ਬੀਜਿੰਗ-ਲਿਥੁਆਨੀਆ ਦੀ ਰਾਜਧਾਨੀ ਵਿਲਨੀਅਸ ’ਚ ਤਾਈਵਾਨ ਨੂੰ ਆਪਣਾ ਪ੍ਰਤੀਨਿਧੀਤਾ ਦਫ਼ਤਰ ਖੋਲ੍ਹੱਣ ਦੀ ਇਜਾਜ਼ਤ ਦੇਣ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਕਿਹਾ ਕਿ ਲਿਥੁਆਨੀਆ ਜੋ ਬੀਜੇਗਾ, ਉਹ ਵੱਢੇਗਾ। ਉਨ੍ਹਾਂ ਨੇ ਲਿਥੁਆਨੀਆ ਦੇ ਕਦਮ ਨੂੰ ਗਲਤ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਾਰ ਦਿੱਤਾ। ਬੀਤੇ ਵੀਰਵਾਰ ਨੂੰ ਖੁਲ੍ਹੇ ਦਫ਼ਤਰ ’ਤੇ ਤਾਈਵਾਨ ਨਾਂ ਲਿਖਿਆ ਹੈ ਨਾ ਕਿ ‘‘ਚੀਨੀ ਤਾਈਪੇ।’’ ਜ਼ਿਕਰਯੋਗ ਹੈ ਕਿ ਚੀਨ ਦੀ ਨਾਰਾਜ਼ਗੀ ਤੋਂ ਬਚਣ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਤੇ ਕਈ ਦੇਸ਼ ਤਾਈਵਾਨ ਨੂੰ ‘ਚੀਨੀ ਤਾਈਪੇ’ ਨਾਂ ਨਾਲ ਸੰਬੋਧਿਤ ਕਰਦੇ ਹਨ। ਤਾਈਵਾਨ ਤੋਂ ਡਿਪਲੋਮੈਟ ਰੂਪ ਨਾਲ ਰਸਮੀ ਸੰਬੰਧ ਰੱਖਣ ਵਾਲੇ ਸਿਰਫ 15 ਦੇਸ਼ ਹਨ ਪਰ ਉਹ ਸਾਰੇ ਦੇਸ਼ਾਂ ਨਾਲ ਗੈਰ-ਰਸਮੀ ਸੰਬੰਧ ਰੱਖਦਾ ਹੈ ਜਿਥੇ ਉਸ ਦੇ ਕਾਰੋਬਾਰੀ ਦਫ਼ਤਰ ਹਨ ਜੋ ਅਸਿੱਧੇ ਤੌਰ ’ਤੇ ਦੂਤਾਵਾਸ ਦਾ ਕੰਮ ਕਰਦੇ ਹਨ।
ਇਨ੍ਹਾਂ ਦੇਸ਼ਾਂ ’ਚ ਅਮਰੀਕਾ ਅਤੇ ਜਾਪਾਨ ਵੀ ਸ਼ਾਮਲ ਹੈ। ਲਿਥੁਆਨੀਆ ’ਚ ਤਾਈਵਾਨ ਦਾ ਦਫ਼ਤਰ ਖੁਲ੍ਹੱਣ ਤੋਂ ਬਾਅਦ ਪ੍ਰਤੀਕਿਰਿਆ ਦੇ ਤੌਰ ’ਤੇ ਚੀਨ ਕੀ ਕਾਰਵਾਈ ਕਰੇਗਾ ਇਹ ਵੀ ਸਪੱਸ਼ਟ ਨਹੀਂ ਹੈ। ਬੀਜਿੰਗ ਨੇ ਪਹਿਲਾਂ ਤੋਂ ਵਿਲਨੀਅਸ ਤੋਂ ਆਪਣਾ ਰਾਜਦੂਤ ਵਾਪਸ ਬੁਲਾ ਲਿਆ ਸੀ ਅਤੇ ਲਿਥੁਆਨੀਆ ਦੇ ਰਾਜਦੂਤ ਨੂੰ ਕੱਢ ਦਿੱਤਾ ਸੀ। ਸਾਲ ਦੇ ਆਖਿਰ ਤੱਕ ਲਿਥੁਆਨੀਆ ਤਾਈਪੇ ’ਚ ਆਪਣਾ ਪ੍ਰਤੀਨਿਧੀ ਦਫ਼ਤਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।
Comment here