ਬਰਨਾਲਾ – ਜ਼ਿਲੇ ਦੇ ਹਲਕਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਸਿੰਘ ਆਤਮਹੱਤਿਆ ਮਾਮਲੇ ’ਚ ਬਰਨਾਲਾ ਪੁਲਿਸ ਨੇ ਕੈਨੇਡਾ ਨਿਵਾਸੀ ਉਸ ਦੀ ਪਤਨੀ ਬੇਅੰਤ ਕੌਰ ਖ਼ਿਲਾਫ਼ ਥਾਣਾ ਧਨੌਲਾ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਮੁੱਖ ਅਫ਼ਸਰ ਥਾਣੇਦਾਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਕੋਠੇ ਗੋਬਿੰਦਪੁਰਾ, ਧਨੌਲਾ ਨੇ ਪੁਲਿਸ ਨੂੰ 29 ਜੂਨ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਲੜਕੇ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਖੁੱਡੀ ਕਲਾਂ ਹਾਲ ਅਬਾਦ ਕੈਨੇਡਾ ਨਾਲ 2 ਅਗਸਤ 2019 ਨੂੰ ਹੋਇਆ ਸੀ ਤੇ ਵਿਆਹ ਸਮੇਂ ਬੇਅੰਤ ਕੌਰ ਨੂੰ ਕੈਨੇਡਾ ਭੇਜਣ ਦਾ 24/25 ਲੱਖ ਰੁਪਏ ਦਾ ਖਰਚਾ ਬਲਵਿੰਦਰ ਸਿੰਘ ਨੇ ਖ਼ੁਦ ਕੀਤਾ ਸੀ। ਵਿਆਹ ਤੋਂ ਬਾਅਦ 17 ਅਗਸਤ 2019 ਨੂੰ ਬੇਅੰਤ ਕੌਰ ਦੇ ਕੈਨੇਡਾ ਜਾਣ ਤੋਂ ਬਾਅਦ ਲਵਪ੍ਰੀਤ ਸਿੰਘ ਟੈਨਸ਼ਨ ’ਚ ਰਹਿਣ ਲੱਗਿਆ ਤੇ ਬੇਅੰਤ ਕੌਰ ਉਸ ਨਾਲ ਫੋਨ ’ਤੇ ਗੱਲ ਕਰਨੋ ਵੀ ਹੱਟ ਗਈ। ਜਿਸ ਕਰਕੇ 3/4 ਮਹੀਨੇ ਤੋਂ ਟੈਨਸ਼ਨ ’ਚ ਰਹਿਣ ਲੱਗਿਆ। ਬੀਤੀ 23/24 ਜੂਨ ਦੀ ਦਰਮਿਆਨੀ ਰਾਤ ਨੂੰ ਲਵਪ੍ਰੀਤ ਸਿੰਘ ਦੀ ਖੇਤ ’ਚ ਮੌਤ ਹੋ ਗਈ ਸੀ। ਐਸਐਚਓ ਨੇ ਦੱਸਿਆ ਕਿ ਦਰਖ਼ਾਸਤ ਦੀ ਪੜਤਾਲ ਕਰਨ ਤੇ ਡੀਏ ਲੀਗਲ ਪਾਸੋਂ ਕਾਨੂੰਨੀ ਰਾਏ ਹਾਸਲ ਕਰਨ ਉਪਰੰਤ ਸਾਹਮਣੇ ਆਇਆ ਕਿ ਬੇਅੰਤ ਕੌਰ ਨੇ ਬਾਹਰ ਜਾਣ ਦੇ ਇਰਾਦੇ ਨਾਲ ਲਵਪ੍ਰੀਤ ਦੇ ਪਰਿਵਾਰ ਨਾਲ ਠੱਗੀ ਮਾਰੀ ਹੈ ਤੇ ਕੈਨੇਡਾ ਪਹੁੰਚਣ ਉਪਰੰਤ ਉਸ ਨੇ ਲਵਪੀਤ ਨੂੰ ਨਾ ਤਾਂ ੳਥੇ ਬੁਲਾਇਆ ਤੇ ਨਾ ਹੀ ਉਸ ਨਾਲ ਗੱਲਬਾਤ ਜਾਰੀ ਰੱਖੀ। ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਬੇਅੰਤ ਕੌਰ ਖ਼ਿਲਾਫ਼ ਮੁਕੱਦਮਾ ਨੰਬਰ 97, ਮਿਤੀ 27 ਜੁਲਾਈ 2021 ਅਧੀਨ ਧਾਰਾ 420 ਹਿੰ. ਦੰ. ਥਾਣਾ ਧਨੌਲਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ਤੇ ਵੀ ਵਾਹਵਾ ਚਰਚਾ ਚ ਹੈ, ਤੇ ਬੇਅੰਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਜ਼ੋਰਸ਼ੋਰ ਨਾਲ ਮੰਗ ਵੀ ਹੋ ਰਹੀ ਹੈ।
Comment here