ਤੋਂ ਪਰਤ ਰਹੇ 40 ਸਾਲਾ ਰਮੇਸ਼ ਕੁਮਾਰ ਦਾ ਕੁਝ ਅਣਪਛਾਤੇ ਲੁਟੇਰਿਆਂ ਨੇ ਇਸ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਕਿਉੰਕਿ ਉਸ ਕੋਲ ਬਹੁਤੇ ਪੈਸੇ ਨਹੀਂ ਸਨ। ਜਾਣਕਾਰੀ ਅਨੁਸਾਰ ਲੁਟੇਰੇ ਰਮੇਸ਼ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰਨ ਦੇ ਬਾਅਦ ਉਸ ਦੀ ਜੈਕੇਟ ਲਾਹ ਕੇ ਲੈ ਗਏ। ਘਟਨਾ ਦੀ ਜਾਣਕਾਰੀ ਮਿਲਦੇ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਦਿੱਤਾ ਅਤੇ ਰਸਤੇ ’ਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ’ਚ ਜੁਟ ਗਈ। ਮਿ੍ਰਤਕ ਮਿਹਨਤ ਮਜ਼ਦੂਰੀ ਕਰ ਕੇ ਆਪਣੀ ਪਤਨੀ ਅਤੇ 3 ਮਾਸੂਮ ਬੱਚਿਆਂ ਨੂੰ ਪਾਲ ਰਿਹਾ ਸੀ। ਇਥੇ ਰੋਜ਼ਾਨਾ ਜਗਦੰਬਾ ਕਾਲੋਨੀ, ਗੋਪਾਲ ਨਗਰ, ਕ੍ਰਿਸ਼ਣਾ ਨਗਰ, ਜੱਜ ਨਗਰ, ਸੁੰਦਰ ਨਗਰ ’ਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੇ ਪੁਲਸ ਦੀ ਕਾਰਜ਼ਸ਼ੈਲੀ ਨੂੰ ਸਵਾਲਾਂ ਨੂੰ ਕਟਿਹਰੇ ’ਚ ਲਿਆ ਖੜ੍ਹਾ ਕੀਤਾ ਹੈ। ਉਤਰਾਖੰਡ ਦਾ ਰਹਿਣ ਵਾਲਾ ਰਮੇਸ਼ ਪਿਛਲੇ 10-12 ਸਾਲਾਂ ਤੋਂ ਅੰਮ੍ਰਿਤਸਰ ’ਚ ਵੇਟਰ ਦਾ ਕੰਮ ਕਰ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ, ਜਿਸ ਨੂੰ ਦੇਰ ਰਾਤ ਬਿਨ੍ਹਾਂ ਕਿਸੇ ਕਾਰਨ ਮਾਰ ਦਿੱਤਾ ਗਿਆ। ਰਮੇਸ਼ ਦੀ ਜੇਬ ’ਚ ਸਿਰਫ਼ 30 ਰੁਪਏ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜੇਕਰ ਲੁਟੇਰਿਆਂ ਨੂੰ ਰਮੇਸ਼ ਕੋਲੋਂ ਕੈਸ਼ ਮਿਲ ਜਾਂਦਾ ਤਾਂ ਉਹ ਉਸ ਨੂੰ ਬਿਨ੍ਹਾਂ ਕੁਝ ਕਹੇ ਪੈਸਾ ਲੈ ਕੇ ਫਰਾਰ ਹੋ ਜਾਂਦੇ। ਕੋਲ ਪੈਸੇ ਘੱਟ ਹੋਣ ਕਰਕੇ ਹੀ ਉਸ ਦੀ ਜਾਨ ਲੈ ਲਈ ਗਈ। ਇਨ੍ਹਾਂ ਇਲਾਕਿਆਂ ਦੀਆਂ ਜ਼ਿਆਦਾਤਰ ਗਲੀਆਂ ’ਚ ਰਹਿਣ ਵਾਲੇ ਅੰਮ੍ਰਿਤਸਰ ਦੇ ਵੱਖ-ਵੱਖ ਹੋਟਲਾਂ, ਰੈਸਟੋਰੇਟਾਂ ਅਤੇ ਢਾਬਿਆਂ ’ਤੇ ਕੰਮ ਕਰਦੇ ਹਨ, ਜੋ ਦੇਰ ਰਾਤ ਵਾਪਸ ਘਰ ਪਰਤਦੇ ਹਨ। ਇਸੇ ਕਾਰਨ ਲੁਟੇਰੇ ਰਾਤ ਦੇ ਹਨੇਰੇ ’ਚ ਇਨ੍ਹਾਂ ਤੋਂ ਪੈਸਾ ਖੋਹਣ ’ਚ ਕਾਮਯਾਬ ਹੋ ਜਾਂਦੇ ਹਨ, ਪਰ ਫੇਰ ਵੀ ਇਸ ਇਲਾਕਿਆਂ ਦੀ ਸੁਰੱਖਿਆ ਨੂੰ ਪੁਖਤਾ ਨਹੀਂ ਬਣਾਇਆ ਜਾਂਦਾ।
ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਹ ਕੋਈ ਹੋਰ ਨਹੀਂ ਨਸ਼ੇ ’ਚ ਚੂਰ ਨੌਜਵਾਨ ਹੁੰਦੇ ਹਨ, ਜੋ ਨਸ਼ੇ ਦੀ ਪੂਰਤੀ ਲਈ ਕਤਲ ਤੱਕ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ ਨਹੀਂ ਕਰਦੇ। ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਸਰਕਾਰ ਅਤੇ ਪੁਲਸ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਮੂੰਹ ਚਿੜਾ ਰਹੀਆਂ ਹਨ ਜੋ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਲਈ ਦਾਅਵੇ ਨੂੰ ਲੈ ਕੇ ਕੀਤੀ ਜਾ ਰਹੀ ਹਨ। ਸ਼ਹਿਰ ਦੇ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਸਵੇਰੇ ਤੋਂ ਹੀ ਨਸ਼ਾ ਵਿਕਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਾ ਹੋਣਾ ਕਿਧਰੇ ਨਾ ਕਿਧਰੇ ਦੋਸ਼ ਨੂੰ ਬੜਾਵਾ ਦੇ ਰਹੇ ਹਨ।
ਦੇਰ ਰਾਤ ਵੇਟਰ ਦਾ ਕੰਮ ਕਰਨ ਵਾਲੇ ਰਮੇਸ਼ ਕੁਮਾਰ ਦੇ ਕਤਲ ਹੋਣ ਦੇ ਬਾਅਦ ਉਸ ਦੇ ਪਰਿਵਾਰ ਅਤੇ ਹਮਦਰਦ ਲੋਕਾਂ ਨੇ ਪੁਲਸ ਵਿਰੁੱਧ ਜਿੱਥੇ ਭੜਾਸ ਕੱਢੀ, ਉਥੇ ਹੀ ਸੜਕ ’ਤੇ ਬੈਠ ਰੋਸ਼ ਪ੍ਰਦਰਸ਼ਨ ਵੀ ਕੀਤਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਕਾਰਨ ਉਨ੍ਹਾਂ ਨੂੰ ਖੌਫ਼ ਹੇਠ ਜਿਉਣਾ ਪੈ ਰਿਹਾ ਹੈ। ਜਦੋਂ ਤੱਕ ਉਨ੍ਹਾਂ ਦਾ ਪਰਿਵਾਰ ਕੰਮ ਤੋਂ ਵਾਪਸ ਘਰ ਨਹੀਂ ਪਰਤ ਆਉਂਦਾ ਤਦ ਤੱਕ ਉਨ੍ਹਾਂ ਨੂੰ ਡਰ ਲੱਗਾ ਰਹਿੰਦਾ ਹੈ। ਪੁਲਸ ਦਾ ਕਹਿਣਾ ਹੈ ਕਿ ਪੂਰੀ ਚੌਕਸੀ ਵਰਤ ਰਹੇ ਹਾਂ, ਕਿਸੇ ਨੂੰ ਵੀ ਕਨੂੰਨ ਆਪਣੇ ਹੱਥਾਂ ਚ ਨਹੀਂ ਲੈਣ ਦੇਵਾਂਗੇ।
Comment here