ਅਪਰਾਧਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਲਾਰੈਂਸ ਨੂੰ ਸਿੱਧੂ ਮੂਸੇਵਾਲੇ ਨਾਲ ਇੰਨੀ ਨਫ਼ਰਤ ਕਿਉਂ ਸੀ?

ਨੌਜਵਾਨਾਂ ਨੇ ਪੰਜਾਬ ਛੱਡਣ ਦੀ ਤਿਆਰੀ ਤੇਜ਼ ਕਰ ਦਿਤੀ ਹੈ ਕਿਉਂਕਿ ਮਾਂ ਬਾਪ ਹੁਣ ਰੋਕਣ ਦਾ ਯਤਨ ਵੀ ਨਹੀਂ ਕਰ ਰਹੇ। ਆਖ਼ਰਕਾਰ ਕਿਹੜੀ ਮਾਂ ਅਪਣੇ ਬੱਚੇ ਦੀ ਲਾਸ਼ ਨੂੰ ਸਜਾ ਕੇ ਸਿਵਿਆਂ ਦੀ ਰਾਖ ਬਣਾਉਣਾ ਚਾਹੁੰਦੀ ਹੈ? ਇਸ ਗੱਲ ਤੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਨਾ ਸਿਰਫ਼ ਪੰਜਾਬ ਪੁਲਿਸ ਸਗੋਂ ਦਿੱਲੀ ਪੁਲਿਸ, ਮਹਾਰਾਸ਼ਟਰ ਪੁਲਿਸ ਤੇ ਬਿਹਾਰ ਪੁਲਿਸ ਵੀ ਰਲ ਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਲੱਗੀ ਹੋਈ ਹੈ ਤੇ ਹੁਣ ਇਸ ਸਾਰੀ ਸਾਜ਼ਸ਼ ਨੂੰ ਲਾਰੈਂਸ ਬਿਸ਼ਨੋਈ ਦੀ ਮਦਦ ਨਾਲ ਸੁਲਝਾਉਣ ਦੇ ਯਤਨ ਚਲ ਰਹੇ ਹਨ। ਹੁਣ ਸੱਚ ਤਾਂ ਜਾਣਨਾ ਪਵੇਗਾ ਕਿ ਆਖ਼ਰਕਾਰ ਲਾਰੈਂਸ ਨੂੰ ਸਿੱਧੂ ਮੂਸੇਵਾਲੇ ਨਾਲ ਇੰਨੀ ਨਫ਼ਰਤ ਕਿਉਂ ਸੀ? ਸਿੱਧੂ ਤੇ ਵਿੱਕੀ ਮਿੱਠੂਖੇੜਾ ਦਾ ਕੀ ਸਬੰਧ ਹੋ ਸਕਦਾ ਸੀ? ਸਵਾਲ ਇਹ ਵੀ ਉਠ ਰਿਹਾ ਹੈ ਕਿ ਇਹ ਸਾਜ਼ਸ਼ ਕੀ ਕਿਸੇ ਵਲੋਂ ਇਸ ਲਈ ਰਚਾਈ ਗਈ ਕਿ ਇਸ ਨਾਲ ਪੰਜਾਬ ਵਿਚ ਨਵੀਂ ਸਰਕਾਰ ਬਦਨਾਮ ਹੋ ਜਾਵੇ? ਪਰ ਇਸ ਤੋਂ ਪਹਿਲਾਂ ਕਿ ਗੁੱਥੀ ਸੁਲਝ ਜਾਵੇ, ਵਿਦੇਸ਼ਾਂ ਵਿਚ ਬੈਠੇ ਗੋਲਡੀ ਬਰਾੜ ਨੇ ਇਕ ਪੱਤਰਕਾਰ ਨੂੰ ਇਕ ਇੰਟਰਵਿਊ ਦੌਰਾਨ ਇਸ ਕਤਲ ਨੂੰ ਪੰਥਕ ਰੰਗਤ ਦੇਣ ਦਾ ਯਤਨ ਕੀਤਾ ਹੈ। ਗੋਲਡੀ ਬਰਾੜ ਮੁਤਾਬਕ ਸਿੱਧੂ ਨੂੰ ਮਾਰਨ ਦਾ ਕਾਰਨ ਪੈਸਾ ਜਾਂ ਅਕਾਲੀ ਯੂਥ ਆਗੂ ਦੀ ਰੰਜਸ਼ ਨਹੀਂ ਸੀ ਬਲਕਿ ਇਕ ਪੰਥਕ ਕਾਰਨ ਸੀ। ਅਜੀਬ ਗੱਲ ਹੈ ਕਿ ਪੰਜਾਬ ਵਿਚ ਅੱਜ ਸਿਆਸਤਦਾਨ ਹੀ ਨਹੀਂ ਬਲਕਿ ਕਤਲ ਕਰਨ ਵਾਲੇ ਵੀ ਪੰਥਕ ਮੁੱਦਿਆਂ ਦੀ ਯਾਦ ਕਰਵਾ ਰਹੇ ਹਨ। ਗੋਲਡੀ ਦਾ ਕਹਿਣਾ ਸੀ ਕਿ ਪੰਜਾਬ ਲਾਰੈਂਸ ਬਿਸ਼ਨੋਈ, ਗੋਲਡੀ ਤੇ ਹੋਰ ਸਾਥੀਆਂ ਨੂੰ ਗੈਂਗਸਟਰ ਆਖ ਰਿਹਾ ਹੈ ਤੇ ਸਿੱਧੂ ਮੂਸੇਵਾਲਾ ਨੂੰ ਇਕ ਗੁਰਸਿੱਖ ਜਦਕਿ ਮੂਸੇਵਾਲਾ, ਸੰਤਾਂ ਨੂੰ ਮੰਨਣ ਵਾਲੇ ਤੇ ਉਨ੍ਹਾਂ ਦੇ ਟੈਟੂ ਬਾਂਹਾਂ ਤੇ ਬਣਾਉਣ ਵਾਲੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸਾਹਮਣੇ ਸਿਰ ਝੁਕਾਈ ਫਿਰਦੇ ਸਨ। ਸੋ ਇਸ ਕਰ ਕੇ ਉਸ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਕਾਰਨ ਮਾਰਿਆ। ਪਤਾ ਨਹੀਂ ਗੋਲਡੀ ਬਰਾੜ ਅਪਣੇ ਬੋਲੇ ਸ਼ਬਦਾਂ ਤੇ ਆਪ ਵੀ ਯਕੀਨ ਕਰਦਾ ਹੈ ਕਿ ਨਹੀਂ ਜਾਂ ਕੀ ਉਹ ਅਸਲ ਸਾਜ਼ਸ਼ ਵਲੋਂ ਧਿਆਨ ਹਟਾਉਣ ਦਾ ਯਤਨ ਕਰ ਰਿਹਾ ਹੈ? ਸੱਚ ਤਾਂ ਉਹੀ ਜਾਣਦਾ ਹੈ ਪਰ ਜੇ ਉਹ ਇਸ ਗੱਲ ਤੇ ਯਕੀਨ ਕਰਦਾ ਹੈ ਤਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਜਾ ਸਕਦਾ ਸੀ। ਕਿੰਨੇ ਹੀ ਟਕਸਾਲੀ ਅਕਾਲੀ, ਕਾਂਗਰਸ ਵਿਚ ਸ਼ਾਮਲ ਹੋਏ ਹਨ। ਕਿੰਨੇ ਹੀ ਸੰਤਾਂ ਦੀ ਮੌਤ ਤੇ ਰੋਣ ਵਾਲੇ ਤੇ ਇੰਦਰਾ ਗਾਂਧੀ ਦੇ ਕਤਲ ਨੂੰ ਸਹੀ ਮੰਨਣ ਵਾਲੇ ਕਾਂਗਰਸ ਨੂੰ ਪੰਜਾਬ ਦੀ ਵਾਗਡੋਰ ਵਾਰ ਵਾਰ ਦੇ ਚੁਕੇ ਹਨ। ਅਖ਼ੀਰ ਗ਼ਲਤੀ ਮੰਨ ਲਈ ਗਈ। ਕਾਂਗਰਸ ਨੇ ਗ਼ਲਤੀ ਸੁਧਾਰੀ, ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਿੱਖਾਂ ਦਾ ਕੱਦ ਉੱਚਾ ਕੀਤਾ ਗਿਆ। ਤਾਂ ਫਿਰ ਇਕੱਲੇ ਸਿੱਧੂ ਮੂਸੇਵਾਲਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਹੈ? ਸਿੱਖ ਇਤਿਹਾਸ ਵਿਚ ਤਾਂ ਗੁਰੂ ਗੋਬਿੰਦ ਸਿੰਘ ਜੀ ਅਪਣੇ ਪੁੱਤਰਾਂ ਦੇ ਕਾਤਲ, ਔਰੰਗਜ਼ੇਬ ਨਾਲ ਸਮਾਜ ਦੇ ਭਲੇ ਵਾਸਤੇ ਗੱਲਬਾਤ ਕਰਨ ਲਈ ਤਿਆਰ ਹੋ ਗਏ ਸਨ। ਅੱਜ ਨੌਜਵਾਨ ਸੱਭ ਸੁਣ ਰਹੇ ਹਨ। ਸਿਆਸਤਦਾਨਾਂ ਦੀਆਂ ਸਾਜ਼ਸ਼ਾਂ ਨੂੰ ਛੱਡ ਕੇ ਇਨ੍ਹਾਂ ਦੇ ਸ਼ਬਦਾਂ ਨੂੰ ਸੱਚ ਮੰਨ ਕੇ, ਆਪ ਫ਼ੈਸਲਾ ਕਰੋ। ਕੀ ਪੰਥ ਦੀ ਸੇਵਾ ਗੋਲਡੀ ਬਰਾੜ ਦੀ ਏ.ਕੇ. 47 ਕਰ ਰਹੀ ਸੀ ਜਾਂ ਸਿੱਧੂ ਮੂਸੇਵਾਲਾ ਦਸਤਾਰ ਸਜਾਈ ਤੇ ਪੂਰੀ ਦਾੜ੍ਹੀ ਰੱਖ, ਪੰਜਾਬੀ ਗੀਤਾਂ ਨੂੰ ਅੰਤਰਰਾਸ਼ਟਰੀ ਮਹਿਫ਼ਲਾਂ ਵਿਚ ਮਾਣ ਦਿਵਾ ਕੇ ਕਰ ਰਿਹਾ ਸੀ? ਕੀ ਵਿਦੇਸ਼ ਵਿਚ ਗੈਂਗਸਟਰ ਦਾ ਰੁਤਬਾ ਹਾਸਲ ਕਰਨ ਵਾਲਾ ਸਹੀ ਹੈ ਜਾਂ ਸਿੱਧੂ ਮੂਸੇਵਾਲਾ ਨੂੰ ਅਪਣਾ ਨਾਇਕ ਮੰਨੋਗੇ ਜੋ ਪੰਜਾਬ ਵਿਚ ਰਹਿ ਕੇ ਅਪਣਾ ਘਰ ਬਣਾ ਰਿਹਾ ਸੀ? ਕਿਸ ਦੇ ਮਾਂ ਬਾਪ ਅੱਜ ਅਪਣੇ ਬੱਚੇ ਤੇ ਫ਼ਖ਼ਰ ਕਰਦੇ ਹਨ, ਗੋਲਡੀ ਦੇ ਜਾਂ ਸਿੱਧੂ ਦੇ?

ਸੰਤਾਂ ਦੀ ਗੱਲ ਕਰਨੀ ਸੌਖੀ ਹੈ ਪਰ ਕੀ ਕਿਸੇ ਨੂੰ ਯਾਦ ਹੈ ਕਿ ਉਨ੍ਹਾਂ ਲੜਾਈ ਕਿਉਂ ਸ਼ੁਰੂ ਕੀਤੀ ਸੀ? ਕੀ ਅੱਜ ਗੋਲਡੀ ਬਰਾੜ ਪੰਜਾਬ ਦੇ ਪਾਣੀ, ਰਾਜਧਾਨੀ ਜਾਂ ਭਾਸ਼ਾ ਦੀ ਰਾਖੀ ਕਰ ਰਿਹਾ ਹੈ? ਨੌਜਵਾਨਾਂ ਨੂੰ ਭਾਵੁਕ ਕਰ ਕੇ ਅਪਣੀਆਂ ਤਿਜੌਰੀਆਂ ਪਹਿਲਾਂ ਵੀ ਭਰੀਆਂ ਗਈਆਂ। ਪਰ ਇਸ ਵਾਰ ਨੌਜਵਾਨਾਂ ਤੇ ਵਖਰਾ ਵਾਰ ਹੋ ਰਿਹਾ ਹੈ। ਨੌਜਵਾਨਾਂ ਨੂੰ ਹੁਣ ਸੰਭਲ ਕੇ ਅਪਣੇ ਕਦਮ ਚੁਕਣੇ ਪੈਣਗੇ। ਤੁਸੀਂ ਕਿਹੜੇ ਰਾਹ ਚਲਣਾ ਹੈ, ਇਹ ਫ਼ੈਸਲਾ ਕਰਨ ਦੀ ਤਾਕਤ ਤੁਹਾਨੂੰ ਕੁਦਰਤ ਨੇ ਭਲੀ ਭਾਂਤ ਦਿਤੀ ਹੈ। ਸੋਚ ਸਮਝ ਕੇ ਫ਼ੈਸਲਾ ਕਰੋ। ਅੱਜ ਜੋ ਕਾਗ਼ਜ਼ ਕਲਮ ਨੂੰ ਸ਼ਸਤਰ ਬਣਾ ਕੇ ਅਪਣੇ ਆਪ ਨੂੰ ਸਮਾਜ ਵਿਚ ਉੱਚਾ ਚੁਕ ਲੈਂਦੇ ਹਨ, ਉਨ੍ਹਾਂ ਨੂੰ ਪੰਥ ਦਾ ਦੁਸ਼ਮਣ ਕਿਉਂ ਕਰਾਰ ਦਿਤਾ ਜਾਂਦਾ ਹੈ? ਇਸ ਸਵਾਲ ਦਾ ਸਹੀ ਜਵਾਬ ਤੁਹਾਨੂੰ ਰਸਤਾ ਜ਼ਰੂਰ ਵਿਖਾਵੇਗਾ।

  -ਨਿਮਰਤ ਕੌਰ

Comment here