ਸਾਹਿਤਕ ਸੱਥਸਿਆਸਤਗੁਸਤਾਖੀਆਂਵਿਸ਼ੇਸ਼ ਲੇਖ

ਲੀਡਰ ਅਖੌਤੀ ਤਰੱਕੀ ਦੇ ਘੋੜੇ ਦੌੜਾਈ ਜਾਂਦੈ

(ਵਿਅੰਗ)

ਕੁਝ ਗੁਣਗੁਣਾਉਂਦੇ ਹੋਏ ਕੋਸੀ-ਕੋਸੀ ਧੁੱਪ ਵਿੱਚ ਇੱਕ ਕੁਰਸੀ ਉੱਤੇ ਬੈਠਾ ਪੰਨਾ ਲਾਲ ਅਖਬਾਰ ਦਾ ਪੰਨਾ ਦਰ ਪੰਨਾ ਪੜ੍ਹਦਾ ਜਾ ਰਿਹਾ ਸੀ। ਸਿਆਸੀ ਆਗੂਆਂ ਦੇ ਤਰਕਹੀਣ, ਬੇਸਿਰ ਪੈਰ ਦੇ ਬਿਆਨ, ਦਾਅਵੇ, ਵਾਅਦੇ ਵਗੈਰਾ ਪੜ੍ਹ ਪੜ੍ਹ ਕੇ ਉਸ ਦਾ ਪਾਰਾ ਚੜ੍ਹਦਾ ਜਾਂਦਾ ਸੀ। ਅਖਬਾਰ ਦੇ ਅੰਦਰਲੇ ਇੱਕ ਪੂਰੇ ਸਫੇ ਉਪਰ ਸਰਕਾਰ ਦਾ ਇੱਕ ਇਸ਼ਤਿਹਾਰ ਛਪਿਆ ਸੀ, ਜਿਸ ਵਿੱਚ ਮੁੱਖ ਮੰਤਰੀ ਵੱਲੋਂ ਆਪਣੀ ਸਰਕਾਰ ਦੀਆਂ ਚੋਖੀਆਂ ਪ੍ਰਾਪਤੀਆਂ ਦੀ ਡੌਂਡੀ ਪਿੱਟਦਿਆਂ ਸੂਬੇ ਦੀ ਤਾਬੜਤੋੜ ਤਰੱਕੀ ਦੀ ਜ਼ੋਰਦਾਰ ਵਕਾਲਤ ਕੀਤੀ ਗਈ ਸੀ।
‘‘ਇਹ ਤਮਾਸ਼ਾ ਕੀ ਹੋ ਰਿਹਾ ਹੈ? ਹੈਂਅ?” ਪੰਨਾ ਲਾਲ ਗੁਣਗੁਣਾਉਣਾ ਭੁੱਲ ਕੇ ਗੁੱਸੇ ਵਿੱਚ ਕਚੀਚੀਆਂ ਵੱਟਣ ਲੱਗਾ, ‘‘ਕਿਸੇ ਕਿਸਮ ਦੀ ਤਰੱਕੀ ਕਿਤੇ ਹੋਵੇ ਜਾਂ ਨਾ, ਪਰ ਚੋਣਾਂ ਨੇੜੇ ਆਉਂਦੇ ਸਾਰ ਅਖੌਤੀ ਤਰੱਕੀ ਦੀ ਕਥਾ ਵਾਰਤਾ ਅਖਬਾਰਾਂ ਦੇ ਪੂਰੇ ਸਫਿਆਂ ਉੱਤੇ ਛਾਉਣ ਲੱਗਦੀ ਹੈ। ਟੀ ਵੀ ਚੈਨਲਾਂ ਉੱਤੇ ਦੁਹਾਈ ਪੈਣ ਲੱਗਦੀ ਹੈ। ਰੇਡੀਓ ਉਪਰ ਹਰ ਘੰਟੇ ਬਾਅਦ ਹਿਣਕਣ ਲੱਗਦੀ ਹੈ। ਇੰਨੀ ਤੇਜ਼ ਰਫਤਾਰ ਨਾਲ ਕੋਈ ਘੋੜਾ ਸਰਪਟ ਨਹੀਂ ਦੌੜ ਸਕਦਾ, ਜਿੰਨੀ ਤੇਜ਼ ਗਤੀ ਨਾਲ ਇਹ ਸਾਡੇ ਹਾਕਮ ਅਤੇ ਲੀਡਰ ਅਖੌਤੀ ਤਰੱਕੀ ਦੇ ਘੋੜੇ ਦੌੜਾਈ ਚਲੇ ਜਾਂਦੇ ਹਨ।”
ਪੰਨਾ ਲਾਲ ਨੂੰ ਪਤਾ ਨਹੀਂ ਲੱਗਾ ਕਿ ਖਿਝਦਿਆਂ ਉਹਦੀ ਆਵਾਜ਼ ਕਦੋਂ ਉਚੀ ਹੋ ਗਈ? ਕਮਰੇ ਅੰਦਰ ਮੌਜੂਦ ਉਸ ਦਾ ਵੱਡਾ ਭਰਾ ਧੰਨਾ ਲਾਲ ਉਹਦੀ ਉੱਚੀ ਆਵਾਜ਼ ਸੁਣ ਕੇ ਘਬਰਾ ਗਿਆ ਕਿ ਇਹ ਅਖਬਾਰ ਪੜ੍ਹ ਕੇ ਉਚੀ ਆਵਾਜ਼ ਵਿੱਚ ਖੁਦ ਨੂੰ ਕੁਝ ਕਹਿਣ ਲੱਗਾ ਹੈ ਜਾਂ ਉਂਝ ਹੀ ਕੁਝ ਬੋਲਣ ਲੱਗਾ ਹੈ। ‘‘ਓ ਪੰਨਾ ਲਾਲ! ਕੀ ਹੋ ਗਿਆ ਤੈਨੂੰ? ਕਿਉਂ ਉੱਚੀ ਆਵਾਜ਼ ਵਿੱਚ ਬੋਲ ਰਿਹਾ ਏਂ? …ਤੇ ਕੀਹਨੂੰ ਬੋਲ ਰਿਹਾ ਏਂ?” ‘‘ਆਉਂਦੇ ਹਾਂ!” ਧੰਨਾ ਲਾਲ ਧੋਤੇ ਕੱਪੜਿਆਂ ਦੀ ਤਹਿ ਲਾ-ਲਾ ਕੇ ਅਲਮਾਰੀ ਵਿੱਚ ਰੱਖ ਰਿਹਾ ਸੀ। ਉਹ ਇਹ ਵਿਚਾਲੇ ਹੀ ਛੱਡ ਕੇ ਪੰਨਾ ਲਾਲ ਕੋਲ ਆ ਗਿਆ ਤੇ ਇੱਕ ਹੋਰ ਕੁਰਸੀ ਉੱਤੇ ਉਹਦੇ ਸਾਹਮਣੇ ਬੈਠ ਗਿਆ।
ਦੋਵੇਂ ਭਰਾਵਾਂ ਬਾਰੇ ਇੱਕ ਸਾਂਝੀ, ਅਨੋਖੀ ਤੇ ਖਾਸ ਗੱਲ ਇਹ ਹੈ ਕਿ ਦੋਵੇਂ ਭਰਾ ਪਿਓਰ ਛੜੇ ਹਨ। ਦੋਵੇਂ ਸਰਕਾਰੀ ਮਹਿਕਮਿਆਂ ਤੋਂ ਰਿਟਾਇਰਡ ਹੋਏ ਹਨ। ‘ਧੀ ਵਿਆਹੁਣੀ ਨਹੀਂ ਤੇ ਨੂੰਹ ਲਿਆਉਣੀ ਨਹੀਂ’ ਵਾਲੀ ਹਾਲਤ ਹੈ ਉਨ੍ਹਾਂ ਦੀ। ਰੋਟੀ ਟੁੱਕ, ਭਾਂਡੇ ਮਾਂਜਣੇ, ਕੱਪੜੇ ਧੋਣ, ਝਾੜੂ ਪੋਚੇ ਵਰਗੇ ਕੰਮ ਮਿਲ ਜੁਲ ਕੇ ਕਰਦੇ ਨੇ। ਦੋਵਾਂ ਦੀ ਆਪਸ ਵਿੱਚ ਬਣਦੀ ਬਹੁਤ ਹੈ। ਦੋਵੇਂ ਤੀਵੀਆਂ ਤੋਂ ਬਹੁਤ ਡਰਦੇ ਹਨ। ਇਸ ਲਈ ਕਿਸੇ ਬਾਈ (ਨੌਕਰਾਣੀ) ਤੋਂ ਵੀ ਘਰ ਦਾ ਕੋਈ ਕੰਮ ਨਹੀਂ ਕਰਵਾਉਂਦੇ। ਜੇ ਸਿਆਸੀ ਪਿੜ ਵਿੱਚ ਆ ਜਾਂਦੇ ਤਾਂ ਸ਼ਾਇਦ ਸਮਾਜ ਅਤੇ ਮੁਲਕ ਦਾ ਕੁਝ ਭਲਾ ਹੋ ਜਾਂਦਾ।
‘‘ਆਹ, ਵੇਖ, ਵੱਡੇ ਵੀਰ, ਆਪਣੀ ਸੂਬਾ ਸਰਕਾਰ ਵੱਲੋਂ ਅਖਬਾਰ ਦੇ ਪੂਰੇ ਪੰਨ੍ਹੇ ਉਪਰ ਅਖੌਤੀ ਤਰੱਕੀ ਮੁਤੱਲਕ ਇਸ਼ਤਿਹਾਰ ਛਪਵਾਇਆ ਗਿਆ ਹੈ। ਜਿਹੜੀ ਤਰੱਕੀ ਧਰਾਤਲ ਉੱਤੇ ਹਕੀਕੀ ਰੂਪ ਵਿੱਚ ਦਿਸਣੀ ਚਾਹੀਦੀ ਹੈ, ਅਖਬਾਰਾਂ ਦੇ ਪੰਨਿਆਂ ਅਤੇ ਟੀ ਵੀ ਚੈਨਲਾਂ ਉਪਰ ਦਿਸਦੀ ਪਈ ਹੈ। ਰੇਡੀਓ ਉੱਤੇ ਸੁਣਾਈ ਦਿੰਦੀ ਹੈ। ਇਹ ਤਮਾਸ਼ਾ ਕਿਉਂ ਹੋ ਰਿਹਾ ਏ?” ਪੰਨਾ ਲਾਲ, ਧੰਨਾ ਲਾਲ ਨੂੰ ਇਸ਼ਤਿਹਾਰ ਵਾਲਾ ਸਫਾ ਦਿਖਾਉਂਦਾ ਕਹਿੰਦਾ ਹੈ, ‘‘ਤਰੱਕੀ ਦੀ ਇਹ ਘੜੀ ਗਈ ਗਾਥਾ ਕਿਸੇ-ਕਿਸੇ ਦਿਨ ਪੂਰੇ ਦੋ-ਤਿੰਨ ਸਫਿਆਂ ਤੱਕ ਫੈਲੀ ਹੁੰਦੀ ਹੈ। ਬੇਰੁਜ਼ਗਾਰਾਂ ਉੱਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਨੇ।”
‘‘ਮੇਰੇ ਛੋਟੇ ਵੀਰ, ਜਦੋਂ ਵੀ ਚੋਣਾਂ ਦਾ ਬਿਗੁਲ ਵੱਜਣ ਲੱਗਦਾ ਹੈ, ਉਦੋਂ-ਉਦੋਂ ਹੀ ਇਸ਼ਤਿਹਾਰ ਸ਼ੁਰੂ ਹੋ ਜਾਂਦਾ ਏ। ਅਜਿਹਾ ਹਰ ਵਾਰ ਹੁੰਦਾ ਹੈ। ਹਰ ਸੂਬੇ ਵਿੱਚ ਹੁੰਦਾ ਹੈ। ਹਰ ਦੇਸ਼ ਵਿੱਚ ਹੁੰਦਾ ਹੈ। ਸੂਬਾਈ ਚੋਣਾਂ ਹੋਣ, ਅਜਿਹਾ ਹੁੰਦਾ ਹੀ ਹੈ। ਇਸ ਨਾਟਕਬਾਜ਼ੀ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੀ ਵੀ ਭਰਪੂਰ ਵਰਤੋਂ ਕੀਤੀ ਜਾਂਦੀ ਏ। ਇਸ ਗਾਥਾ ਨੁੰ ਕਿਤੇ ਟਰੰਪ ਗਾਥਾ ਕਿਹਾ ਜਾਂਦਾ ਸੀ, ਕਿਤੇ ਪੁਤਿਨ ਗਾਥਾ ਅਤੇ ਕਿਤੇ ਹੋਰ ਸ਼ੀ ਜਿੰਨ ਪਿੰਗ ਗਾਥਾ ਵੀ ਕਿਹਾ ਜਾਂਦਾ ਹੈ।”
‘ਵੱਡੇ ਵੀਰੇ, ਇਹ ਸਭ ਲੀਡਰ-ਲੀਡਰੀਆਂ ਕੀ ਵੋਟਰਸ ਨੂੰ ਉਲੂ ਸਮਝਦੇ ਹਨ? ਬੇਵਕੂਫ ਸਮਝਦੇ ਨੇ?”
‘‘ਹਾਂ, ਇਹ ਲੋਕਾਂ ਨੂੰ ਉਲੂ ਵੀ ਸਮਝਦੇ ਨੇ ਅਤੇ ਉਨ੍ਹਾਂ ਨੂੰ ਉਲੂ ਵੀ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਨੇ? ਦੁਨੀਆ ਦੇ ਮਹਾਨ ਕਥਨ ਨੂੰ ਸਹੀ ਸਿੱਧ ਕਰਨ ਵਿੱਚ ਇਹ ਨੇਤਾ ਲੱਗੇ ਰਹਿੰਦੇ ਨੇ।”
‘‘ਵੱਡੇ ਵੀਰ, ਅਜਿਹਾ ਪਾਖੰਡ, ਆਡੰਬਰ, ਭੰਡੀਗਿਰੀ ਵੇਖ ਸੁਣ ਕੇ ਅਤੇ ਪੜ੍ਹ ਕੇ ਮੇਰਾ ਲਹੂ ਉਬਾਲੇ ਖਾਂਦੈ। ਜਦੋਂ ਕੋਈ ਸਿਆਸੀ ਪਾਰਟੀ ਕਿਤੇ ਹਾਕਮ ਪਾਰਟੀ ਬਣਦੀ ਏ, ਉਦੋਂ ਉਸ ਦੀ ਕੀਤੀ ਅਖੌਤੀ ਸਰਬ ਪੱਖੀ ਤਰੱਕੀ ਦੀ ਗਾਥਾ ਇੱਕ ਬਟਾ ਚਾਰ, ਫਿਰ ਇੱਕ ਬਟਾ ਤਿੰਨ, ਫਿਰ ਅੱਧੇ ਪੰਨੇ ਤੋਂ ਵੱਧ ਕੇ ਅਖਬਾਰਾਂ, ਸਕਰੀਨ ਉੱਤੇ ਛਾਉਣ ਲੱਗਦੀ ਹੈ।”
“ਨੇਤਾਜਨ ਗੱਦੀਆਂ ਹਾਸਲ ਕਰਨ ਤੋਂ ਬਾਅਦ ਰਿਕਾਰਡ ਤੋੜ ਤਰੱਕੀ ਕਰਦੇ ਨੇ ਆਪਣੀ ਤੇ ਆਪਣਿਆਂ ਦੀ। ਲੋਕ ਸਾਡਾ ਕੀ ਵਿਗਾੜ ਲੈਣਗੇ? ਉਹ ਇਹ ਸੋਚਣ ਲੱਗਦੇ ਨੇ।”
‘‘ਵੱਡੇ ਵੀਰ, ਇਹ ਮੁਲਕ ਤੇ ਖਲਕਤ ਨੂੰ ਗੁੰਮਰਾਹ ਕਿਉਂ ਕਰਦੇ ਨੇ? ਸ਼ਾਸਕ ਕਿਤੇ ਪਬਲਿਕ ਦੇ ਵਿਕਾਸ ਦਾ ਦਸ ਫੀਸਦੀ ਕੰਮ ਕਰਾਉਂਦੇ ਨੇ ਤਾਂ ਸੰਘ ਪਾੜ-ਪਾੜ ਕੇ ਦੱਸਦੇ ਸੱਠ-ਸੱਤਰ ਫੀਸਦੀ ਨੇ। ਗੱਦੀ ਅਤੇ ਸਰਕਾਰੀ ਖਜ਼ਾਨੇ ਉੱਤੇ ਆਪਣਾ ਭਾਰ ਲੱਦਣ ਤੋਂ ਬਾਅਦ ਸ਼ੁਰੁੂ ਵਿੱਚ ਕੁਝ ਖੇਤਰਾਂ ਵਿੱਚ ਥੋੜ੍ਹਾ-ਥੋੜ੍ਹਾ ਵਿਕਾਸ ਕਰਦੇ-ਕਰਵਾਉਂਦੇ ਨੇ। ਫਿਰ ਸਮਾਂ ਬੀਤਦਾ ਜਾਂਦਾ ਹੈ ਅਤੇ ਅਗਲੀਆਂ ਚੋਣਾਂ ਨੇੜੇ ਆਉਣ ਉੱਤੇ ‘ਵਿਕਾਸ-ਵਿਕਾਸ’ ਦੀ ਮੁਹਾਰਨੀ ਪੜ੍ਹਨ ਲੱਗਦੇ ਨੇ। ਇਸ਼ਤਿਹਾਰਬਾਜ਼ੀ ਰਾਹੀਂ ਖੁਦ ਨੂੰ ‘ਵਿਕਾਸ ਦੇ ਦੂਤ’, ‘ਵਿਕਾਸ ਦੇ ਸਰਤਾਜ’ ਸਿੱਧ ਕਰਨ ਲੱਗ ਜਾਂਦੇ ਨੇ। ਪੂਰੇ ਪੰਨਿਆਂ ਦੀ ਤਰੱਕੀ ਸਾਨੂੰ ਸਭ ਨੂੰ ਵੇਖਣ-ਪੜ੍ਹਨ ਨੂੰ ਮਿਲ ਜਾਂਦੀ ਏ। ਸਾਨੂੰ ਸਾਰਿਆਂ ਨੂੰ ਹੋਰ ਚਾਹੀਦੀ ਕੀ ਏ? ਹੈਂਅ?। ਦੱਸ!”

ਨੂਰ ਸੰਤੋਖਪੁਰੀ

Comment here