ਰੂਪਨਗਰ-ਸਾਬਕਾ ਆਪ ਤੇ ਮੌਜੂਦਾ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਗੰਭੀਰ ਦੋਸ਼ ਲਾਏ ਹਨ, ਕਿਹਾ ਕਿ ਉਹ ਪੁਲਿਸ ਅੱਗੇ ਪੇਸ਼ ਹੋਣ ਲਈ ਤਿਆਰ ਹਨ ਪਰ ਪੁਲਿਸ ਪੇਸ਼ੀ ਦਾ ਦਿਨ ਬਦਲ ਰਹੀ ਹੈ। ਉਨ੍ਹਾਂ ਨੂੰ ਰੂਪਨਗਰ ਪੁਲਿਸ ਨੇ ਉਨ੍ਹਾਂ ਦੇ ਘਰ 20 ਅਪਰੈਲ ਨੂੰ ਸੰਮਨ ਤਾਮੀਲ ਕਰਵਾ ਕੇ 26 ਅਪਰੈਲ ਨੂੰ ਥਾਣਾ ਸਦਰ ਰੂਪਨਗਰ ਬੁਲਾਇਆ ਸੀ ਤੇ ਉਹ ਬੀਤੀ ਰਾਤ 25 ਅਪਰੈਲ ਨੂੰ ਚੰਡੀਗੜ੍ਹ ਪੁੱਜ ਚੁੱਕੇ ਹਨ ਤਾਂ ਕਿ ਤੈਅ ਸਮੇਂ ਅਨੁਸਾਰ ਰੂਪਨਗਰ ਥਾਣੇ ਪਹੁੰਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਡੀਐੱਸਪੀ ਰੂਪਨਗਰ ਜਰਨੈਲ ਸਿੰਘ ਨੇ ਫੋਨ ਕਰਕੇ ਕਿਹਾ ਹੈ ਕਿ ਉਹ ਅੱਜ 26 ਅਪਰੈਲ ਦੀ ਬਜਾਇ 27 ਅਪਰੈਲ ਨੂੰ ਪੁਲਿਸ ਕੋਲ ਪੇਸ਼ ਹੋਣ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਦਿੱਲੀ ਵਿੱਚ ਬੈਠੇ ਮੁੱਖ ਮੰਤਰੀ ਪੁਲਿਸ ਨੂੰ ਨਿਰਦੇਸ਼ ਦੇਣਗੇ ਤਾਂ ਇਹੀ ਕੁੱਝ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਚਹੇਤੇ ਰਾਜ ਸਭਾ ਮੈਂਬਰ ਦਾ ਕੰਟਰੋਲ ਹੋ ਚੁੱਕਿਆ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਦੱਸ ਦਿੱਤਾ ਹੈ ਕਿ ਉਹ ਅੱਜ 26 ਅਪਰੈਲ ਦੀ ਬਜਾਇ 27 ਅਪਰੈਲ ਨੂੰ ਵੀ ਪੇਸ਼ ਹੋਣ ਲਈ ਬਿਲਕੁਲ ਤਿਆਰ ਹਨ।
ਕੁਮਾਰ ਨੇ ਕੀਤਾ ਹਾਈਕੋਰਟ ਦਾ ਰੁਖ਼
ਪੰਜਾਬ ਪੁਲਿਸ ਵੱਲੋਂ ਨੋਟਿਸ ਜਾਰੀ ਕਰਨ ਮਗਰੋਂ ਕਵੀ ਕੁਮਾਰ ਵਿਸ਼ਵਾਸ ਨੇ ਹਾਈਕੋਰਟ ਦਾ ਰੁਖ ਦਾ ਰੁਖ ਕੀਤਾ ਹੈ। ਉਨ੍ਹਾਂ ਨੇ ਐਫਆਈਆਰ ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਉੱਪਰ ਕੱਲ੍ਹ ਸੁਣਵਾਈ ਹੋ ਸਕਦੀ ਹੈ।
ਯਾਦ ਰਹੇ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਖਿਲਾਫ ਰੋਪੜ ‘ਚ ਕੇਸ ਦਾਇਰ ਕੀਤਾ ਗਿਆ ਹੈ। ਇਨ੍ਹਾਂ ਉੱਪਰ ਇਲਜ਼ਾਮ ਹੈ ਕਿ ਪੰਜਾਬ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਬੰਧ ਖਾਲਿਸਤਾਨ ਪੱਖੀਆਂ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਕੇਸ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤਾ ਗਿਆ ਹੈ।
Comment here