ਸਿਆਸਤਖਬਰਾਂਚਲੰਤ ਮਾਮਲੇ

ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ…

 ਸੰਯੁਕਤ ਸਮਾਜ ਮੋਰਚੇ ਤੇ ਆਮ ਆਦਮੀ ਪਾਰਟੀ ਦੀ ਸਿਆਸੀ ਯਾਰੀ ਦਾ ਟੁੱਟਣਾ ਤੇ ਆਮ ਆਦਮੀ

ਵਿਸ਼ੇਸ਼ ਰਿਪੋਰਟ-ਸੰਜੀਵ ਅਗਰਵਾਲ
…ਹਾਂ ਕਿਸਾਨ ਮੋਰਚੇ ਨਾਲ ਸਾਡੀ ਧਿਰ ਦੀਆਂ ਵੋਟਾਂ ਦਾ ਨੁਕਸਾਨ ਹੋਵੇਗਾ-ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਬੜੀ ਸਪੱਸ਼ਟਤਾ ਨਾਲ ਇਹ ਗੱਲ ਮੰਨੀ ਹੈ।
ਕੁਝ ਦਨ ਪਹਿਲਾਂ ਚਰਚਾ ਹੁੰਦੀ ਰਹੀ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਵਲੋਂ ਮੁਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ, ਘੈਂਸ-ਘੈਂਸ ਵਿਚ ਨਾ ਕਿਸੇ ਨੇ ਖੁੱਲ੍ਹ ਕੇ ਨਕਾਰਿਆ ਨਾ ਮੰਨਿਆ, ਪਰ ਦੋਵਾਂ ਧਿਰਾਂ ਦੀ ਰਲ ਕੇ ਚੋਣ ਲੜਨ ਦੀ ਸਰਗਰਮੀ ਖੁੱਲ੍ਹ ਕੇ ਨਸ਼ਰ ਹੋਈ। ਗੱਲ ਸੀਟਾਂ ਦੀ ਵੰਡ ਤੇ ਆ ਕੇ ਵਿਗੜੀ। ਕੇਜਰੀਵਾਲ ਨੇ ਕਿਹਾ ਕਿ ਰਾਜੇਵਾਲ ਹੁਰੀਂ ਜੇ ਪਹਿਲਾਂ ਆ ਜਾਂਦੇ ਤਾਂ ਗਲ ਬਣ ਜਾਂਦੀ, ਉਹ ਉਦੋਂ ਆਏ ਜਦ ਅਸੀਂ ਨੱਬੇ ਸੀਟਾਂ ਵੰਡ ਚੁਕੇ ਸੀ, ਉਹ ਰੱਦ ਨਹੀ ਸੀ ਕਰ ਸਕਦੇ। ਗੱਲ ਗਠਜੋੜ ਵਾਲੀ ਗੱਲਬਾਤ ਟੁੱਟੀ ਤਾਂ ਰਾਜੇਵਾਲ ਨੇ ਸ਼ਰੇਆਮ ਮੀਡੀਆ ਵਿਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਕਿਆਂ ਨੇ ਟਿਕਟਾਂ ਵੇਚੀਆਂ ਨੇ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ  ਲਈ ਆਮ ਆਦਮੀ ਪਾਰਟੀ ਵੱਲੋਂ ਪੈਸੇ ਲੈ ਕੇ ਉਮੀਦਵਾਰਾਂ ਨੂੰ ਟਿਕਟਾਂ ਵੇਚਣ ਦਾ ਦੋਸ਼ ਲੱਗਦਾ ਹੈ ਤੇ ਸਭ  ਤੋਂ ਵੱਧ ਜ਼ੋਰ ਨਾਲ ਇਹ ਦੋਸ਼ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚੇ ਦੇ ਮੁਖੀ ਬਲਬੀਰ ਰਾਜੇਵਾਲ ਨੇ ਲਾਇਆ ਸੀ। ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਫ ਕਿਹਾ ਕਿ ‘ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਲੱਗਦੀ, ਸਬੂਤ ਦਿਉ, ਅਸੀਂ ਕੇਸ ਦਰਜ ਕਰਾਵਾਂਗੇ।’
ਖਰੜ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਰਾਜੇਵਾਲ ਸਾਹਿਬ ਚੰਗੇ ਇਨਸਾਨ ਹਨ। ਉਹ ਮੇਰੇ ਘਰ ਆਏ ਤੇ ਮੈਨੂੰ ਇਕ ਪੈੱਨ ਡਰਾਇਵ ਦਿੱਤੀ ਸੀ, ਜਿਸ ਵਿੱਚ ਇੱਕ ਆਡੀਓ ਕਲਿੱਪ ਸੀ।ਇਸ ਆਡੀਓ ਕਲਿੱਪ ਵਿੱਚ ਦੋ ਜਣੇ ਆਪੋ ਵਿੱਚ ਗੱਲਾਂ ਕਰਦੇ ਸਨ। ਇਕ ਜਣਾ ਕਹਿੰਦਾ ਹੈ ਕਿ ਕੇਜਰੀਵਾਲ ਪੈਸੇ ਖਾਂਦਾ ਹੈ, ਕੇਜਰੀਵਾਲ ਸਾਰੇ ਕੰਮ ਪੈਸੇ ਲੈ ਕੇ ਕਰਦਾ ਹੈ। ਇਸੇ ਤਰ੍ਹਾਂ ਦੂਸਰਾ ਵਿਅਕਤੀ ਮਨੀਸ਼ ਸਿਸੋਦੀਆ ਉੱਤੇ ਇਹੀ ਦੋਸ਼ ਲਾ ਰਿਹਾ ਹੈ ਤੇ ਰਾਘਵ ਚੱਢਾ ਬਾਰੇ ਵੀ ਕਿਹਾ ਗਿਆ ਸੀ ਕਿ ਉਹ ਫਾਈਵ ਸਟਾਰ ਹੋਟਲ ਵਿੱਚ ਠਹਿਰਦਾ ਹੈ।’ ਕੇਜਰੀਵਾਲ ਨੇ ਕਿਹਾ ਕਿ ‘ਦੋ ਜਣੇ ਏਦਾਂ ਗੱਲਾਂ ਕਰਦੇ ਹਨ ਤਾਂ ਇਸ ਆਡੀਓ ਦੇ ਆਧਾਰ ਉੱਤੇ ਕਿਸੇ ਦੇ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ, ਨਾ ਇਸ ਵਿੱਚ ਟਿਕਟ ਲੈਣ ਵਾਲਾ, ਨਾ ਟਿਕਟ ਦੇਣ ਵਾਲਾ ਤੇ ਨਾ ਕੋਈ ਵਿਚੋਲਾ ਬੋਲਦਾ ਹੈ।’
ਕੇਜਰੀਵਾਲ ਨੇ ਰਾਜੇਵਾਲ ਦੀਆਂ ਸਿਫਤਾਂ ਕਰਦੇ ਹੋਏ ਇਹ ਵੀ ਕਿਹਾ ਸੀ ਕਿ ‘ਰਾਜੇਵਾਲ ਸਾਹਿਬ ਬਹੁਤ ਚੰਗੇ ਤੇ ਭੋਲੇ ਇਨਸਾਨ ਹਨ। ਉਨ੍ਹਾਂ ਨੂੰ ਕਿਸੇ ਨੇ ਗੁੰਮਰਾਹ ਕੀਤਾ ਹੈ।’ ਨਾਲ ਹੀ ਕੇਜਰੀਵਾਲ ਨੇ ਰਾਜੇਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ‘ਜੇ ਉਨ੍ਹਾਂ ਕੋਲ ਸਾਡੀ ਪਾਰਟੀ ਖਿਲਾਫ ਟਿਕਟਾਂ ਵੇਚਣ ਦਾ ਕੋਈ ਸਬੂਤ ਹੈ ਤਾਂ ਮੈਨੂੰ ਦੱਸਣ ਦੀ ਥਾਂ ਸਾਰਿਆਂ ਨੂੰ ਦੱਸਣ, ਜੇ ਇਹ ਸੱਚਾ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੇ ਟਿਕਟਾਂ ਵੇਚੀਆਂ ਹਨ ਤਾਂ ਮੈਂ ਟਿਕਟ ਵੇਚਣ ਅਤੇ ਖ਼ਰੀਦਣ ਵਾਲੇ ਨੂੰ 24 ਘੰਟਿਆਂ ਵਿੱਚ ਪਾਰਟੀ ਤੋਂ ਕੱਢ ਦਵਾਂਗਾ ਅਤੇ ਅਜਿਹੇ ਬੰਦਿਆਂ ਨੂੰ ਜੇਲ੍ਹ ਭੇਜ ਕੇ ਰਹਾਂਗਾ।’
ਇਸ ਮੁੱਦੇ ਤੇ ਰੋਜਾਨਾ ਸਪੋਕਸਮੈਨ ਅਖਬਾਰ ਦੀ ਸੰਪਾਦਕਾ ਨਿਮਰਤ ਕੌਰ ਨੇ ਲਿਖਿਆ ਹੈ- ਕਿਸਾਨਾਂ ਤੇ ‘ਆਪ’ ਦੀ ਯਾਰੀ ਸੀਟਾਂ ਦੇ ਸਵਾਲ ‘ਤੇ ਕੀ ਟੁੱਟੀ, ਤਿੱਖੀ ਦੂਸ਼ਣਬਾਜ਼ੀ ਵੀ ਸ਼ੁਰੂ
ਬੀਬੀ ਨਿਮਰਤ ਕੌਰ ਨੇ ਲਿਖਿਆ ਹੈ ਕਿ- ਪੰਜਾਬ ਦੇ ਲੋਕ ਇਕ ਨਵੀਂ ਨਰੋਈ ਰਾਜਨੀਤੀ ਮੰਗਦੇ ਹਨ ਤੇ ਇਹ ਸਹੀ ਮੰਗ ਵੀ ਹੈ। ਆਖ਼ਰਕਾਰ ਕਦੋਂ ਤਕ ਕੋਈ ਗਲੀਆਂ ਨਾਲੀਆਂ ਦੀ ਗੱਲ ਕਰਦਾ ਰਹੇਗਾ? ਪੰਜਾਬੀ ਵੋਟਰ ਦੋ ਪ੍ਰਵਾਰਾਂ ਦੀ ਸਿਆਸੀ ਖਹਿਬਾਜ਼ੀ ਤੇ ਅੰਦਰੋਂ ਮਿਲ ਕੇ ਖੇਡੀ ਜਾ ਰਹੀ ਖੇਡ ਤੋਂ ਵੀ ਅਲੱਗ ਹੋਣਾ ਚਾਹੁੰਦੇ ਹਨ। ਇਸੇ ਕਰ ਕੇ ‘ਆਪ’ ਨੂੰ ਸੱਭ ਤੋਂ ਵੱਧ ਹੁੰਗਾਰਾ ਪੰਜਾਬ ਵਿਚੋਂ ਮਿਲਿਆ ਹੈ। ਦਿੱਲੀ ਵਿਚ ਪਹਿਲੀ ਜਿੱਤ ਪਿਛੇ ਵੀ ਪੰਜਾਬ ਤੇ ਪੰਜਾਬ ਦੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਹੱਥ ਤੇ ਪੈਸਾ ਸੀ।ਜਿਵੇਂ ਐਨ.ਆਰ.ਆਈ ਭਾਈਚਾਰੇ ਨੇ ‘ਆਪ’ ਨੂੰ ਸਮਰਥਨ ਦਿਤਾ, ਉਸੇ ਤਰ੍ਹਾਂ ਦਾ ਸਮਰਥਨ ਉਨ੍ਹਾਂ ਹੁਣੇ ਜਹੇ ਕਿਸਾਨੀ ਸੰਘਰਸ਼ ਨੂੰ ਵੀ ਦਿੱਤਾ। ਕਿਸਾਨਾਂ ਦੇ ਸੰਘਰਸ਼ ਨੂੰ ਤਾਕਤਵਰ ਬਣਵਾਉਣ ਵਾਸਤੇ ਪੈਸਾ ਵੀ ਉਸੇ ਤਰ੍ਹਾਂ ਭੇਜਿਆ ਗਿਆ। ਜਿਵੇਂ ‘ਆਪ’ ਨੇ ਦਿੱਲੀ ਜਿੱਤੀ ਸੀ, ਕਿਸਾਨਾਂ ਨੇ ਵੀ ਦਿੱਲੀ ਫ਼ਤਿਹ ਕੀਤੀ। ਉਸ ਅੱਧੀ ਜਿੱਤ ਦੇ ਜੋਸ਼ ਵਿਚ ਅੱਧੀਆਂ ਜਥੇਬੰਦੀਆਂ ਹੁਣ ਸੱਤਾ ਵਲ ਦੌੜਨ ਲੱਗ ਪਈਆਂ ਹਨ। ਪੂਰੀ ਫ਼ਤਿਹ ਐਮਐਸਪੀ ਤੇ ਲਖੀਮਪੁਰ ਕਾਂਡ ਦਾ ਇਨਸਾਫ਼ ਲੈਣ ਮਗਰੋਂ ਹੀ ਮਿਲੇਗੀ। ਕੇਂਦਰ ਵੀ ਸਮਝਦਾਰ ਹੈ। ਉਹ ਜਾਣਦਾ ਸੀ ਕਿ ਪੰਜਾਬੀ ਲੀਡਰ, ਸੱਤਾ ਮਿਲਣ ਦੀ ਝਾਕ ਵਿਚ ਲੜਾਈ ਦਾ ਰਸਤਾ ਮੋੜ ਲੈਣਗੇ ਤੇ ਉਨ੍ਹਾਂ ਕਿਸਾਨੀ ਏਕਤਾ ਨੂੰ ਤੋੜਨ ਦੀ ਨੀਤੀ ਤਿਆਰ ਕੀਤੀ ਤੇ ਸਫ਼ਲਤਾ ਹਾਸਲ ਵੀ ਕਰ ਗਏ।
ਪਰ ਹੁਣ ਵੋਟਰ ਸਾਹਮਣੇ ਇਕ ਚੁਣੌਤੀ ਖੜੀ ਹੋ ਗਈ ਹੈ, ਕਿਉਂਕਿ ਦੋਵੇਂ ਪਾਰਟੀਆਂ, ਕਿਸਾਨੀ ਤੇ ‘ਆਪ’ ਵਿਰੋਧੀਆਂ ਨੂੰ ਤਾਂ ਵੱਡੀ ਚੁਣੌਤੀ ਦੇ ਹੀ ਰਹੀਆਂ ਹਨ ਪਰ ਅਫ਼ਸੋਸ ਕਿ ਨਾਲ-ਨਾਲ ਦੋਵੇਂ ਪਾਰਟੀਆਂ ਇਕ ਦੂਜੇ ਤੇ ਵੀ ਦੋਸ਼ ਵੀ ਲਗਾ ਰਹੀਆਂ ਹਨ। ਇਨ੍ਹਾਂ ਦੋਹਾਂ ਧਿਰਾਂ ਵਿਚ ਦੋਸਤੀ ਵੀ ਗੂੜ੍ਹੀ ਰਹੀ ਹੈ ਤੇ ਇਹ ਇਕ ਦੂਜੇ ਦੀਆਂ ਕਮਜ਼ੋਰੀਆਂ ਵੀ ਜਾਣਦੀਆਂ ਹਨ। ‘ਆਪ’ ਨੇ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਦੇ ਹਜੂਮ ਨੂੰ ਅਪਣੀ ਚੋਣ ਮੁਹਿੰਮ ਦਾ ਹਿੱਸਾ ਬਣਾ ਕੇ ਸੇਵਾ ਕੀਤੀ ਪਰ ਅੱਜ ਦੋਹਾਂ ਦੀ ਗੱਲ ਸੀਟਾਂ ਤੇ ਆ ਕੇ ਅਟਕ ਗਈ ਜਾਂ ਨਾ ਬਣੀ ਤਾਂ ਇਕ ਦੂਜੇ ਵਿਰੁਧ ਦੋਸ਼ ਵੀ ਲਗਣੇ ਸ਼ੁਰੂ ਹੋ ਗਏ। ਸੰਯੁਕਤ ਮੋਰਚਾ ਆਖਦਾ ਹੈ ਕਿ ‘ਆਪ’ ਵਾਲਿਆਂ ਨੇ ਐਨ.ਆਰ.ਆਈਜ਼ ਕੋਲੋਂ ਅਰਬਾਂ ਵਿਚ ਪੈਸਾ ਲਿਆ ਹੈ ਤੇ ਉਹ ਕਿਸਾਨਾਂ ਨੂੰ ਸੀਟਾਂ ਨਹੀਂ ਦੇਣਾ ਚਾਹੁੰਦੇ ਸਨ। ਸਿਰਫ਼ ਮੁੱਖ ਮੰਤਰੀ ਚਿਹਰਾ ਬਣਾ ਕੇ ਕਿਸਾਨੀ ਭਾਵਨਾਵਾਂ ਤੇ ਵੋਟਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ‘ਆਪ’ ਵੀ ਨਰਾਜ਼ਗੀ ਵਿਚ ਕਿਸਾਨੀ ਮੋਰਚੇ ਉਤੇ ਭਾਜਪਾ ਨਾਲ ਮਿਲੇ ਹੋਣ ਦੇ ਦੋਸ਼ ਲਗਾ ਰਹੀ ਹੈ। ਇਸ ਤਰ੍ਹਾਂ ਦੇ ਦੋਸ਼ ਅੱਜ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲਿਆਂ ਨੂੰ ਵੀ ਸਦਮਾ ਪਹੁੰਚਾ ਰਹੇ ਹਨ, ਕਿਉਂਕਿ ਇਸ ਸੰਘਰਸ਼ ਦਾ ਚਿਹਰਾ ਭਾਵੇਂ 32 ਆਗੂ ਬਣੇ ਪਰ ਇਸ ਵਿਚ ਕਰੋੜਾਂ ਆਮ ਪੰਜਾਬੀਆਂ ਦਾ ਸਾਥ ਵੀ ਸ਼ਾਮਲ ਸੀ।
ਸਾਡੇ ਵਰਗੇ ਮੀਡੀਆ ਹਲਕਿਆਂ ਨੂੰ ਕਿਸਾਨੀ ਅੰਦੋਲਨ ਦੇ ਹੱਕ ਵਿਚ ਡਟਣ ਵਾਸਤੇ ਦਿੱਲੀ ਤੋਂ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ ਤੇ ਦਿੱਲੀ ਤੋਂ ਆਉਂਦੇ ਇਸ਼ਤਿਹਾਰ ਬੰਦ ਕਰ ਕੇ ਆਰਥਿਕ ਨੁਕਸਾਨ ਪਹੁੰਚਾਇਆ ਗਿਆ ਸੀ।
ਆਮ ਪੰਜਾਬੀ ਵਾਂਗ ਸਾਡੇ ਮਨ ਵਿਚ ਵੀ ਸਵਾਲ ਉਠਦਾ ਹੈ ਕਿ ਮੇਰੀ ਕੁਰਬਾਨੀ ਕੀ ਕਿਸੇ ਦੇ ਨਿੱਜੀ ਲਾਲਚ ਨੂੰ ਪੂਰਿਆਂ ਕਰਨ ਵਾਸਤੇ ਵਰਤੀ ਜਾ ਰਹੀ ਹੈ?
ਕੀ ਉਸ ਦਾ ਮਕਸਦ ਸ਼ੁਰੂ ਤੋਂ ਹੀ ਇਹੀ ਸੀ? ਪੰਜਾਬ ਦੀ ਚਾਹਤ ਹੈ ਬਦਲਾਅ ਲਿਆਉਣ ਦੀ, ਪਰ ਕੀ ਕੁੱਝ ਲੋਕ ਉਸ ਰਾਹ ਨੂੰ ਅਪਣੀ ਸ਼ੋਹਰਤ ਲਈ ਸਿਆਸੀ ਪੌੜੀ ਬਣਾਉਣਾ ਚਾਹੁੰਦੇ ਹਨ?
ਅੱਜ ਤਾਂ ਇਹ ਹਾਲ ਹੋ ਗਿਆ ਹੈ ਕਿ ਲੋਕ ਅੱਜ ਆਖਦੇ ਹਨ ਕਿ ਪੰਜਾਬ ਬਦਲ ਗਿਆ ਹੈ,  ਜਦ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਜਾਂ ਭਾਈਵਾਲੀ ਬਦਲ ਲਈ ਜਾਂਦੀ ਹੈ। ਜੋ ਲੋਕ ਅਪਣੇ ਨਾਲ ਜੁੜੇ ਸਮਰਥਕਾਂ ਦੀ ਕੁਰਬਾਨੀ ਭੁਲਾ ਦੇਂਦੇ ਹਨ, ਉਹ ਕਿਸ ਤਰ੍ਹਾਂ ਦੀ ਸਿਆਸਤ ਕਰਨਗੇ?

ਬਦਲਾਅ ਤਾਂ ਪੰਜਾਬ ਪਿਛਲੀ ਵਾਰ ਵੀ ਮੰਗਦਾ ਸੀ। ਪੰਜਾਬ ਨੂੰ ਕੁੱਝ ਮੁਢਲੇ ਮੁੱਦਿਆਂ ’ਤੇ ਹੀ ਨਿਰਾਸ਼ਾ ਮਿਲੀ। ਹੁਣ ਕਿਸ ਤਰ੍ਹਾਂ ਤੈਅ ਕੀਤਾ ਜਾਵੇ ਕਿ ਬਦਲਾਅ ਚੰਗੇ ਵਾਸਤੇ ਹੋਵੇ ਨਾ ਕਿ ਹੋਰ ਮਾੜੇ ਹਾਲਾਤ ਬਣ ਜਾਣ? ਭਾਜਪਾ ਅਪਣੀ ਭਾਈਵਾਲੀ ਬਦਲ ਕੇ ਆਈ ਹੈ। ਕਾਂਗਰਸ ਅਪਣੇ ਮੁੱਖ ਮੰਤਰੀ ਨੂੰ ਬਦਲ ਕੇ ਆਈ ਹੈ। ਇਕ ਗੱਲ ਇਹ ਵੀ ਹੈ ਕਿ ਸੱਭ ਪਾਰਟੀਆਂ ਵਿਚ ਆਗੂ, ਬਦਲ ਬਦਲ ਕੇ, ਉਹੀ ਹਨ ਜੋ ਪਹਿਲਾਂ ਵੀ ਸਨ। ਕਿਸਾਨ ਆਗੂ ਹੋਣ, ‘ਆਪ’ ਦੇ ਭਗਵੰਤ ਮਾਨ ਹੋਣ, ਚਰਨਜੀਤ ਸਿੰਘ ਚੰਨੀ ਹੋਣ ਜਾਂ ਭਾਜਪਾ ਦੇ ਹੋਣ, ਸਿਰਫ਼ ਧੜੇ ਹੀ ਬਦਲੇ ਹਨ। ਕੀ ਇਸ ਬਾਹਰੀ ਤਬਦੀਲੀ ਨਾਲ ਕੋਈ ਨਵੀਂ ਸੋਚ ਵੀ ਆਈ ਹੈ ਜਾਂ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਵਲ ਵੇਖ ਕੇ ਹੀ ਫ਼ੈਸਲਾ ਕਰਨਾ ਪਵੇਗਾ? ਤੇ ਮਸਲਾ ਇਹ ਵੀ ਹੈ ਕਿ ਪੰਜਾਬ ਚ ਬਦਲਾਅ ਦੀ ਝਾਕ ਰੱਖ ਕੇ ਬੈਠੇ ਪੰਜਾਬੀ ਵੋਟਰ ਆਪਕਿਆਂ ਤੇ ਕਿਸਾਨ ਮੋਰਚੇ ਵਿਚੋਂ ਕੀਹਦੇ ਨਾਲ ਖੜ੍ਹਦੇ ਹਨ।
ਬੜੇ ਔਖੇ ਸਵਾਲ ਹਨ, ਅੱਜ ਪੰਜਾਬ ਦੇ ਵੋਟਰ ਸਾਹਮਣੇ।
 ਇਹ ਤਾਂ ਹੁਣ ਸਮਾਂ ਹੀ ਦਸੇਗਾ ਕਿ ਇਸ ਪ੍ਰੀਖਿਆ ਵਿਚ ਵੋਟਰ ਕੁਝ ਖਟਦਾ ਹੈ ਜਾਂ
ਐਤਕੀਂ ਫੇਰ ਉਹਦੇ ਨਾਲ ਮਾੜੇ ਆਸ਼ਕ ਵਾਲੀ ਹੁੰਦੀ ਹੈ.. ਕਿ ਅਸੀਂ ਦਰਦਾਂ ਦੇ ਦਰਿਆ ਇਕ ਦੁਖ ਹੋਰ ਸਹੀ…

Comment here