ਸਿਆਸਤਸਿਹਤ-ਖਬਰਾਂਖਬਰਾਂ

ਲਾਪਰਵਾਹੀ ਦਾ ਨਤੀਜਾ ਹੈ ਕਰੋਨਾ ਦੀ ਵਾਪਸੀ

ਨਵੀਂ ਦਿੱਲੀ-ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਫਰਵਰੀ ਤੋਂ ਨਿਰੰਤਰ ਢਲਾਨ ‘ਤੇ ਸੀ ਤੇ ਮਾਹਰਾਂ ਦਾ ਕਹਿਣਾ ਸੀ ਕਿ ਇਹ ਲਹਿਰ ਖਤਮ ਹੀ ਸਮਝੀ ਜਾਏ | ਸਰਕਾਰਾਂ ਪਾਬੰਦੀਆਂ ਚੁੱਕ ਚੁੱਕੀਆਂ ਹਨ ਤੇ ਮਾਸਕ ਪਾਉਣ ਵਾਲੇ ਵੀ ਟਾਂਵੇਂ-ਟਾਵੇਂ ਹੀ ਨਜ਼ਰ ਆਉਂਦੇ ਹਨ | ਦੂਜੀ ਲਹਿਰ ਆਉਣ ਤੋਂ ਪਹਿਲਾਂ ਵੀ ਸਰਕਾਰਾਂ ਤੇ ਲੋਕ ਬੇਫਿਕਰ ਹੋ ਗਏ ਸਨ | ਨਤੀਜੇ ਵਜੋਂ ਭਾਰੀ ਜਾਨੀ ਨੁਕਸਾਨ ਹੋਇਆ ਸੀ | ਅਜਿਹੀ ਬੇਫਿਕਰੀ ਫਿਰ ਨੁਕਸਾਨ ਕਰ ਸਕਦੀ ਹੈ | ਭਾਰਤ ਸਣੇ ਦੁਨੀਆ ਭਰ ਤੋਂ ਕੋਰੋਨਾ ਕੇਸ ਵਧਣ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਹਨ | ਭਾਰਤ ਦੇ 734 ਜ਼ਿਲਿ੍ਹਆਂ ਵਿਚੋਂ 29 ਜ਼ਿਲੇ੍ਹ ਅਜਿਹੇ ਹਨ, ਜਿਥੇ ਹਫਤਾਵਾਰੀ ਪਾਜ਼ੀਟਿਵਿਟੀ ਰੇਟ 5 ਫੀਸਦੀ ਤੋਂ ਵੱਧ ਹੈ | ਸੰਸਾਰ ਸਿਹਤ ਜਥੇਬੰਦੀ ਦੇ ਹਿਸਾਬ ਨਾਲ ਇਨ੍ਹਾਂ ਜ਼ਿਲਿ੍ਹਆਂ ਵਿਚ ਲਾਗ ਅਜੇ ਬੇਕਾਬੂ ਹੈ | 23 ਜ਼ਿਲਿ੍ਹਆਂ ਵਿਚ ਹਾਲਤ ਹੋਰ ਖਰਾਬ ਹਨ, ਜਿਥੇ ਪਾਜ਼ੀਟਿਵਿਟੀ ਰੇਟ 10 ਫੀਸਦੀ ਤੋਂ ਵੱਧ ਹੈ | ਅੱਠ ਜ਼ਿਲਿ੍ਹਆਂ ਵਿਚ ਪਾਜ਼ੀਟਿਵਿਟੀ ਰੇਟ 20 ਫੀਸਦੀ ਤੋਂ ਵੱਧ ਹੈ | ਪਾਜ਼ੀਟਿਵਿਟੀ ਰੇਟ ਦਾ ਮਤਲਬ ਹੈ ਕਿ ਹਰ 100 ਟੈੱਸਟਾਂ ਵਿਚ ਕਿੰਨੇ ਕੋਰੋਨਾ ਮਰੀਜ਼ ਲੱਭ ਰਹੇ ਹਨ | ਪਿਛਲੇ ਮਹੀਨੇ ਦੇਸ਼ ਵਿਚ ਹਰ ਰੋਜ਼ ਇਕ ਹਜ਼ਾਰ ਤੋਂ ਵੱਧ ਮਰੀਜ਼ ਮਿਲੇ | ਪਿਛਲੇ ਦੋ ਮਹੀਨਿਆਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਨਵੇਂ ਮਰੀਜ਼ਾਂ ਨਾਲੋਂ ਘੱਟ ਹੈ |  ਦੇਸ਼ ਵਿਚ ਹੁਣ ਤੱਕ 4 ਕਰੋੜ 30 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ ਤੇ 5 ਲੱਖ 21 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ | ਅੱਜ ਕਲ ਹਰ ਰੋਜ਼ ਤਿੰਨ ਹਜਾ਼ਰ ਤੋਂ ਵਧ ਕੇਸ ਆਉਣ ਲੱਗੇ ਹਨ। ਦਿੱਲੀ ਤੇ ਹਰਿਆਣਾ ਤੋਂ ਇਲਾਵਾ ਕੇਰਲਾ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਿਜ਼ੋਰਮ, ਮਨੀਪੁਰ ਤੇ ਓਡੀਸ਼ਾ ਵਿਚ ਬਹੁਤੇ ਕੇਸ ਆ ਰਹੇ ਹਨ | ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਮਾਹਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਰਾਜਾਂ ਨੂੰ ਨਿਗਰਾਨੀ ਵਧਾਉਣ ਤੇ ਖਾਸ ਚੌਕਸੀ ਵਰਤਣ ਦੀ ਹਦਾਇਤ ਕੀਤੀ ਹੈ | ਮੰਡਾਵੀਆ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਵਿਚ ਹੈ, ਪਰ ਭਲਕ ਬਾਰੇ ਕੁਝ ਨਹੀਂ ਕਹਿ ਸਕਦੇ | ਦੱਖਣੀ ਕੋਰੀਆ, ਜਰਮਨੀ, ਫਰਾਂਸ, ਵੀਅਤਨਾਮ, ਇਟਲੀ, ਚੀਨ ਤੇ ਅਮਰੀਕਾ ਵਿਚ ਕੇਸ ਤੇਜ਼ੀ ਨਾਲ ਵਧ ਰਹੇ ਹਨ | ਇਸ ਤਾਜ਼ਾ ਲਹਿਰ ਦੇ ਪਿੱਛੇ ‘ਸਟੇਲਥ ਓਮੀਕਰੋਨ’ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ | ਦੱਖਣੀ ਕੋਰੀਆ ਵਿਚ ਤਾਂ ਪਿਛਲੇ ਇਕ ਹਫਤੇ ਤੋਂ ਰੋਜ਼ਾਨਾ ਔਸਤਨ 2 ਲੱਖ ਕੇਸ ਆ ਰਹੇ ਹਨ। ਰੋਜ਼ਾਨਾ ਔਸਤਨ 300 ਮੌਤਾਂ ਹੋ ਰਹੀਆਂ ਹਨ।  ਜਰਮਨੀ ਵਿਚ ਰੋਜ਼ਾਨਾ ਔਸਤਨ ਡੇਢ ਲੱਖ ਕੇਸ ਆ ਰਹੇ ਹਨ। ਚੀਨ ਦੇ ਸ਼ੰਘਾਈ ਵਿਚ ਸਖਤ ਲਾਕਡਾਊਨ ਦਰਮਿਆਨ ਹਜ਼ਾਰਾਂ ਕੇਸ ਮਿਲ ਰਹੇ ਹਨ। ਇਹ ਅੰਕੜੇ ਦੱਸਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਮਹਿੰਗੀ ਪੈ ਸਕਦੀ ਹੈ। ਬੁਨਿਆਦੀ ਸਾਵਧਾਨੀਆਂ ਵੱਲ ਪਰਤਣ ‘ਚ ਹੀ ਭਲਾ ਹੈ।

Comment here