ਸੰਯੁਕਤ ਮੋਰਚਾ ਤੇ ਖੱਬੀਆਂ ਪਾਰਟੀਆਂ ਨਾਲ ਸੀਟ ਐਡਜਸਟਮੈਂਟ ਲਈ ਯਤਨ
ਮਾਨਸਾ-ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਇਥੇ ਦੇਰ ਰਾਤ ਸਮਾਪਤ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਰਾਜਾ ਰਾਮ ਸਿੰਘ ਅਤੇ ਕਾਮਰੇਡ ਪਰਭਾਤ ਚੌਧਰੀ ਸ਼ਾਮਲ ਹੋਏ। ਮੀਟਿੰਗ ਵਿਚ ਪੰਜਾਬ ਵਿਧਾਨ ਸਭਾਵਾਂ ਦੀਆਂ ਚੋਣਾਂ ਬਾਰੇ ਵਿਸਥਾਰ ਪੂਰਬਕ ਚਰਚਾ ਤੋਂ ਬਾਅਦ ਪਾਰਟੀ ਨੇ ਪੰਜਾਬ ਅੰਦਰ 20 ਹਲਕਿਆਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਸੰਯੁਕਤ ਸਮਾਜ ਮੋਰਚਾ ਅਤੇ ਖੱਬੀਆਂ ਪਾਰਟੀਆਂ ਨਾਲ ਸੀਟਾਂ ਦੇ ਤਾਲਮੇਲ ਲਈ ਜਲਦੀ ਹੀ ਗੱਲਬਾਤ ਕੀਤੀ ਜਾਵੇਗੀ। ਇਸ ਦੇ ਲਈ ਮੀਟਿੰਗ ਵਲੋਂ ਇਕ ਤਿੰਨ ਮੈਂਬਰੀ ਕਮੇਟੀ ਵੀ ਨਾਮਜ਼ਦ ਕੀਤੀ ਹੈ।
ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਲੰਬੇ ਸੰਘਰਸ਼ ਅਤੇ ਕੁਰਬਾਨੀਆਂ ਤੋਂ ਬਾਅਦ ਬੇਸ਼ੱਕ ਮੋਦੀ ਸਰਕਾਰ ਨੂੰ ਤਿੰਨ ਕਾਲੇ ਖੇਤੀ ਕਨੂੰਨ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਨਤੀਜੇ ਵਜੋਂ ਸੰਘ-ਬੀਜੇਪੀ ਦੇ ਫਿਰਕੂ ਫਾਸ਼ੀਵਾਦੀ ਹਮਲੇ ਦਾ ਟਾਕਰਾ ਕਰਨ ਲਈ ਇਕ ਸਾਜ਼ਗਾਰ ਮਾਹੌਲ ਬਣਿਆ ਹੈ। ਪਰ ਦੇਸ਼ ਅੰਦਰ ਖੇਤੀ ਸੰਕਟ, ਕਾਰਪੋਰੇਟ ਗਲਬੇ ਅਤੇ ਧੜਾਧੜ ਕੀਤੇ ਜਾ ਰਹੇ ਨਿੱਜੀਕਰਨ ਦੇ ਖਿਲਾਫ਼ ਅਤੇ ਸਿੱਖਿਆ, ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਦਲਿਤਾਂ ਪੇਂਡੂ ਗਰੀਬਾਂ ਤੇ ਮਜਦੂਰਾਂ ਦੇ ਹੱਕਾਂ ਅਧਿਕਾਰਾਂ ਅਤੇ ਮਾਣ ਸਨਮਾਨ ਦੇ ਮਸਲੇ ਉਤੇ ਜਦੋਜਹਿਦ ਅੱਜ ਵੀ ਸਾਹਮਣੇ ਹੈ। ਜਿਸ ਦੇ ਲਈ ਲਿਬਰੇਸ਼ਨ ਪਾਰਟੀ ਲਗਾਤਾਰ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਸੀਪੀਆਈ (ਐਮ ਐਲ) ਬੀਜੇਪੀ ਦੀ ਕਾਰਪੋਰੇਟ ਪ੍ਰਸਤ ਫਾਸਿਸਟ ਵਿਚਾਰਧਾਰਾ ਖ਼ਿਲਾਫ਼ ਹਰ ਪੱਧਰ ਉਤੇ ਸਮਝੌਤਾ ਰਹਿਤ ਵਿਰੋਧ ਕਰਦੀ ਹੈ ਅਤੇ ਕਰਦੀ ਰਹੇਗੀ। ਆਰਥਿਕ ਨੀਤੀਆਂ ਦੇ ਸੁਆਲ ‘ਤੇ ਭਾਜਪਾ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਾਲੇ ਕੋਈ ਨੀਤੀਗਤ ਅੰਤਰ ਨਹੀਂ ਹੈ। ਇਸ ਲਈ ਪਾਰਟੀ ਸਮਝਦੀ ਹੈ ਕਿ ਇੰਨਾਂ ਸਭ ਨੂੰ ਬੇਪਰਦ ਕਰਨਾ ਜ਼ਰੂਰੀ ਹੈ। ਕਾਮਰੇਡ ਰਾਣਾ ਨੇ ਕਿਹਾ ਕਿ ਪਾਰਟੀ ਚੋਣਾਂ ਚ ਮਜ਼ਦੂਰਾਂ, ਗਰੀਬ ਕਿਸਾਨਾਂ, ਛੋਟੇ ਵਪਾਰੀਆਂ , ਦੁਕਾਨਦਾਰਾਂ ਤੇ ਆਮ ਲੋਕਾਂ ਦੇ ਸਵਾਲ ਪ੍ਰਮੱਖਤਾ ਨਾਲ ਉਭਾਰੇਗੀ।
ਬਿਆਨ ਵਿਚ ਦੱਸਿਆ ਗਿਆ ਹੈ ਕਿ ਪਾਰਟੀ ਵਲੋਂ ਲੜੇ ਜਾਣ ਵਾਲੇ ਹਲਕਿਆਂ ਵਿਚ , ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਦਿੜ੍ਹਬਾ, ਧੂਰੀ, ਸੁਨਾਮ , ਬਰਨਾਲਾ, ਭਦੌੜ, ਮਹਿਲ ਕਲਾਂ, ਸੰਗਰੂਰ, ਭੁੱਚੋ, ਮੌੜ, ਫਰੀਦਕੋਟ, ਕੋਟਕਪੂਰਾ, ਫਿਰੋਜਪੁਰ (ਦਿਹਾਤੀ), ਮੋਗਾ ਅਤੇ ਨਿਹਾਲ ਸਿੰਘ ਵਾਲਾ ਸ਼ਾਮਲ ਹਨ, ਜਦੋਂ ਕਿ ਹੋਰ ਤਿੰਨ ਹਲਕਿਆਂ ਬਾਰੇ ਛੇਤੀ ਹੀ ਤਹਿ ਕੀਤਾ ਜਾਵੇਗਾ।
Comment here