ਨਵੀਂ ਦਿੱਲੀ-ਅੱਜ 75ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਠਵੀਂ ਵਾਰ ਲਾਲ ਕਿਲ੍ਹੇ ਦੀ ਪ੍ਰਾਚੀਰ ’ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਸਾਲ ਦੇ ਆਜ਼ਾਦੀ ਦਿਹਾੜੇ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਪੀਐੱਮ ਮੋਦੀ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਲਈ ਮਾਰਚ 2021 ’ਚ ਗੁਜਰਾਤ ਦੇ ਅਹਿਮਦਾਬਾਦ ’ਚ ਸਾਬਰਮਤੀ ਆਸ਼ਰਮ ਤੋਂ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਸ਼ੁਰੂ ਕੀਤਾ ਸੀ। ਅੱਜ ਦੇਸ਼ ਵਾਸੀਆਂ ਨੂੰ ਏਕੇ ਦਾ ਸੱਦਾ ਦਿੰਦਿਆਂ ਪੀ ਐਮ ਮੋਦੀ ਨੇ ਕਿਹਾ ਕਿ 21ਵੀਂ ਸਦੀ ’ਚ ਭਾਰਤ ਦੇ ਸੁਪਨਿਆਂ ਅਤੇ ਲੋੜਾਂ ਨੂੰ ਪੂਰਾ ਕਰਨ ਨਾਲ ਕੋਈ ਵੀ ਰੁਕਾਵਟ ਨਹੀਂ ਰੋਕ ਸਕਦੀ। ਸਾਡੀ ਤਾਕਤ ਸਾਡੀ ਜੀਵਿਕਾ ਹੈ, ਸਾਡੀ ਤਾਕਤ ਸਾਡੀ ਇਕਜੁਟਤਾ ਹੈ। ਸਾਡੀ ਪ੍ਰਾਣਸ਼ਕਤੀ, ਰਾਸ਼ਟਰ ਪਹਿਲ, ਸਦਾ ਪਹਿਲ ਦੀ ਭਾਵਨਾ ਹੈ। ਕਿਹਾ ਕਿ ਅੱਜ ਦੁਨੀਆ, ਭਾਰਤ ਨੂੰ ਇਕ ਨਵੀਂ ਦ੍ਰਿਸ਼ਟੀ ਨਾਲ ਦੇਖ ਰਹੀ ਹੈ ਅਤੇ ਇਸ ਦ੍ਰਿਸ਼ਟੀ ਦੇ ਦੋ ਮਹੱਤਵਪੂਰਨ ਪਹਿਲੂ ਹਨ। ਇਕ ਅੱਤਵਾਦ ਅਤੇ ਦੂਜਾ ਵਿਸਥਾਰਵਾਦ। ਭਾਰਤ ਇਨ੍ਹਾਂ ਦੋਵੇਂ ਹੀ ਚੁਣੌਤੀਆਂ ਨਾਲ ਲੜ ਰਿਹਾ ਹੈ ਅਤੇ ਸਹੀ ਤਰੀਕੇ ਨਾਲ ਬੜੀ ਹਿੰਮਤ ਨਾਲ ਜਵਾਬ ਵੀ ਦੇ ਰਿਹਾ ਹੈ। ਧਾਰਾ 370 ਨੂੰ ਬਦਲਣ ਦਾ ਇਤਿਹਾਸਕ ਫੈਸਲਾ ਹੋਵੇ, ਦੇਸ਼ ਨੂੰ ਟੈਕਸਨ ਦੇ ਜਾਲ ਤੋਂ ਮੁਕਤੀ ਦਿਵਾਉਣ ਵਾਲੀ ਵਿਵਸਥਾ-ਜੀਐੱਸਟੀ ਹੋਵੇ, ਸਾਡੇ ਫ਼ੌਜੀ ਸਾਥੀਆਂ ਲਈ ਵਨ ਰੈਂਕ ਵਨ ਪੈਨਸ਼ਨ ਹੋਵੇ, ਜਾਂ ਫਿਰ ਰਾਮ ਜਨਮ ਭੂਮੀ ਕੇਸ ਦਾ ਸ਼ਾਂਤੀਪੂਰਨ ਹੱਲ, ਇਹ ਸਭ ਅਸੀਂ ਬੀਤੇ ਕੁਝ ਸਾਲਾਂ ’ਚ ਸੱਚ ਹੁੰਦੇ ਵੇਖਿਆ ਹੈ।ਜੰਮੂ ਕਸ਼ਮੀਰ ’ਚ ਡੀਲਿਮੀਟੇਸ਼ਨ ਕਮਿਸ਼ਨ ਦਾ ਗਠਨ ਹੋ ਚੁੱਕਿਆ ਹੈ। ਲੱਦਾਖ ’ਚ ਆਧੁਨਿਕ ਇੰਫ੍ਰਾਸਟ੍ਰਕਚਰ ’ਤੇ ਫੋਕਸ ਹੈ। ਲੱਦਾਖ ਵੀ ਵਿਕਾਸ ਦੀ ਆਪਣੀਆਂ ਅਸੀਮ ਸੰਭਾਵਨਾਵਾਂ ਵੱਲ ਅੱਗੇ ਵਧ ਰਿਹਾ ਹੈ। ਇਸ ਪਾਸੇ ਲੱਦਾਖ, ਆਧੁਨਿਕ ਇੰਫ੍ਰਾਸਟ੍ਰਕਚਰ ਦਾ ਨਿਰਮਾਣ ਹੁੰਦੇ ਦੇਖ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਸਿੰਧੂ ਸੈਂਟਰ ਯੂਨੀਵਰਸਿਟੀ ਲੱਦਾਖ ਨੂੰ ਉੱਚ ਸਿੱਖਿਆ ਦਾ ਕੇਂਦਰ ਵੀ ਬਣਾਉਣ ਜਾ ਰਹੀ ਹੈ। ਮੋਦੀ ਜੀ ਨੇ ਕਿਹਾ ਕਿ ਤ੍ਰਿਪੁਰਾ ’ਚ ਦਹਾਕਿਆਂ ਬਾਅਦ ਬਰੂ ਰਿਆਂਗ ਸਮਝੌਤਾ ਹੋਣਾ ਹੋਵੇ, ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਹੋਵੇ, ਜਾਂ ਫਿਰ ਜੰਮੂ-ਕਸ਼ਮੀਰ ’ਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈਆਂ ਹੋਈਆਂ ਬੀਡੀਸੀ ਅਤੇ ਡੀਡੀਸੀ ਚੋਣਾਂ, ਭਾਰਤ ਆਪਣੀ ਸੰਕਲਪਸ਼ਕਤੀ ਲਗਾਤਾਰ ਸਿੱਧ ਕਰ ਰਿਹਾ ਹੈ। ਭਾਰਤ ਦੀ ਤਰੱਕੀ ਲਈ, ਆਤਮ-ਨਿਰਭਰ ਭਾਰਤ ਬਣਾਉਣ ਲਈ ਭਾਰਤ ਦਾ ਊਰਜਾ ਲਈ ਆਤਮ-ਨਿਰਭਰ ਹੋਣਾ ਜ਼ਰੂਰੀ ਹੈ। ਇਸ ਲਈ ਅੱਜ ਭਾਰਤ ਨੂੰ ਇਹ ਸੰਕਲਪ ਲੈਣਾ ਪਵੇਗਾ ਕਿ ਅਸੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਭਾਰਤ ਨੂੰ ਊਰਜਾ ਲਈ ਆਤਮ-ਨਿਰਭਰ ਬਣਾਵਾਂਗੇ। ਮੈਂ ਅੱਜ ਤਿਰੰਗੇ ਦੀ ਗਵਾਹੀ ’ਚ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਦਾ ਐਲਾਨ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਸਿੱਖਿਆ ਹੋਵੇ ਜਾਂ ਖੇਡਾਂ, ਬੋਰਡਾਂ ਦੇ ਨਤੀਜੇ ਹੋਣ ਜਾਂ ਓਲੰਪਿਕ ਦਾ ਮੈਡਲ, ਸਾਡੀਆਂ ਧੀਆਂ ਅੱਜ ਬੇਮਿਸਾਲ ਪ੍ਰਦਰਸ਼ਨ ਕਰ ਰਹੀਆਂ ਹਨ। ਅੱਜ ਮੈਂ ਇਕ ਖੁਸ਼ੀ ਦੇਸ਼ਵਾਸੀਆਂ ਨਾਲ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਖਾਂ ਧੀਆਂ ਦੇ ਸੰਦੇਸ਼ ਮਿਲਦੇ ਸਨ ਕਿ ਉਹ ਵੀ ਸੈਨਿਕ ਸਕੂਲ ’ਚ ਪੜ੍ਹਨਾ ਚਾਹੁੰਦੀਆਂ ਹਨ, ਉਨ੍ਹਾਂ ਲਈ ਵੀ ਸੈਨਿਕ ਸਕੂਲਾਂ ਦੇ ਦਰਵਾਜ਼ੇ ਖੋਲ੍ਹੇ ਜਾਣ। ਅੱਜ ਭਾਰਤ ਦੀਆਂ ਧੀਆਂ ਆਪਣੀ ਥਾਂ ਲੈਣ ਲਈ ਕਾਹਲੀਆਂ ਹਨ । ਇਹ ਵੀ ਕਿਹਾ ਕਿ ਫਾਲਤੂ ਦੇ ਕਾਨੂੰਨ ਖਤਮ ਕਰਨੇ ਜ਼ਰੂਰੀ ਹਨ। ਦੇਸ਼ ’ਚ 200 ਸਾਲ ਪਹਿਲਾਂ ਦਾ ਇਕ ਕਾਨੂੰਨ ਚੱਲਿਆ ਆ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਨਾਗਰਿਕ ਨੂੰ ਨਕਸ਼ਾ ਬਣਾਉਣ ਦੀ ਆਜ਼ਾਦੀ ਨਹੀਂ ਸੀ। ਕਰੋਨਾ ਕਾਲ ਦੀ ਗੱਲ ਕਰਦਿਆਂ ਮੋਦੀ ਜੀ ਨੇ ਕਿਹਾ ਕਿ ਇਸ ਦੌਰਾਨ ਦੇਸ਼ ਨੇ ਤਕਨੀਕੀ ਤਾਕਤ ਅਤੇ ਸਾਡੇ ਵਿਗਿਆਨੀਆਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਵੇਖਿਆ ਹੈ। ਦੇਸ਼ ਦੇ ਹਰ ਖੇਤਰ ’ਚ ਸਾਡੇ ਵਿਗਿਆਨੀ ਸੂਝ-ਬੂਝ ਨਾਲ ਕੰਮ ਕਰ ਰਹੇ ਹਨ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਖੇਤੀ ਖੇਤਰ ’ਚ ਵੀ ਵਿਗਿਆਨੀਆਂ ਦੀਆਂ ਸਮਰੱਥਾਵਾਂ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਜੋੜੀਏ।ਪਰਿਵਾਰ ’ਚ ਵੰਡ ਕਾਰਨ ਕਿਸਾਨਾਂ ਦੀ ਜ਼ਮੀਨ ਘੱਟ ਹੁੰਦੀ ਜਾ ਰਹੀ ਹੈ। ਛੋਟੇ ਕਿਸਾਨਾਂ ਨੂੰ ਹੁਣ ਸਰਕਾਰ ਪਹਿਲ ਦੇਵੇਗੀ। ਪਿਛਲੀਆਂ ਸਰਕਾਰਾਂ ਨੇ ਛੋਟੇ ਕਿਸਾਨਾਂ ’ਤੇ ਕਦੇ ਧਿਆਨ ਨਹੀਂ ਦਿੱਤਾ। ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ, ਇਹ ਸਾਡਾ ਸੁਪਨਾ ਹੈ। ਆਉਣ ਵਾਲੇ ਸਾਲਾਂ ’ਚ ਸਾਨੂੰਂ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮੂਹਿਕ ਸ਼ਕਤੀ ਨੂੰ ਹੋਰ ਵਧਾਉਣਾ ਪਵੇਗਾ। ਉਨ੍ਹਾਂ ਨੂੰ ਨਵੀਆਂ ਸਹੂਲਤਾਂ ਦੇਣੀਆਂ ਪੈਣਗੀਆਂ।ਦੇਸ਼ ਨੇ ਸੰਕਲਪ ਲਿਆ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ 75 ਹਫ਼ਤਿਆਂ ’ਚ 75 ਵੰਦੇ ਭਾਰਤ ਟ੍ਰੇਨਾਂ ਦੇਸ਼ ਦੇ ਹਰ ਕੋਨੇ ਨੂੰ ਆਪਸ ’ਚ ਜੋੜ ਰਹੀਆਂ ਹੋਣਗੀਆਂ। ਅੱਜ ਜਿਸ ਰਫ਼ਤਾਰ ਨਾਲ ਦੇਸ਼ ’ਚ ਨਵੇਂ ਹਵਾਈ ਅੱਡਿਆਂ ਦਾ ਨਿਰਮਾਣ ਹੋ ਰਿਹਾ ਹੈ, ਉਡਾਣ ਯੋਜਨਾ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਜੋੜ ਰਹੀ ਹੈ, ਉਹ ਵੀ ਬੇਮਿਸਾਲ ਹੈ। ਅੱਜ ਉੱਤਰ-ਪੱਛਮ ’ਚ ਕੁਨੈਕਟੀਵਿਟੀ ਦਾ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਕੁਨੈਕਟੀਵਿਟੀ ਦਿਲਾਂ ਦੀ ਵੀ ਹੈ ਅਤੇ ਇੰਫ੍ਰਾਸਟ੍ਰਕਚਰ ਦੀ ਵੀ ਹੈ। ਉੱਤਰ-ਪੱਛਮ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਬਹੁਤ ਜਲਦ ਪੂਰਾ ਹੋਣ ਵਾਲਾ ਹੈ। ਮੈਡੀਕਲ ਸਿੱਖਿਆ ’ਚ ਜ਼ਰੂਰੀ ਵੱਡੇ ਸੁਧਾਰ ਕੀਤੇ ਗਏ ਹਨ। ਪ੍ਰਿਵੈਂਟਿਵ ਹੈਲਥ ਕੇਅਰ ’ਤੇ ਵੀ ਓਨਾ ਹੀ ਧਿਆਨ ਦਿੱਤਾ ਗਿਆ ਹੈ। ਨਾਲ-ਨਾਲ ਦੇਸ਼ ’ਚ ਮੈਡੀਕਲ ਸੀਟਾਂ ’ਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ। ਬਹਤੁ ਜਲਦ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਕੋਲ ਆਪਣੇ ਆਕਸੀਜਨ ਪਲਾਂਟ ਵੀ ਹੋਣਗੇ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਸੇ ਸ਼ਰਧਾ ਨਾਲ ਅਸੀ ਸਾਰੇ ਜੁੜੇ ਹੋਏ ਹਾਂ। ਅੱਜ ਲਾਲ ਕਿਲ੍ਹੇ ਤੋਂ ਮੈਂ ਐਲਾਨ ਕਰ ਰਿਹਾ ਹੈ-ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਸਾਡੇ ਹਰ ਟੀਚਿਆਂ ਦੀ ਪ੍ਰਾਪਤੀ ਲਈ ਬਹੁਤ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਅਸੀਂ ਹੁਣੇ ਤੋਂ ਜੁਟ ਜਾਣਾ ਹੈ। ਸਾਡੇ ਕੋਲ ਗਵਾਉਣ ਲਈ ਇਕ ਪਲ਼ ਵੀ ਨਹੀਂ ਹੈ। ਇਹੀ ਸਮਾਂ ਹੈ, ਸਹੀ ਸਮਾਂ ਹੈ। ਬਦਲਦੇ ਹੋਏ ਯੁੱਗ ਦੇ ਅਨੁਸਾਰ ਸਾਨੂੰ ਵੀ ਆਪਣੇ ਆਪ ਨੂੰ ਢਾਲਣਾ ਪਵੇਗਾ। ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ਇਸੇ ਸ਼ਰਧਾ ਨਾਲ ਅਸੀਂ ਸਭ ਜੁਟ ਚੁੱਕੇ ਹਾਂ। ਬਿਨਾਂ ਭੇਦਭਾਵ ਆਖ਼ਰੀ ਲਾਈਨ ਦੇ ਵਿਅਕਤੀ ਤਕ ਸਹੂਲਤਾਂ ਪਹੁੰਚਾਉਣਾ ਹੀ ਸਾਡਾ ਟੀਚਾ ਹੋਵੇਗਾ। ਵਿਸਥਾਰਵਾਦ ਅਤੇ ਅੱਤਵਾਦ ਦੇ ਮੁੱਦੇ ਤੇ ਪੀ ਐਮ ਮੋਦੀ ਨੇ ਚੀਨ ਅਤੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ,‘‘ਅੱਜ ਦੁਨੀਆ ਭਾਰਤ ਨੂੰ ਇਕ ਨਵੀਂ ਦ੍ਰਿਸ਼ਟੀ ਨਾਲ ਦੇਖ ਰਹੀ ਹੈ ਅਤੇ ਇਸ ਦ੍ਰਿਸ਼ਟੀ ਦੇ 2 ਮਹੱਤਵਪੂਰਨ ਪਹਿਲੂ ਹਨ। ਇਕ ਅੱਤਵਾਦ ਅਤੇ ਦੂਜਾ ਵਿਸਥਾਰਵਾਦ। ਭਾਰਤ ਇਨ੍ਹਾਂ ਦੋਹਾਂ ਚੁਣੌਤੀਆਂ ਨਾਲ ਲੜ ਰਿਹਾ ਹੈ ਅਤੇ ਬਹੁਤ ਹਿੰਮਤ ਨਾਲ ਜਵਾਬ ਵੀ ਦੇ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਅੱਜ ਆਪਣਾ ਲੜਾਕੂ ਜਹਾਜ਼, ਪਣਡੁੱਬੀ ਅਤੇ ਗਗਨਯਾਨ ਵੀ ਬਣਾ ਰਿਹਾ ਹੈ ਅਤੇ ਇਹ ਸਵਦੇਸ਼ੀ ਉਤਪਾਦਨ ’ਚ ਭਾਰਤ ਦੇ ਸਮਝਦਾਰੀ ਨੂੰ ਉਜਾਗਰ ਕਰਦਾ ਹੈ।
Comment here